ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਨੋ ਵਰਕ ਡੇ ਹੜਤਾਲ ਦਾ ਐਲਾਨ
ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵੱਲੋਂ “ਨੋ ਵਰਕ ਡੇ” ਹੜਤਾਲ ਦਾ ਐਲਾਨ
Publish Date: Mon, 23 Feb 2026 05:00 PM (IST)
Updated Date: Tue, 24 Feb 2026 04:04 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵੱਲੋਂ ਪੰਜਾਬ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਦੇ ਸਾਂਝੇ ਐਕਸ਼ਨ ਕਮੇਟੀ ਦੇ ਸੱਦੇ ’ਤੇ ਲੀਗਲ ਏਡ ਡਿਫੈਂਸ ਕੌਂਸਲ ਪ੍ਰਣਾਲੀ, ਟਾਰਗਟ ਕੀਤੇ ਕੇਸਾਂ ਲਈ ਐਕਸ਼ਨ ਪਲਾਨ ਤੇ ਗ੍ਰਾਮੀਣ ਨਿਆਂਲਿਆਂ ਦੀ ਸਥਾਪਨਾ ਦੇ ਵਿਰੋਧ ’ਚ ‘ਨੋ ਵਰਕ ਡੇ’ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵੱਲੋਂ ਜਾਰੀ ਨੋਟਿਸ ਅਨੁਸਾਰ 23 ਫਰਵਰੀ ਤੋਂ 27 ਫਰਵਰੀ ਤਕ ਪੂਰੀ ਤਰ੍ਹਾਂ ਹੜਤਾਲ ਕੀਤੀ ਜਾਵੇਗੀ। ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਪੰਜਾਬ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਦੀ ਸਾਂਝੀ ਕਾਰਵਾਈ ਕਮੇਟੀ ਦੇ ਪ੍ਰਸਤਾਵ ਅਨੁਸਾਰ ਲਿਆ ਗਿਆ ਹੈ ਤੇ ਇਸਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਅਦਾਲਤ ਕੰਪਲੈਕਸ ਬਰਨਾਲਾ ਵਿਖੇ ਵਕੀਲਾਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ। ਵਕੀਲਾਂ ਨੇ ਬੈਨਰ ਤੇ ਪਲੇਕਾਰਡ ਫੜ ਕੇ ਐੱਲਏਡੀਸੀ ਸਿਸਟਮ ਤੇ ਐਕਸ਼ਨ ਪਲਾਨ ਸਿਸਟਮ ਦੇ ਵਿਰੋਧ ’ਚ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਇਹ ਪ੍ਰਣਾਲੀਆਂ ਵਕਾਲਤ ਪੇਸ਼ੇ ਦੀ ਸੁਤੰਤਰਤਾ ਤੇ ਏਕਤਾ ਲਈ ਹਾਨੀਕਾਰਕ ਹਨ। ਬਾਰ ਐਸੋਸੀਏਸ਼ਨ ਨੇ ਸਾਰੇ ਮੈਂਬਰਾਂ ਨੂੰ ਸਾਂਝੇ ਮਕਸਦ ਲਈ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਨਾਲ ਹੀ ਮਾਨਯੋਗ ਨਿਆਇਕ ਅਧਿਕਾਰੀਆਂ, ਰਿਵੈਨਿਊ ਅਦਾਲਤਾਂ ਦੇ ਅਧਿਕਾਰੀਆਂ, ਸਥਾਈ ਲੋਕ ਅਦਾਲਤ ਤੇ ਖਪਤਕਾਰ ਅਦਾਲਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਹੜਤਾਲ ਦੇ ਦੌਰਾਨ ਕੇਸਾਂ ਦੀ ਅਗਲੀ ਤਾਰੀਖ ਦਿੱਤੀ ਜਾਵੇ ਤੇ ਕੋਈ ਵੀ ਪ੍ਰਤੀਕੂਲ ਹੁਕਮ ਜਾਰੀ ਨਾ ਕੀਤਾ ਜਾਵੇ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਪੰਕਜ ਬਾਸ਼ਲ ਪ੍ਰਧਾਨ, ਤਲਵਿੰਦਰ ਮਸੌਣ ਵਾਈਸ ਪ੍ਰਧਾਨ, ਮੁਨੀਸ਼ ਗਰਗ, ਜਗਦੀਪ ਸੰਧੂ, ਅਸੋਕ ਪਲਟਾ, ਪੁਲਕਿਤ ਗਰਗ, ਹਰਪ੍ਰੀਤਪਾਲ ਸਿੰਘ, ਸਰਬਜੀਤ ਕੌਰ, ਦੀਵਿਆਂ ਗੁਲਾਟੀ, ਧਰਮਪਾਲ ਸਿੰਘ ਨੇ ਕਿਹਾ ਕਿ ਇਹ ਸੰਘਰਸ਼ ਵਕਾਲਤ ਪੇਸ਼ੇ ਦੀ ਏਕਤਾ ਅਤੇ ਨਿਆਂ ਪ੍ਰਣਾਲੀ ਦੀ ਸੁਤੰਤਰਤਾ ਨੂੰ ਬਰਕਰਾਰ ਰੱਖਣ ਲਈ ਕੀਤਾ ਜਾ ਰਿਹਾ ਹੈ ਅਤੇ ਇਸ ’ਚ ਸਾਰੇ ਵਕੀਲਾਂ ਦਾ ਸਹਿਯੋਗ ਜ਼ਰੂਰੀ ਹੈ।