ਗਊਸ਼ਾਲਾ ’ਚ ਆਵਾਰਾ ਕੁੱਤਿਆਂ ਨੇ ਨੋਚ ਖਾਦੀਆਂ ਗਊਆਂ
ਗਊਸ਼ਾਲਾ ’ਚ ਅਵਾਰਾ ਕੁੱਤਿਆਂ ਨੇ ਨੋਚ ਨੋਚ ਖਾਦੀਆਂ ਗਊਆਂ
Publish Date: Thu, 09 Apr 2026 03:49 PM (IST)
Updated Date: Fri, 10 Apr 2026 04:00 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਮਨਾਲ ਵਿਖੇ ਸਥਿਤ ਸਰਕਾਰੀ ਗਊਸ਼ਾਲਾ ’ਚ ਮਾੜੇ ਪ੍ਰਬੰਧਾਂ ਦੀ ਪੋਲ ਖੁੱਲ੍ਹੀ। ਗਊਸ਼ਾਲਾ ’ਚ ਗਊਵੰਸ਼ਾਂ ਨੂੰ ਆਵਾਰਾ ਕੁੱਤਿਆ ਵੱਲੋਂ ਨੋਚ ਖਾਧੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਆਵਾਰਾ ਕੁੱਤਿਆਂ ਵੱਲੋਂ ਛੋਟੇ ਵਛੇਰਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਗਿਆ ਹੈ। ਗਊਸ਼ਾਲਾ ’ਚ ਰੋਜ਼ਾਨਾ 2 ਤੋਂ 3 ਗਊਵੰਸ਼ਾਂ ਦੀ ਮੌਤ ਹੋ ਰਹੀ ਹੈ। ਇਸ ਸਬੰਧੀ ਕੁਝ ਵੀਡੀਓਜ਼ ਵੀ ਵਾਇਰਲ ਹੋਈਆਂ ਹਨ। ਜਿਸ ’ਚ ਬਾਊਂਡਰੀ ਟੱਪ ਕੇ ਆਏ ਕੁੱਤੇ ਗਊਵੰਸ਼ਾਂ ਨੂੰ ਜਿਉਂਦੇ ਜੀਅ ਨੋਚਦੇ ਦਿਖਾਈ ਦੇ ਰਹੇ ਹਨ। ਜਦਕਿ ਉਨ੍ਹਾਂ ਨੂੰ ਇਨ੍ਹਾਂ ਕੁੱਤਿਆਂ ਤੋਂ ਬਚਾਉਣ ਵਾਲਾ ਕੋਈ ਨਹੀਂ ਦਿਖਾਈ ਦੇ ਰਿਹਾ। ਗਊਸ਼ਾਲਾ ਦੇ ਹੀ ਇਕ ਬਰਾਂਡੇ ’ਚ 6-7 ਗਊਵੰਸ਼ਾਂ ਦੇ ਪਿੰਜਰ ਪਏ ਦਿਖਾਈ ਦਿੱਤੇ ਹਨ। ਜਿਸਤੋਂ ਪ੍ਰਸ਼ਾਸਨ ਦੇ ਨਾਕਾਮ ਪ੍ਰਬੰਧਾਂ ਦੀ ਪੋਲ ਖੁੱਲ੍ਹ ਰਹੀ ਹੈ। ਜਿਕਰਯੋਗ ਹੈ ਕਿ ਮਨਾਲ ਦੇ ਖੇਤਾਂ ’ਚ ਸਾਢੇ 13 ਏਕੜ ’ਚ ਬਣੀ ਇਸ ਗਊਸ਼ਾਲਾ ’ਚ ਮੌਜੂਦਾ ਸਮੇਂ 500 ਤੋਂ ਵੱਧ ਗਊਵੰਸ਼ ਮੌਜੂਦ ਹਨ। ਜਿਨ੍ਹਾਂ ਦੀ ਸੰਭਾਲ ਲਈ ਕੇਵਲ ਇਕ ਮੈਨੇਜਰ ਤੇ 3 ਮਜ਼ਦੂਰ ਰੱਖੇ ਹੋਏ ਹਨ। ਇਨ੍ਹਾਂ ’ਚੋਂ ਰਾਤ ਸਮੇਂ ਸਿਰਫ਼ 2 ਵਿਅਕਤੀ ਹੀ ਮੌਜੂਦ ਰਹਿੰਦੇ ਹਨ। ਜਦਕਿ 2 ਮਜ਼ਦੂਰ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਤਨਖ਼ਾਹਾਂ ਨਾ ਦਿੱਤੇ ਜਾਣ ਤੋਂ ਪਰੇਸ਼ਾਨ ਹੋ ਕੇ ਕੰਮ ਛੱਡ ਗਏ। ਗਊਸ਼ਾਲਾ ਦੀ ਬਾਊਂਡਰੀ ਵੀ ਤਾਰਾਂ ਨਾਲ ਮਾਰੀ ਹੋਣ ਕਰਕੇ ਆਵਾਰਾ ਕੁੱਤੇ ਅਕਸਰ ਤਾਰਾਂ ਟੱਪ ਕੇ ਗਊਸ਼ਾਲਾ ’ਚ ਆ ਜਾਂਦੇ ਹਨ ਤੇ ਗਊਵੰਸ਼ਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਕਈ ਦਫ਼ਾ ਗਊ ਭਗਤਾਂ ਵੱਲੋਂ ਇਸ ਬਾਰੇ ਪ੍ਰਸ਼ਾਸਨ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਇਸਦਾ ਹੱਲ ਨਹੀਂ ਕੀਤਾ ਗਿਆ। ਜਿਸਦਾ ਖ਼ਮਿਆਜ਼ਾ ਗਊਸ਼ਾਲਾ ਵਿਚ ਮੌਜੂਦ ਗਊਆਂ ਤੇ ਵੱਛੜੇ ਭੁਗਤ ਰਹੇ ਹਨ। ਗਊਸ਼ਾਲਾ ’ਚ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੌਜਵਾਨ ਯਿਸ਼ੂ ਨੇ ਕਿਹਾ ਕਿ ਗਊਵੰਸ਼ਾਂ ਦੀ ਹੋ ਰਹੀ ਦੁਰਦਸ਼ਾਂ ਬਹੁਤ ਦੁੱਖਦਾਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦੇ ਹੱਲ ਲਈ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਤੁਰੰਤ ਫੜ ਕੇ ਕਿਸੇ ਸ਼ੈਲਟਰ ’ਚ ਛੱਡਿਆ ਜਾਵੇ ਤਾਂ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਹੋਵੇ। ਇਸ ਸਬੰਧੀ ਜਦੋਂ ਮਹਿਲ ਕਲਾਂ ਦੀ ਐੱਸਡੀਐੱਮ ਕਿ੍ਤਕਾ ਗੋਇਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਪਹਿਲਾਂ ਧਿਆਨ ’ਚ ਨਹੀਂ ਸੀ। ਉਹ ਤੁਰੰਤ ਇਸਦੇ ਹੱਲ ਲਈ ਗਊਸ਼ਾਲਾ ਦੇ ਸਟਾਫ਼ ਤੇ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਨਗੇ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ’ਚ ਲੋੜੀਂਦੇ ਹੋਰ ਮਜ਼ਦੂਰਾਂ ਤੇ ਚੌਕੀਦਾਰ ਦਾ ਵੀ ਪ੍ਰਬੰਧ ਕੀਤਾ ਜਾਵੇਗਾ।