ਬੱਸ ਨੇ 2 ਬਾਈਕ ਸਵਾਰਾਂ ਨੂੰ ਦਰੜਿਆ, ਇਕ ਦੀ ਮੌਤ
ਤੇਜ਼ ਰਫਤਾਰ ਬੱਸ ਨੇ 2 ਮੋਟਰਸਾਈਕਲ ਸਵਾਰ ਨੂੰ ਦਰੜਿਆ, ਇੱਕ ਦੀ ਮੌਤ
Publish Date: Sun, 18 Jan 2026 06:07 PM (IST)
Updated Date: Mon, 19 Jan 2026 04:12 AM (IST)

ਘਟਨਾ ਸਥਾਨ ਤੋਂ ਬੱਸ ਡਰਾਈਵਰ ਹੋਇਆ ਫ਼ਰਾਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸੜਕੀ ਹਾਸਿਆਂ ਦਾ ਕਹਿਰ ਲਗਾਤਾਰ ਜਾਰੀ ਹੈ ਅਜਿਹਾ ਸੜਕੀ ਹਾਦਸਾ ਬਰਨਾਲਾ-ਬਾਜਾਖਾਨਾ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪ੍ਰਾਈਵੇਟ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਸੜਕ ’ਤੇ ਅੱਗੇ ਜਾ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇਨੀ ਭਿਆਨਕ ਸੀ ਕਿ 2 ਮੋਟਰਸਾਈਕਲ ਸਵਾਰ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਮੋਟਰਸਾਈਕਲ ਸਵਾਰ ਇਕ ਪ੍ਰਵਾਸੀ ਮਜ਼ਦੂਰ 31 ਸਾਲ ਦੇ ਕਪਿਲ ਯਾਦਵ ਦੀ ਮੌਤ ਹੋ ਗਈ ਅਤੇ ਉਸਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਇਸ ਮਾਮਲੇ ਸਬੰਧੀ ਮ੍ਰਿਤਕ ਕਪਿਲ ਯਾਦਵ ਦੇ ਭਤੀਜੇ ਸੌਰਵ ਯਾਦਵ ਸਮੇਤ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਜ ਸਵੇਰੇ ਤੇਜ਼ ਰਫਤਾਰ ਪ੍ਰਾਈਵੇਟ ਬੱਸ ਨੇ ਮੋਟਰਸਾਈਕਲ ਨੂੰ ਪਿੱਛੋਂ ਦੀ ਟੱਕਰ ਮਾਰ ਦਿੱਤੀ , ਜਿਸ ਵਿਚ ਮੋਟਰਸਾਈਕਲ ਸਵਾਰ ਕਪਿਲ ਯਾਦਵ ਪੁੱਤਰ ਦੇਵਾ ਨਰਾਇਣ ਯਾਦਵ, ਕੋਸਕਾਪੁਰ, ਅਰਰੀਆ (ਬਿਹਾਰ) ਦੀ ਮੌਤ ਹੋ ਗਈ ਅਤੇ ਉਹਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਦੀ ਲੱਤ ਟੁੱਟ ਗਈ। ਮ੍ਰਿਤਕ ਕਪਿਲ ਯਾਦਵ ਬਿਹਾਰ ਤੋਂ ਆਪਣੇ ਛੋਟੇ ਤਿੰਨ ਬੱਚਿਆਂ ਤੇ ਮਾਪਿਆਂ ਦੇ ਪਾਲਨ ਪੋਸ਼ਨ ਲਈ ਪਿਛਲੇ ਕਈ ਸਾਲਾਂ ਤੋਂ ਪੰਜਾਬ ’ਚ ਕੰਮ ਕਰ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ, 3, 6 ਸਾਲ ਦੇ 2 ਬੇਟੇ ਅਤੇ ਅੱਠ ਸਾਲ ਦੀ ਇਕ ਧੀ ਸਮੇਤ ਰੋਂਦੇ ਕਰਾਉਂਦੇ ਮਾਪੇ ਛੱਡ ਗਿਆ। ਘਟਨਾ ਤੋਂ ਬਾਅਦ ਹੀ ਮੌਕੇ ਤੋਂ ਬੱਸ ਦਾ ਡਰਾਈਵਰ ਫ਼ਰਾਰ ਹੋ ਗਿਆ। ਇਸ ਮਾਮਲੇ ਸਬੰਧੀ ਸਾਥੀ ਦਾ ਬਰਨਾਲਾ ਦੇ ਸਰਕਾਰੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਉੱਥੇ ਬਰਨਾਲਾ ਪੁਲਿਸ ਚੌਕੀ ਇੰਚਾਰਜ ਗੁਰਸਿਮਰਨ ਸਿੰਘ ਵੱਲੋਂ ਬੱਸ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਸੋਰਵ ਯਾਦਵ ਪਰਿਵਾਰਿਕ ਮੈਂਬਰ, ਚਿੰਟੂ ਕੁਮਾਰ, ਹੈਪੀ ਸਿੰਘ, ਸੁਖਦੇਵ ਸਿੰਘ ਹਾਜ਼ਰ ਸਨ।