ਖੇਤਾਂ ’ਚੋਂ ਸਟਾਰਟਰ ਤੇ ਕੇਬਲ ਤਾਰ ਚੋਰੀ
ਖੇਤਾਂ ’ਚੋਂ ਸਟਾਰਟਰ ਅਤੇ ਕੇਬਲ ਤਾਰ ਚੋਰੀ
Publish Date: Wed, 04 Feb 2026 06:30 PM (IST)
Updated Date: Wed, 04 Feb 2026 06:32 PM (IST)
- ਯੂਨੀਅਨ ਸਿੱਧੂਪੁਰ ਨੇ ਦਿੱਤੀ ਧਰਨੇ ਦੀ ਚਿਤਾਵਨੀ
ਲਹਿਰਾਗਾਗਾ : ਸਥਾਨਕ ਕਿਸਾਨਾਂ ਦੇ ਖੇਤਾਂ ਵਿੱਚੋਂ ਲਗਾਤਾਰ ਕੇਬਲ ਤਾਰਾਂ ਤੇ ਸਟਾਰਟਰ ਚੋਰੀ ਹੋ ਰਹੇ ਹਨ। ਜਿਸ ਕਾਰਨ ਨੇੜਲੇ ਪਿੰਡ ਜਲੂਰ ਤੋਂ ਤਕਰੀਬਨ 15 ਕਿਸਾਨਾਂ ਦੀਆਂ ਤਾਰਾਂ ਤੋਂ ਇਲਾਵਾ ਮੋਟਰਾਂ ਤੇ ਸਟਾਰਟਰ ਚੋਰੀ ਹੋ ਚੁੱਕੇ ਹਨ। ਜ਼ਿਕਰਯੋਗ ਹੈ, ਕਿ ਇਸ ਸਬੰਧੀ ਪਹਿਲਾਂ ਵੀ ਥਾਣਾ ਮੂਨਕ ਮੂਹਰੇ ਕਿਸਾਨਾਂ ਨੇ ਧਰਨਾ ਲਾਇਆ ਸੀ। ਉਸ ਉਪਰੰਤ ਪੁਲਿਸ ਨੇ ਇੱਕ ਚੋਰ ਨੂੰ ਕਾਫੀ ਮਾਤਰਾ ਵਿੱਚ ਤਾਰਾਂ ਸਮੇਤ ਕਾਬੂ ਕਰਦਿਆਂ ਪਰਚਾ ਦਰਜ ਕੀਤਾ ਸੀ। ਜਾਣਕਾਰੀ ਅਨੁਸਾਰ ਪੀੜਿਤ ਹਰਜਿੰਦਰ ਸਿੰਘ ਜਲੂਰ ਅਤੇ ਭੋਲਾ ਸਿੰਘ ਨੇ ਦੱਸਿਆ, ਕਿ ਸਾਡੇ ਪਿੰਡ ਜਲੂਰ ਦੇ ਖੇਤਾਂ ਵਿੱਚੋਂ ਸੱਤ-ਅੱਠ ਮੋਟਰਾਂ ਦੀ ਹੁਣ ਅਤੇ ਛੇ-ਸੱਤ ਮੋਟਰਾਂ ਦੇ ਕਈ ਦਿਨ ਪਹਿਲਾ ਜਿੱਥੇ ਚੋਰ ਕੇਬਲ ਤਾਰਾਂ ਚੋਰੀ ਕਰਕੇ ਲੈ ਗਏ ਉੱਥੇ ਹੀ ਬੋਪਾਰਾਏ ਦੇ ਸੁੱਕੇ ਸਟਾਰਟਰ ਵੀ ਪੱਟ ਕੇ ਲੈ ਗਏ। ਜਿਸ ਕਾਰਨ ਪ੍ਰਤੀ ਕਿਸਾਨ ਦਾ 15 ਤੋਂ 20 ਹਜਾਰ ਰੁਪਏ ਨੁਕਸਾਨ ਹੋਇਆ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਜਨਰਲ ਸਕੱਤਰ ਰਾਮਫਲ ਸਿੰਘ ਜਲੂਰ ਨੇ ਦੱਸਿਆ, ਕਿ ਕਿਸਾਨਾਂ ਦਾ ਨੁਕਸਾਨ ਵੱਡੇ ਪੱਧਰ ਤੇ ਹੋ ਰਿਹਾ ਹੈ। ਚੋਰ ਬੜੇ ਆਰਾਮ ਨਾਲ ਚੋਰੀ ਕਰਕੇ ਲੈ ਜਾਂਦੇ ਹਨ, ਪਰ ਪੁਲਿਸ ਅਤੇ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ। ਕਿਸਾਨ ਖੇਤਾਂ ਵਿੱਚ ਜਦੋਂ ਕਣਕ ਨੂੰ ਪਾਣੀ ਲਾਉਣ ਜਾਂਦੇ ਹਨ ਤਾਂ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਸਟਾਰਟਰ ਅਤੇ ਤਾਰਾਂ ਚੋਰੀ ਹੋ ਚੁੱਕੇ ਹਨ। ਜਿਸ ਕਾਰਨ ਕਿਸਾਨ ਜਿੱਥੇ ਹਜ਼ਾਰਾਂ ਦੇ ਨੁਕਸਾਨ ਥੱਲੇ ਆ ਜਾਂਦਾ ਹੈ ਉੱਥੇ ਹੀ ਕਣਕ ਨੂੰ ਪਾਣੀ ਲਾਉਣ ਤੋਂ ਵੀ ਵਾਂਝਾ ਰਹਿ ਜਾਂਦਾ ਹੈ। ਜਿਸ ਕਾਰਨ ਕਿਸਾਨ ਦੀ ਫਸਲ ਦਾ ਝਾੜ ਘਟਣ ਕਾਰਨ ਸਿਰ ਚੜਿਆ ਕਰਜ਼ਾ ਹੋਰ ਵਧ ਜਾਂਦਾ ਹੈ। ਇਸ ਲਈ ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ, ਕਿ ਪੁਲਿਸ ਜਲਦੀ ਹੀ ਇਹਨਾਂ ਖਿਲਾਫ ਕਾਰਵਾਈ ਕਰੇ ਨਹੀਂ ਤਾਂ ਕਿਸਾਨ ਯੂਨੀਅਨ ਸਿੱਧੂਪੁਰ ਸੰਘਰਸ਼ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ।