ਬਾਬਾ ਟਹਿਲਦਾਸ ਜੀ ਦੀ 66ਵੀਂ ਸਾਲਾਨਾ ਬਰਸੀ ਸਮਾਗਮ ’ਤੇ ਵਿਸ਼ੇਸ਼
ਬਾਬਾ ਟਹਿਲਦਾਸ ਜੀ ਦੀ 66ਵੀਂ ਸਾਲਾਨਾ ਬਰਸੀ ਸਮਾਗਮ ’ਤੇ ਵਿਸ਼ੇਸ਼
Publish Date: Sun, 18 Jan 2026 06:08 PM (IST)
Updated Date: Mon, 19 Jan 2026 04:12 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਰਗਣ, ਬਰਨਾਲਾ ਸ੍ਰੀ ਗੁਰੂ ਨਾਨਕ ਦੇਵ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਵਲੋਂ ਚਲਾਈ ਉਦਾਸੀ ਸੰਪ੍ਰਦਾਇ ਦੇ ਅਨੁਯਾਈ ਬਾਬਾ ਟਹਿਲਦਾਸ ਜੀ ਦੀ ਤਪੇ ਭੂਮੀ ਟਿੱਲਾ ਬਾਬਾ ਟਹਿਲਦਾਸ ਸੇਖਾ ਬਰਨਾਲਾ ਜਿਲ੍ਹੇ ’ਚ ਮੁਲੋਵਾਲ ਪਿੰਡ ਤੋਂ ਪੰਜ ਕੋਹ ਪੱਛਮ ਅਤੇ ਰੇਲਵੇ ਸਟੇਸ਼ਨ ਸੇਖੇ ਤੋਂ ਇੱਕ ਮੀਲ ਦੱਖਣ ਤੇ ਸੁੰਦਰ ਅਸਥਾਨ ਬਣਿਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਦੇ ਵਡੇ ਪੁੱਤਰ ਬਾਬਾ ਸ੍ਰੀ ਚੰਦ ਸਨ। ਭਾਈ ਗੁਰਦਾਸ ਗੁਰੂ ਨਾਨਕ ਦੇਵ ਨੂੰ ਉਦਾਸੀ ਦੀ ਰੀਤ ਦੇ ਮੋਢੀ ਮੰਨਦੇ ਹਨ- ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ’। ਸ੍ਰੀ ਗੁਰੂ ਨਾਨਕ ਦੇਵ ਜਦੋਂ ਆਪਣੇ ਮੱਤ ਦੇ ਪ੍ਰਚਾਰ ਲਈ ਦੇਸ਼-ਦੇਸਾਂਤਰਾਂ ’ਚ ਰਟਨ ਕਰਦੇ ਸਨ ਤਾਂ ਉਹ ਉਦਾਸੀ ਦਾ ਭੇਖ ਧਾਰ ਕੇ ਨਿਕਲਦੇ ਸਨ। ਉਨ੍ਹਾਂ ਤੋਂ ਹੀ ਪ੍ਰੇਰਨਾ ਲੈ ਕੇ ਬਾਬਾ ਸ੍ਰੀ ਚੰਦ ਨੇ ਉਦਾਸੀ ਸੰਪ੍ਰਦਾਇ ਦਾ ਮੁੱਢ ਬੰਨ੍ਹਿਆ। ਉਦਾਸੀ ਸੰਪ੍ਰਦਾਇ ਦੇ ਅਨੁਯਾਈਆਂ ਦਾ ਵਿਸ਼ਵਾਸ਼ ਹੈ ਕਿ ਉਨ੍ਹਾਂ ਦਾ ਅਸਲ ਮੋਢੀ ਓਕਾਰ ਸੀ ਜਿਸ ਤੋਂ 73ਵੀਂ ਪੀੜੀ ’ਚ ਉਦਾਸੀ ਸ੍ਰੀ ਚੰਦ ਜੀ ਹੋਏ, ਜਿਨ੍ਹਾਂ ਨੇ ਇਸ ਸੰਪ੍ਰਦਾਇ ਦਾ ਵਿਸ਼ੇਸ਼ ਰੂਪ ’ਚ ਸੰਗਠਨ ਕੀਤਾ। ਉਦਾਸੀ ਸਾਧੂ ਬਾਬਾ ਸ੍ਰੀ ਚੰਦ ਨੂੰ ਸ਼ਿਵ ਦਾ ਅਵਤਾਰ ਮੰਨਦੇ ਹਨ। ਰਵਾਇਤ ਹੈ ਕਿ ਬਾਬਾ ਸ੍ਰੀ ਚੰਦ ਦੇ ਸੱਜੇ ਕੰਨ ਵਿਚ ਮਾਸ ਦੀ ਜਮਾਂਦਰੂ ਮੁੰਦਰਾ ਸੀ ਜੋ ਉਨ੍ਹਾਂ ਨੂੰ ਸ਼ਿਵ ਨੇ ਪ੍ਰਦਾਨ ਕੀਤੀ ਸੀ। ਸ਼ਿਵ ਨੇ ਗੋਰਖ ਨੂੰ ਆਪਣੇ ਖੱਬੇ ਕੰਨ ਦੀ ਮੁਦਰਾ ਦੇ ਕੇ ਨਿਵਾਜਿਆ ਅਤੇ ਬਾਬਾ ਸ੍ਰੀ ਚੰਦ ਨੂੰ ਸੱਜੇ ਕੰਨ ਦੀ ਮੁੰਦਰਾਂ ਦੇ ਕੇ। ਇਕ ਰਵਾਇਤ ਅਨੁਸਾਰ ਬਾਬਾ ਸ੍ਰੀ ਚੰਦ ਨੇ ਗੁਰੂ ਨਾਨਕ ਦੇਵ ਤੋਂ ਦੀਖਿਆ ਪ੍ਰਾਪਤ ਕੀਤੀ ਸੀ। ਸ੍ਰੀ ਗੁਰੂ ਨਾਨਕ ਦੇਵ ਨੇ ਸ੍ਰੀ ਚੰਦ ਦੀ ਤਿਆਗ ਬ੍ਰਿਤੀ ਦੇਖ ਕੇ ਉਨ੍ਹਾਂ ਨੂੰ ਉਦਾਸੀ ਭੇਖ ਦੀਆਂ ਰਮਜਾਂ, ਰਹੁ-ਰੀਤਾਂ ਅਤੇ ਰਹਿਤ-ਮਰਯਾਦਾ ਤੋਂ ਜਾਣੂ ਕਰਵਾਇਆ। ਗੁਰੂ ਨਾਨਕ ਦੇਵ ਨੇ ਸ੍ਰੀ ਚੰਦ ਨੂੰ ਉਦਾਸੀ ਬਾਰੇ ਜੋ ਉਪਦੇਸ਼ ਦਿਤਾ ਉਹ ਚੌਵੀਂ ਮਾਤਰਾ ਦੇ ਨਾਂ ਨਾਲ ਉਦਾਸੀਆਂ ’ਚ ਪ੍ਰਚਲਤ ਹੋਇਆ। ਹਰ ਉਦਾਸੀ ਜਦੋਂ ਭੇਖ ਧਾਰਨ ਕਰਦਾ ਹੈ, ਤਾਂ ਉਸ ਨੂੰ ਇਨ੍ਹਾਂ ਦੇਵੀਂ ਮਾਤਰਾਂ ਦਾ ਗਿਆਨ ਕਰਵਾਇਆ ਜਾਂਦਾ ਹੈ। ਇਹ ਚੌਵੀ ਮਾਤਰਾਂ ਗੁਪਤ ਰੱਖੀਆਂ ਜਾਂਦੀਆਂ ਹਨ ਅਤੇ ਉਦਾਸੀ ਸੰਪ੍ਰਦਾਇ ਦੇ ਅਨੁਯਾਈਆਂ ਤੋਂ ਇਲਾਵਾ ਕਿਸੇ ਦੂਜੇ ਅੱਗੇ ਪ੍ਰਗਟ ਨਹੀਂ ਕੀਤੀਆਂ ਜਾਂਦੀਆਂ। ਗੁਰੂ ਅਬਿਨਾਸੀ ਖੇਲ ਰਚਾਇਆ ਅਗਮ ਨਿਗਮ ਕਾ ਪੱਥ ਬਣਾਇਆ। ਗੁਰ ਅਬਿਨਾਸੀ ਸੂਖਮ ਵੈਦ, ਨਿਰਬਾਣ ਵਿਦਿਆ ਅਪਾਰ ਭੇਦ ਉਦਾਸੀ ਸੰਪ੍ਰਦਾਇ ਦੇ ਸਾਧੂ ਸ੍ਰੀ ਚੰਦ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਆਦਿ ਗ੍ਰੰਥ ਨੂੰ ਗੁਰੂ-ਰੂਪ ਅਥਵਾ ਪ੍ਰਗਟ ਗੁਰਾਂ ਕਰਾਂ ਕੀ ਦੇ। ਉਦਾਸੀ ਆਪਣੇ ਧਰਮ ਅਸਥਾਨਾਂ ਅਤੇ ਅਖਾੜਿਆ ਵਿਚ ਆਦਿ ਗ੍ਰੰਥ ਦਾ ਪ੍ਰਕਾਸ਼ ਕਰਦੇ ਹਨ। ਬਾਬਾ ਸ੍ਰੀ ਚੰਦ ਨੇ ਉਦਾਸੀ ਸੰਪ੍ਰਦਾਇ ਦੀ ਗੁਰਗੱਦੀ ਬਾਬਾ ਗੁਰਦਿੱਤਾ ਜੀ ਨੂੰ ਸੌਂਪੀ, ਜੋ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਾਹਿਬਜਾਦੇ ਸਨ। ਬਾਬਾ ਜੀ ਨੇ ਅੱਗੋਂ ਚਾਰ ਗੱਦੀਆਂ ਸਥਾਪਿਤ ਕੀਤੀਆਂ। ਇਨ੍ਹਾਂ ਗੱਦੀਆਂ ਦੀ ਸਥਾਪਨਾ ਬਾਰੇ ਇਕ ਕਥਾ ਇਉਂ ਪ੍ਰਚਲਤ ਹੈ :- ਸੰਮਤ 1694 ਦੇ ਮੱਧ ’ਚ ਚਾਰ ਭਗਤ ਜਨ ਗੁਰੂ ਹਰਿਗੋਬਿੰਦ ਦਰਸ਼ਨਾਂ ਲਈ ਕੀਰਤਪੁਰ ਹਾਜ਼ਰ ਹੋਏ ਜਿਨ੍ਹਾਂ ਦੇ ਨਾ ਸਨ ਬਾਲੂ ਰਸਨਾ, ਅਲਮਸਤ, ਗੋਵਿੰਦ ਅਤੇ ਫੂਲ ਜੀ। ਇਹ ਚਾਰੇ ਬਾਬਾ ਗੁਰਦਿੱਤਾ ਜੀ ਨੂੰ ਮਿਲੇ ਅਤੇ ਉਨ੍ਹਾਂ ਤੋਂ ਸਿੱਖ ਧਰਮ ਦੇ ਸਿਧਾਂਤਾਂ ਬਾਰੇ ਅਜਿਹੀਆਂ ਤੁਕਾਂ ਪੁੱਛੀਆਂ ਜੋ ਵੇਦਾਂ ਨਾਲ ਮੇਲ ਖਾਂਦੀਆਂ ਹੋਣ। ਬਾਬਾ ਜੀ ਨੇ ਚੌਹਾਂ ਵੇਦਾਂ ’ਚੋਂ ਚਾਰ ਤੁਕਾਂ ਲੈ ਕੇ ਗੁਰਬਾਣੀ ਵਿਚੋਂ ਉਸ ਭਾਵ ਦੀਆਂ ਤੁਕਾਂ ਸੁਣਾ ਦਿਤੀਆਂ। ਇਨ੍ਹਾਂ ਚੌਹਾਂ ਜਗਿਆਸੂਆਂ ਉਤੇ ਇਸ ਨਿਰਨੇ ਦਾ ਵੱਖੋ ਵੱਖਰਾ ਅਸਰ ਹੋਇਆ, ਜੋ ਇਨਾਂ ਦੇ ਨਾਵਾਂ ਦੇ ਅਰਥਾਂ ਦੇ ਅਨੁਕੂਲ ਸੀ। ਬਾਲੂ ਜੀ ਹੱਸਣ ਲੱਗ ਪਏ, ਅਲਮਸਤ ਜੀ ਮਸਤ ਹੋ ਗਏ, ਗੋਵਿੰਦ ਜੀ ਸ਼ਾਂਤੀ ਵਿਚ ਰਹੇ ਅਤੇ ਫੂਲ ਜੀ ਗੰਭੀਰ ਹੋ ਕੇ ਚਰਨਾ ਵਲ ਵੇਖਦੇ ਰਹੇ। ਬਾਬਾ ਗੁਰਦਿੱਤਾ ਨੇ ਇਨ੍ਹਾਂ ਰੂਹਾਂ ਨੂੰ ਗੱਦੀਦਾਰ ਬਣਾ ਕੇ ਵੱਖੋ-ਵੱਖਰੇ ਇਲਾਕੇ ਸੱਪ ਦਿਤੇ। ਬਾਬਾ ਗੁਰਦਿੱਤਾ ਜੀ ਦੇ ਮਗਰੋਂ ਇਹ ਚਾਰੋਂ ਪੁਰਸ਼ ਉਦਾਸੀ ਸੰਪ੍ਰਦਾਇ ਦੇ ਪ੍ਰਮੁੱਖ ਧੂਈਦਾਰ ਉਦਾਸੀ ਮੰਨੇ ਗਏ ਤੇ ਇਨ੍ਹਾਂ ਨੇ ਚਾਰ ਧੂਣੀਆਂ ਚਲਾਈਆਂ। ਬਾਲੂ ਹਸਨਾ ਫੂਲ ਪੁਨ ਗੱਦਾ ਅਰ ਅਲਮਸਤ, ਮੁਖ ਉਦਾਸੀ ਇਹ ਭਏ ਬਹੁਰੇ ਸਾਧ ਸਮਸਤ ਤਿਨ ਤੇ ਬਿਤਯ ਪੰਥ ਉਦਾਸੀ, ਲਾਹਖੁ ਭਏ ਕਰਹਿ ਤਪ ਰਾਸੀ। ਬਾਲੂ ਹਸਨਾ ਜੀ ਦੇਹਰਾਦੂਨ ਵਲ ਪ੍ਰਚਾਰ ਕਰਨ ਲਈ ਭੇਜੇ ਗਏ। ਉਨ੍ਹਾਂ ਦੇ ਮਗਰੋਂ ਗੱਦੀ ਉਤੇ ਸ੍ਰੀ ਰਾਮ ਰਾਏ ਜੀ ਬੈਠੇ। ਇਹ ਧੂਣੀ ਡੇਰਾ ਰਾਮ ਰਾਏ ਦੇ ਨਾਂ ਨਾਲ ਦੇਹਰਾਦੂਨ ਵਿਚ ਹੁਣ ਤੱਕ ਮੌਜੂਦ ਹੈ। ਫੂਲ ਜੀ ਪ੍ਰਚਾਰ ਦੀ ਖ਼ਾਤਰ ਬਹਾਦਰਗੜ੍ਹ ਜਿਲ੍ਹਾ ਹੁਸ਼ਿਆਰਪੁਰ ਜਾ ਵਸੈ, ਉਥੇ ਉਨ੍ਹਾਂ ਦੀ ਧੂਣੀ ਹੁਣ ਤਕ ਚਲ ਰਹੀ ਹੈ। ਅਲਮਸਤ ਜੀ ਨਾਨਕਮਤੇ ਵਲ ਪ੍ਰਚਾਰ ਕਰਨ ਲਈ ਗਏ, ਜਿਥੇ ਉਨ੍ਹਾਂ ਦੀ ਧੂਣੀ ਕਾਇਮ ਹੈ। ਗੋਵਿੰਦ ਜੀ ਦੱਖਣ ਵਲ ਗਏ। ਉਨ੍ਹਾਂ ਦੀ ਧੂਣੀ ਹੈਦਰਾਬਾਦ ਦੱਖਣ ’ਚ ਹੈ। ਦੋਹਾਂ ਧੂਈਆਂ ਤੋਂ ਬਿਨਾਂ ਉਦਾਸੀਆਂ ਦੀਆਂ ਛੇ ਬਖਸ਼ਿਸ਼ਾਂ ਵੀ ਹਨ ਜੋ ਗੁਰੂ ਹਰਿ ਰਾਏ, ਗੁਰੂ ਤੇਗ਼ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਵਲੋਂ ਹੋਈਆਂ। ਇਨਾਂ ਬਖਸ਼ਿਸ਼ਾਂ ਦੇ ਨਾਉਂ ਇਸ ਪ੍ਰਕਾਰ ਹਨ :(ੳ) ਸੁਥਰੇ ਸ਼ਾਹੀਏ (ਅ) ਸੰਗਤ ਸਾਹਿਬੀਏ (ੲ) ਜੀਤਮੱਲੀਏ (ਸ) ਬਖਤ ਮੱਲੀਏ (ਹ) ਭਗਤ ਭਗਵਾਨੀਏ (ਕ) ਮੀਂਹਾਂ ਸ਼ਾਹੀਏ। ਚਾਰ ਧੂਣੀਆਂ ਅਤੇ ਛੇ ਬਖ਼ਸ਼ਿਸ਼ਾਂ ਨੂੰ ਮਿਲਾ ਕੇ ਇਨ੍ਹਾਂ ਦੱਸਾਂ ਨੂੰ ਦਸ-ਨਾਮੀ ਉਦਾਸੀ ਸਾਧੂ ਵੀ ਕਿਹਾ ਜਾਂਦਾ ਹੈ। ਸ੍ਰੀ ਚੰਦ ਦੀ 16 ਵੀਂ ਪੀੜ੍ਹੀ ਵਿਚ ਇਕ ਮਹਾਂ ਪੁਰਖ ਬਨਖੰਡੀ ( 1763-1863 ਈ:) ਹੋਏ ਹਨ ਜਿਨ੍ਹਾਂ ਨੇ 1823 ਈਸਵੀ ’ਚ ਸਿੰਧ ਵਿਚ ਸਾਧੂ ਬੇਲਾ ਤੀਰਥ ਦੀ ਸਥਾਪਨਾ ਕੀਤੀ। ਉਦੋਂ ਤੋਂ ਇਹ ਅਸਥਾਨ ਉਦਾਸੀਆਂ ਦਾ ਪ੍ਰਧਾਨ ਕੇਂਦਰ ਬਇਆ ਰਿਹਾ ਪਰ ਪਾਕਿਸਤਾਨ ਬਣਨ ਮਗਰੋਂ 1949 ਈਸਵੀ ਵਿਚ ਬਨਖੰਡੀ ਜੀ ਦੀ ਚੌਥੀ ਪੀੜ੍ਹੀ ਦੇ ਸਾਧੂ ਗਏਸ਼ਾਦਾਸ ਜੀ ਨੇ ਕਾਂਸ਼ੀ ਦੇ ਭਦੌਨੀ ਮਹੱਲੇ ’ਚ ਇਸ ਤੀਰਥ ਦੀ ਪੁਨਰ ਸਥਾਪਨਾ ਕੀਤੀ। ਗੁਰੂ ਨਾਨਕ ਦੇਵ ਦਾ ਗੁਰੂ, ਮਹੰਤ ਸੰਤ ਰੈਣ ਸੀ ਜਿਸ ਨੂੰ ਗੁਰੂ ਸਾਹਿਬ ਨੇ ਚੇਲਿਆਂ ਸਮੇਤ ਭੋਜਨ ਛਕਾ ਕੇ ਸੱਚਾ ਸੌਦਾ ਕੀਤਾ ਸੀ। ਉਦਾਸੀਆਂ ਅਨੁਸਾਰ ਇਸੇ ਮਹੰਤ ਨੇ ਗੁਰੂ ਨਾਨਕ ਦੇਵ ਨੂੰ ਉਦਾਸੀ ਭੇਖ ਧਾਰਨ ਕਰਵਾਇਆ। ਉਦਾਸੀ ਗੁਰੂ ਨਾਨਕ ਦੇਵ ਨੂੰ ਸ੍ਰੀ ਚੰਦ ਦਾ ਸਿਰਫ਼ ਪਿਤਾ ਹੀ ਮੰਨਦੇ ਹਨ, ਗੁਰੂ ਨਹੀਂ। ਉਨ੍ਹਾਂ ਅਨੁਸਾਰ ਸ੍ਰੀ ਚੰਦ ਦਾ ਗੁਰੂ ਅਬਨਾਸ਼ੀ ਮੁਨੀ ਸੀ। ਬਾਬਾ ਸ੍ਰੀ ਚੰਦ ਦਾ ਸਿਮਰਨ ਮੰਤ੍ਰ ਸੋਹੀ ਸੀ, ਉਦਾਸੀਆਂ ਨੇ ਵੀ ਇਸੇ ਸ਼ਬਦ ਨੂੰ ਅਪਣਾ ਲਿਆ। ਕਿਉਂ ਜੇ ਬਾਬਾ ਸ੍ਰੀ ਚੰਦ ਸਾਰੀ ਉਮਰ ਜਟਾ ਜੂਟ ਰਹੇ, ਇਸ ਲਈ ਉਦਾਸੀ ਸੰਪ੍ਰਦਾਇ ਸਾਧੂ ਵੀ ਜਟਾ ਜੂਟ ਰਹਿੰਦੇ ਹਨ। ਬਾਬਾ ਸ੍ਰੀ ਚੰਦ ਸੰਮਤ 1700 ਬਿਕਰਮੀ ਦੀ ਪੋਹ ਦੀ ਚਾਨਣੀ ਪੰਚਮੀ ਨੂੰ ਦੇਹ ਸਮੇਤ ਅਲੋਪ ਹੋਏ ਮੰਨੇ ਜਾਂਦੇ ਹਨ। ਸੋ ਉਦਾਸੀ ਸੰਪ੍ਰਦਾਇ ਵਾਲੇ ਇਸੇ ਪੰਚਮੀ ਨੂੰ ਉਨ੍ਹਾਂ ਦਾ ਸਰਾਧ ਕਰਦੇ ਹਨ। ਧੂਣੀ ਦੀ ਪ੍ਰਥਾ ਵੀ ਸ੍ਰੀ ਚੰਦ ਤੋਂ ਹੀ ਚਲੀ ਮੰਨੀ ਜਾਂਦੀ ਹੈ। ਪਹਿਲਾਂ ਉਦਾਸੀ ਮੱਤ ਦੇ ਸਾਧੂ ਕੇਸ ਦਾਤੀ ਨਹੀਂ ਮਨਾਉਂਦੇ ਸਨ, ਪਰ ਹੁਣ ਬਹੁਤੇ ਜਟਾਧਾਰੀ, ਮੁੰਡਿਤ, ਭਸਮਧਾਰੀ, ਨਾਰੀ ਅਤੇ ਗੇਰੂ ਰੰਗੇ ਵਸਤ੍ਰ ਪਹਿਨਦੇ ਹਨ। ਉਦਾਸੀਆਂ ਦਾ ਲਿਬਾਸ ਚੇਲਾ, ਗਲ ਕਾਲੀ ਸੇਲ੍ਹੀ, ਹੱਥ ਤੂੰਬਾ ਅਤੇ ਸਿਰ ਉੱਚੀ ਟੋਪੀ ਹੈ। ਕਈ ਉਦਾਸੀ ਤ੍ਰਿਪੁੰਡ ਧਾਰਨ ਕਰਦੇ ਤੇ ਹੱਥ ਵਿਚ ਕਰਮੰਡਲ ਰੱਖਦੇ ਹਨ। ਦੀਖਿਆ ਵੇਲੇ ਗੁਰੂ ਚੇਲੇ ਨੂੰ ਇਸ਼ਨਾਨ ਕਰਵਾ ਕੇ ਪਿੰਡੇ ਉੱਤੇ ਭਸਮ ਮਲਦਾ ਅਤੇ ਪੀਣ ਨੂੰ ਚਰਣਾਮਿਤ ਦੇਂਦਾ ਹੈ। ਦੀਖਿਆ ਮਗਰੋਂ ਅਨੁਯਾਈ ਦਾ ਕੋਈ ਨਵਾਂ ਨਾਂ ਰੱਖ ਦਿਤਾ ਜਾਂਦਾ ਹੈ। ਦੀਖਿਆ ਵੇਲੇ ਇਸ ਮੰਤ੍ਰ ਦਾ ਉਚਾਰਣ ਕੀਤਾ ਜਾਂਦਾ ਹੈ। ਚਰਣ ਸਾਧੂ ਕੇ ਧੋ ਧੋ ਪੀਉ ਅਰਪ ਸਾਧੂ ਕੇ ਅਪਨਾ ਜੀਉ॥ ਤਪ ਅਸਥਾਨ ਡੇਰਾ ਬਾਬਾ ਟਹਿਲਦਾਸ ਜੀ ਸੇਖਾ ਦੀ ਸੇਵਾ ਉਦਾਸੀਨ ਸੰਪ੍ਰਦਾਇ ਵਲੋਂ ਨਿਭਾਈ ਜਾ ਰਹੀ ਹੈ। ਇਸ ਅਸਥਾਨ ਤੇ ਤ੍ਰਿਵੇਈ (ਮੰਦਰ, ਗੁਰੂ ਮਹਾਰਾਜ ਦੀ ਸਵਾਰੀ, ਪੀਰਖਾਨਾ) ਸੁਸ਼ੋਭਿਤ ਹਨ। ਵਰਤਮਾਨ ਸਮੇਂ ਇਸ ਅਸਥਾਨ ਦੀ ਸੇਵਾ ਮਹੰਤ ਸ੍ਰੀ ਕ੍ਰਿਸ਼ਨਮੁਨੀ ਜੀ ਨਿਭਾ ਰਹੇ ਹਨ। ਇਸ ਅਸਥਾਨ ਦੀ ਸਭ ਤੋਂ ਪਹਿਲਾਂ ਸੇਵਾ ਬਾਬਾ ਟਹਿਲਦਾਸ ਜੀ ਅਤੇ ਉਨ੍ਹਾਂ ਤੋਂ ਬਾਅਦ ਸੰਤੋਖਦਾਸ ਜੀ, ਪ੍ਰੇਮਦਾਸ ਜੀ ਅਤੇ ਪ੍ਰੇਮਦਾਸ ਜੀ ਦੇ ਬ੍ਰਹਮਲੀਨ ਹੋਣ ਉਪਰੰਤ ਮਹੰਤ ਸ੍ਰੀ ਕ੍ਰਿਸ਼ਨਮੁਨੀ ਜੀ ਨੂੰ ਗੱਦੀਨਸੀਨ ਬਣਾਇਆ ਗਿਆ। ਮਹੰਤ ਸ੍ਰੀ ਕ੍ਰਿਸ਼ਨਮੁਨੀ ਜੀ ਇਸ ਅਸਥਾਨ ਦੀ ਸੇਵਾ ਸੰਭਾਲ ਦੇ ਨਾਲ-ਨਾਲ ਇਸ ਆਤਮਿਕ ਸ਼ਾਂਤੀ ਤੇ ਪਵਿੱਤਰ ਅਸਥਾਨ ਤੇ ਬਾਬਾ ਸ੍ਰੀਚੰਦ ਜੀ ਮਹਾਰਾਜ ਅਤੇ ਆਪਣੇ ਗੁਰੂਆਂ ਦੇ ਦਿਨ-ਦਿਹਾਰਾਂ ਨੂੰ ਮਨਾਉਂਦੇ ਹਨ ਤੇ ਦੇਸ਼-ਵਿਦੇਸ਼ ਦੀਆਂ ਬੇਅੰਤ ਸੰਗਤਾਂ ਇਸ ਅਸਥਾਨ ਤੇ ਹਾਜ਼ਰੀਆਂ ਭਰਕੇ ਆਪਣਾ ਜੀਵਨ ਸਫਲ ਬਣਾਉਂਦੀਆਂ ਹਨ। ਡੇਰਾ ਬਾਬਾ ਟਹਿਲਦਾਸ ਜੀ ਸੇਖਾ ਦੇ ਮਹੰਤ ਸ੍ਰੀ ਕਿਸ਼ਨਮੁਨੀ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪਵਿੱਤਰ ਅਸਥਾਨ ਤੇ ਹਰ ਵਰ੍ਹੇ ਤਪਸਵੀ ਫਲਹਾਰੀ ਬਾਬਾ ਟਹਿਲ ਦਾਸ ਜੀ ਦੀ ਸਾਲਾਨਾ ਬਰਸੀ ਸਮਾਗਮ ਸਮੇਂ, ਬਾਬਾ ਜੀ ਦੀ ਬਰਸੀ 2 ਜਨਵਰੀ ਤੋਂ 20 ਜਨਵਰੀ 2026 ਨਮਿਤ ਲੜੀਵਾਰ ਸ੍ਰੀ ਅਖੰਡ ਪਾਠ ਪ੍ਰਕਾਸ਼ ਕੀਤੇ ਜਾਂਦੇ ਹਨ ਅਤੇ ਦੇਸ਼ ਭਰ ਦੇ ਮਸ਼ਹੂਰ ਕਵੀਸ਼ਰੀ ਜੱਥੇ, ਰਾਗੀ ਢਾਡੀ ਅਤੇ ਹੋਰ ਬਾਹਰੋਂ ਆਏ ਸੰਤ ਮਹਾਤਮਾ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਨੇ ਦਸਿਆ ਕਿ ਅਧਿਆਤਮਕ ਸ਼ਾਂਤੀ ਅਤੇ ਜੀਵਨ ਜਾਂਚ ਦੇ ਨਾਲ ਨਾਲ ਬਾਬਾ ਟਹਿਲ ਦਾਸ ਜੀ ਦੇ ਸਮੇਂ ਤੋਂ ਅੱਜ ਤੱਕ ਇਸ ਅਸਥਾਨ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਬਾਬਾ ਟਹਿਲ ਦਾਸ ਜੀ ਦੀ ਸਾਲਾਨਾ ਬਰਸੀ ਸਮਾਗਮ ਸਮੇਂ ਅਤੇ ਹੋਰ ਵੀ ਗੁਰੂਆਂ ਦੇ ਪ੍ਰਕਾਸ਼ ਪੂਰਬ ਤੇ ਬਰਸੀ ਸਮਾਗਮ ਮੌਕੇ ਨੌਜਵਾਨ ਭਲਵਾਨਾਂ ਦੇ ਘੋਲ ਮੁਕਾਬਲੇ ਅਤੇ ਹੋਰ ਖੇਡਾਂ ਕਰਵਾਈਆਂ ਜਾਂਦੀਆਂ ਹਨ ਜਿਹਨਾਂ ਵਿਚ ਸਾਰੇ ਭਾਰਤ ਭਰ ਦੇ ਖਿਡਾਰੀ ਭਾਗ ਲੈਂਦੇ ਹਨ। ਅੱਜ ਦੇ ਸੰਦਰਭ ਚ ਇਹ ਕਿਹਾ ਜਾ ਸਕਦਾ ਹੈ ਕਿ ਇਹ ਡੇਰਾ ਉਸ ਤਰ੍ਹਾਂ ਦਾ ਨਹੀਂ ਜਿਹੜਾ ਤੁਹਾਨੂੰ ਵਹਿਮਾਂ-ਭਰਮਾਂ ਚ ਪਾ ਕੇ ਦੁਨੀਆਵੀਂ ਕੀਮਤਾਂ ਚ ਜਕੜ ਦੇਵੇ ਇਸ ਡੇਰੇ ਦੇ ਮੁਖੀ ਮਹੰਤ ਸ੍ਰੀ ਕ੍ਰਿਸ਼ਨਮੁਨੀ ਆਪਣੇ ਆਪ ’ਚ ਇਨਸਾਨੀਅਤ ਨਾਲ ਜੁੜੇ ਹੋਏ ਉਸਾਰੂ ਕਦਰਾਂ ਕੀਮਤਾਂ ਦੇ ਧਾਰਨੀ ਹਨ। ਉਨ੍ਹਾਂ ਦੇ ਭਗਤਾਂ ਦੀ ਗਿਣਤੀ ਇੱਕ ਮੋਹ ਦੇ ਰੂਪ ’ਚ ਪਰੋਈ ਹੋਈ ਹੈ। ਜਿੱਥੇ ਮਹੰਤ ਸ੍ਰੀ ਕ੍ਰਿਸ਼ਨਮੁਨੀ ਜੀ ਸਾਹਿਤ ਕਲਾ ਦਾ ਸਤਿਕਾਰ ਕਰਦੇ ਹਨ, ਉੱਥੇ ਖੁਦ ਕਿਤਾਬਾਂ ਪੜਣ ਤੇ ਡੇਰੇ ਵਿਚ ਆਉਣ ਵਾਲੇ ਬੱਚਿਆਂ ਨੂੰ ਖਾਸ ਕਰਕੇ ਸਾਹਿਤ ਅਤੇ ਹੋਰ ਵਿਸ਼ਿਆਂ ਦੀ ਪੁਸਤਕਾਂ ਪੜ੍ਹਾਉਂਦੇ ਤੇ ਪੜ੍ਹਨ ਦੀ ਤਾਕੀਦ ਕਰਦੇ ਹਨ।