ਬਰਸਾਤ ਕਾਰਨ ਮੁੱਖ ਮਾਰਗ ’ਤੇ ਜਮ੍ਹਾਂ ਪਾਣੀ ਰਾਹਗੀਰਾਂ ਲਈ ਬਣਿਆ ਸਿਰਦਰਦੀ
ਬਰਸਾਤ ਕਾਰਨ ਮੁੱਖ ਮਾਰਗ ਤੇ ਖੜਾ ਪਾਣੀ ਰਾਹਗੀਰਾਂ ਲਈ ਬਣਿਆ ਸਿਰਦਰਦੀ
Publish Date: Mon, 16 Mar 2026 05:48 PM (IST)
Updated Date: Tue, 17 Mar 2026 04:07 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਬਰਸਾਤ ਕਾਰਨ ਮੁੱਖ ਮਾਰਗ ’ਤੇ ਜਮ੍ਹਾਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰਾਹਗੀਰਾਂ ਲਈ ਸਿਰਦਰਦੀ ਬਣ ਗਿਆ ਹੈ, ਜਿਸ ਕਾਰਨ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ, ਜਦ ਇਸ ਸਬੰਧੀ ਨਜ਼ਦੀਕੀ ਦੁਕਾਨਦਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਲਿਪ ਰੋਡ ’ਤੇ ਸੜਕ ਦਾ ਪੱਧਰ ਇੱਕੋ ਜਿਹਾ ਨਾ ਹੋਣ ਕਰ ਕੇ ਬਰਸਾਤ ਜਾਂ ਸਫਾਈ ਨਾ ਹੋਣ ਦੀ ਸਥਿਤੀ ਵਿਚ ਪਾਣੀ ਖੜ੍ਹਾ ਰਹਿੰਦਾ ਹੈ। ਇਸ ਨਾਲ ਪੈਦਲ ਚੱਲਣ ਵਾਲਿਆਂ ਤੇ ਵਾਹਨ ਚਲਾਉਣ ਵਾਲਿਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਲੋਕ ਖੁੱਲ੍ਹੇ ਨਾਲਿਆਂ ਵਿਚ ਡਿੱਗਣ ਤੋਂ ਬਚਦੇ–ਬਚਦੇ ਰਹਿੰਦੇ ਹਨ। ਇਸ ਹਾਈਵੇ ਉਪਰੋਂ ਦਿਨ-ਰਾਤ ਸੈਂਕੜੇ ਹੀ ਬੱਸਾਂ ਦਾ ਆਉਣ-ਜਾਣ ਤੋਂ ਇਲਾਵਾ ਸੈਕੜੇ ਹੀ ਹੈਵੀ ਵ੍ਹੀਕਲਾਂ ਤੋਂ ਇਲਾਵਾ ਕਾਰਾਂ, ਜੀਪਾਂ ਤੇ ਹੋਰ ਵ੍ਹੀਕਲਾਂ ਦਾ ਤਾਂਤਾ ਲੱਗਿਆਂ ਰਹਿੰਦਾ ਹੈ ਪਰ ਪ੍ਰਸ਼ਾਸਨ ਦਾ ਬਿਲਕੁਲ ਵੀ ਧਿਆਨ ਨਹੀਂ ਹੈ। ਇਲਾਕੇ ਦੇ ਲੋਕਾਂ ਮੁਤਾਬਕ ਇਥੋਂ ਹਰ ਰੋਜ਼ ਵੱਡੇ–ਵੱਡੇ ਲੀਡਰ, ਪ੍ਰਸ਼ਾਸਨਿਕ ਅਧਿਕਾਰੀ ਤੇ ਹੋਰ ਜ਼ਿੰਮੇਵਾਰ ਸ਼ਖ਼ਸੀਅਤਾਂ ਲੰਘਦੀਆਂ ਹਨ, ਪਰ ਇਸ ਗੰਭੀਰ ਸਮੱਸਿਆ ਵੱਲ ਅਜੇ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਿਕਾਸੀ ਨਾਲਿਆਂ ’ਤੇ ਤੁਰੰਤ ਢੱਕਣ ਲਗਾਏ ਜਾਣ, ਕੂੜੇ ਦੀ ਸਫਾਈ ਕਰਵਾਈ ਜਾਵੇ ਤੇ ਸੜਕਾਂ ਦਾ ਪੱਧਰ ਠੀਕ ਕੀਤਾ ਜਾਵੇ ਤਾਂ ਜੋ ਪਾਣੀ ਖੜ੍ਹਾ ਨਾ ਰਹੇ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੂਰ ਹੋ ਸਕਣ।