ਐੱਸਐੱਚਓ ਧਨੌਲਾ ਦੀ ਗੁੰਡਾਗਰਦੀ ਬਰਦਾਸ਼ਤ ਤੋਂ ਬਾਹਰ : ਵਿਧਾਇਕ ਢਿੱਲੋਂ
ਐਸਐਚਓ ਧਨੌਲਾ ਦੀ ਗੁੰਡਾਗਰਦੀ ਬਰਦਾਸ਼ਤ ਤੋਂ ਬਾਹਰ,ਐਸਐਸਪੀ ਤੁਰੰਤ ਐਕਸ਼ਨ ਲਵੇ-ਵਿਧਾਇਕ ਢਿੱਲੋਂ
Publish Date: Mon, 23 Mar 2026 06:25 PM (IST)
Updated Date: Tue, 24 Mar 2026 04:05 AM (IST)

ਸਟਾ੍ਰਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਤਜਰਬੇ ਤੋਂ ਸੱਖਣੇ ਤੇ ਨਿੱਜਪ੍ਰਸਤੀ ਨੂੰ ਪਹਿਲ ਦੇ ਰਹੇ ਕੁਝ ਸੱਤਾਧਾਰੀ ਆਗੂਆਂ ਦੇ ਇਸ਼ਾਰਿਆਂ ਤੇ ਕਾਨੂੰਨ ਛਿੱਕੇ ਤੇ ਟੰਗ ਕੇ ਕੰਮ ਕਰਨ ਵਾਲੇ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਆਪਣੇ ਤੌਰ ਤਰੀਕੇ ਬਦਲਣੇ ਚਾਹੀਦੇ ਹਨ ਕਿਉਂਕਿ ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਕ ਪ੍ਰੈਸ ਨੋਟ ਜ਼ਰੀਏ ਕਰਦੇ ਹੋਏ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਲੋਕਤੰਤਰਿਕ ਪ੍ਰਕਿਰਿਆ ’ਚ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ, ਪਰ ਅਫਸਰਾਂ ਨੂੰ ਕਾਨੂੰਨੀ ਪ੍ਰਕਿਰਿਆ ’ਚ ਰਹਿ ਕੇ ਹੀ ਕੰਮ ਕਰਨਾ ਚਾਹੀਦਾ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਜਗੜ੍ਹ ’ਚ ਵਾਪਰੀ ਇੱਕ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਐਸਐਚਓ ਥਾਣਾ ਧਨੌਲਾ ਵੱਲੋਂ ਬਜ਼ੁਰਗਾਂ ਅਤੇ ਖਾਸ ਕਰਕੇ ਔਰਤਾਂ ਨਾਲ ਕੀਤੀ ਬਦਕਲਾਮੀ ਅਤੇ ਬਦਸਲੂਕੀ ਅਤੀ ਨਿੰਦਣਯੋਗ ਹੈ। ਵਿਧਾਇਕ ਢਿੱਲੋ ਨੇ ਕਿਹਾ ਕਿ ਐਸਐਚਓ ਵੱਲੋਂ ਕੀਤੀ ਬਦਸਲੂਕੀ ਦੀ ਸੀਸੀਟੀਵੀ ਫੁਟੇਜ ਸਪੱਸ਼ਟ ਕਰ ਦਿੰਦੀ ਹੈ ਕਿ ਸਿਵਿਲ ਵਰਦੀ ਵਿੱਚ ਮੌਕੇ ਤੇ ਪੁੱਜੇ ਐਸਐਚਓ ਨੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਤੇ ਇੱਕ ਪੇਸ਼ੇਵਰ ਗੁੰਡਿਆਂ ਵਾਂਗ ਵਰਤਾਰਾ ਕੀਤਾ। ਵਿਧਾਇਕ ਢਿੱਲੋਂ ਨੇ ਅਫਸੋਸ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਐਸਐਚਓ ਨੇ ਮੌਕੇ ਤੇ ਕੁਝ ਅਜਿਹੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਜਿਨਾਂ ਨੂੰ ਲਿਖਣਾ ਤਾਂ ਦੂਰ ਦੀ ਗੱਲ ਬੋਲ ਕੇ ਦੱਸਿਆ ਵੀ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਅਜਿਹੇ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰਨਾ ਕੋਈ ਸਜ਼ਾ ਨਹੀਂ ਹੈ ਸਗੋਂ ਅਜਿਹੇ ਪੁਲਿਸ ਅਧਿਕਾਰੀ ਨੂੰ ਨੌਕਰੀ ਤੋਂ ਤੁਰੰਤ ਕੱਢ ਦੇਣਾ ਚਾਹੀਦਾ ਹੈ। ਵਿਧਾਇਕ ਢਿੱਲੋਂ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਕਿ ਐਸਐਚਓ ਧਨੌਲਾ ਲਖਬੀਰ ਸਿੰਘ ਦੇ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਨੌਕਰੀ ਤੋਂ ਤੁਰੰਤ ਬਰਖ਼ਾਸਤ ਕੀਤਾ ਜਾਵੇ ਕਿਉਂਕਿ ਅਜਿਹੇ ਅਧਿਕਾਰੀ ਸਮੁੱਚੀ ਪੁਲਿਸ ਫੋਰਸ ਦਾ ਅਕਸ ਖਰਾਬ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹੋ ਜਿਹੇ ਪੁਲਿਸ ਅਧਿਕਾਰੀ ਦਾ ਪਬਲਿਕ ਡੀਲਿੰਗ ਵਾਲੀ ਪੋਸਟ ਤੇ ਲੱਗਣਾ ਤਾਂ ਦੂਰ ਸਗੋਂ ਪੁਲਿਸ ਲਾਈਨ ਵਿੱਚ ਕੰਮ ਕਰਨ ਵਾਲੇ ਵੀ ਨਹੀਂ ਹਨ ਇਸ ਲਈ ਅਜਿਹੇ ਅਧਿਕਾਰੀਆਂ ਨੂੰ ਤੁਰੰਤ ਪੁਲਿਸ ਫੋਰਸ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਅਤੇ ਉਸ ਦੇ ਖ਼ਿਲਾਫ਼ ਆਤਮ ਹੱਤਿਆ ਲਈ ਉਕਸਾਉਣ ਦੀਆਂ ਧਰਾਵਾਂ ਤਹਿਤ ਮੁਕੱਦਮਾ ਵੀ ਦਰਜ ਹੋਣਾ ਚਾਹੀਦਾ ਹੈ। ਵਿਧਾਇਕ ਢਿੱਲੋਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਅਜਿਹੇ ਅਧਿਕਾਰੀਆਂ ਦੇ ਖ਼ਿਲਾਫ਼ ਬਿਨਾਂ ਕਿਸੇ ਡਰ ਤੋਂ ਫਰੰਟ ਲਾਈਨ ਤੇ ਲੜਨਗੇ ਤਾਂ ਜੋ ਅਜਿਹੀ ਗੁੰਡਾਗਰਦੀ ਮਾਨਸਿਕਤਾ ਵਾਲੇ ਅਧਿਕਾਰੀਆਂ ਤੋਂ ਲੋਕ ਆਪਣੇ ਆਪ ਨੂੰ ਮਹਿਫੂਜ਼ ਸਮਝਣ।