ਪਹਾੜਾਂ ’ਚ ਬਰਫਬਾਰੀ, ਮੈਦਾਨੀ ਇਲਾਕੇ ਠਰ੍ਹੇ, ਸਵੇਰੇ ਸ਼ਾਮ ਧੁੰਦ
ਪਹਾੜਾਂ ’ਚ ਬਰਫਬਾਰੀ, ਮੈਦਾਨੀ ਇਲਾਕੇ ਠਰ੍ਹੇ, ਸਵੇਰੇ ਸ਼ਾਮ ਧੁੰਦ
Publish Date: Wed, 04 Feb 2026 06:34 PM (IST)
Updated Date: Wed, 04 Feb 2026 06:38 PM (IST)
ਸੰਗਰੂਰ : ਪਹਾੜਾਂ ਵਿੱਚ ਕਈ ਦਿਨਾਂ ਤੋਂ ਪੈ ਰਹੀ ਬਰਫ਼ਬਾਰੀ ਕਾਰਨ ਮੈਦਾਨੀ ਇਲਾਕੇ ਠਰ੍ਹ ਰਹੇ ਹਨ। ਹਾਲਾਂਕਿ ਦਿਨ ਦੇ ਸਮੇਂ ਚੰਗੀ ਧੁੱਪ ਨਿਕਲ ਰਹੀ ਹੈ, ਪਰ ਠੰਢੀਆਂ ਹਵਾਵਾਂ ਦੇ ਕਾਰਨ ਧੁੱਪ ਵੀ ਬੇਅਸਰ ਜਿਹੀ ਜਾਪ ਰਹੀ ਹੈ। ਸਵੇਰੇ ਅਤੇ ਸ਼ਾਮ ਸੰਘਣੀ ਧੁੰਦ ਦੇ ਨਾਲ-ਨਾਲ ਕੜਾਕੇ ਦੀ ਠੰਢ ਮਹਿਸੂ ਹੋ ਰਹੀ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿਨ ਦਾ ਤਾਪਮਾਨ ਹੋਲੀ-ਹੋਲੀ ਵੱਧ ਰਿਹਾ ਹੈ, ਪਰ ਸਵੇਰੇ ਅਤੇ ਸ਼ਾਮ ਕੋਹਰੇ ਦਾ ਅਸਰ ਜਾਰੀ ਹੈ।
ਜ਼ਿਕਰਯੋਗ ਹੈ ਕਿ ਸਬਜ਼ੀਆਂ ਲਈ ਸੁੱਕੀ ਠੰਡ ਅਤੇ ਕੋਹਰਾ ਨੁਕਸਾਨਦਾਇਕ ਸਾਬਤ ਹੋ ਰਹੇ ਹਨ। ਪਿਛਲੇ ਸਮੇਂ ਹੋਈ ਤੇਜ਼ ਬਾਰਿਸ਼ ਤੋਂ ਬਾਅਦ ਖੇਤਾਂ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਫਸਲਾਂ ਦੇ ਪੱਤੇ ਪੀਲੇ ਪੈਣ ਲੱਗ ਪਏ ਹਨ। ਇਸ ਤੋਂ ਇਲਾਵਾ ਨਦੀਨਾਂ ਦੀ ਸਮੱਸਿਆ ਵੀ ਪੈਦਾ ਹੋ ਗਈ ਹੈ, ਜਿਸ ਨਾਲ ਨਜਿੱਠਣ ਲਈ ਕਿਸਾਨ ਨਦੀਨਨਾਸ਼ਕ ਦਾ ਛਿੜਕਾਅ ਕਰ ਰਹੇ ਹਨ।
ਕਿਸਾਨ ਗੁਰਨੈਬ ਸਿੰਘ, ਸ਼ਮਸ਼ੇਰ ਸਿੰਘ, ਜਗਜੀਤ ਸਿੰਘ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਗੰਧਮ ਲਈ ਧੁੰਦ ਜਾਂ ਕੋਹਰਾ ਬਹੁਤ ਲਾਭਦਾਇਕ ਹੁੰਦਾ ਹੈ। ਇਸ ਨਾਲ ਜੜ ਤੋਂ ਵੱਧ ਸ਼ਾਖਾਂ ਨਿਕਲਦੀਆਂ ਹਨ ਅਤੇ ਜਿੰਨੀ ਵੱਧ ਸ਼ਾਖਾਂ ਹੋਣ, ਉੱਨੀ ਹੀ ਵੱਧ ਪੈਦਾਵਾਰ ਹੁੰਦੀ ਹੈ।
ਸਬਜ਼ੀ ਉਤਪਾਦਨ ਵਿੱਚ ਕਣਕ ਅਤੇ ਝੋਨੇ ਦੇ ਮੁਕਾਬਲੇ ਵੱਧ ਦੇਖਭਾਲ ਦੀ ਲੋੜ ਹੁੰਦੀ ਹੈ। ਖੇਤਾਂ ਵਿੱਚ ਕਰੇਲਾ, ਫੁੱਲਗੋਭੀ, ਬੰਦਗੋਭੀ, ਗਾਜਰ, ਮਟਰ, ਬੈਗਨ, ਸ਼ਿਮਲਾ ਮਿਰਚ, ਆਲੂ, ਪਾਲਕ, ਧਨੀਆ ਆਦਿ ਲੱਗੇ ਹੋਏ ਹਨ। ਇਨ੍ਹਾਂ ਨੂੰ ਕੋਹਰੇ ਤੋਂ ਬਚਾਉਣ ਲਈ ਪਲਾਸਟਿਕ ਦੇ ਕਵਰ ਨਾਲ ਢੱਕਿਆ ਗਿਆ ਸੀ, ਪ੍ਰੰਤੂ ਕੋਹਰੇ ਕਾਰਨ ਪੌਦਿਆਂ ਨੂੰ ਉਪਰੋਂ ਸਾੜ ਦਿੱਤਾ, ਜਿਸ ਨਾਲ ਹਰੇ ਪੱਤੇ ਭੂਰੇ ਰੰਗ ਦੇ ਹੋ ਗਏ ਹਨ। ਜਦਕਿ ਕਿਸਾਨ ਕਣਕ ਦੀ ਫਸਲ ਲਈ ਇਸ ਠੰਢ ਨੂੰ ਚੰਗਾ ਮੰਨਦੇ ਹਨ। ਜਿਆਦਾ ਠੰਢ ਕਾਰਨ ਕਣਕ ਦਾ ਝਾੜ ਵਧਣ ਦੀ ਉਮੀਦ ਹੈ।