- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੇਰਪੁਰ ਹਸਪਤਾਲ, ਬਿਨਾਂ ਸਾਜੋ ਸਮਾਨ ਕਿੰਝ ਹੋਵੇਗਾ ਇਲਾਜ

- ਖ਼ਬਰ ਦਾ ਅਸਰ
- ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਦੀਆਂ ਐਮਰਜੈਂਸੀ ਸੇਵਾਵਾਂ ਸ਼ੁਰੂ
- ਸ਼ੇਰਪੁਰ ਹਸਪਤਾਲ ਨੂੰ ਮਿਲੇ ਤਿੰਨ ਡਾਕਟਰ
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ
ਸ਼ੇਰਪੁਰ : ਪਿਛਲੇ ਲੰਮੇ ਸਮੇਂ ਤੋਂ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਵਿਖੇ ਠੱਪ ਪਈਆਂ ਐਮਰਜੈਂਸੀ ਸੇਵਾਵਾਂ ਅਤੇ ਹੋਰ ਸਾਜੋ ਸਾਮਾਨ/ਔਜਾਰ ਦੀ ਘਾਟ ਨੂੰ ਲੈ ਕੇ ‘ਪੰਜਾਬੀ ਜਾਗਰਣ’ ਵੱਲੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ। ਜਿਸ ’ਤੇ ਅਮਲ ਕਰਦਿਆਂ ਬੁੱਧਵਾਰ ਨੂੰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਹਸਪਤਾਲ ਨੂੰ ਤਿੰਨ ਐੱਮਬੀਬੀਐੱਸ ਡਾਕਟਰ ਭੇਜ ਦਿੱਤੇ ਹਨ ਅਤੇ ਹੁਣ ਇੱਥੇ ਐਮਰਜੈਂਸੀ ਸੇਵਾਵਾਂ ਚਾਲੂ ਹੋ ਚੁੱਕੀਆਂ ਹਨ। ਦੱਸ ਦੇਈਏ ਕਿ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਇਹ ਹਸਪਤਾਲ ਡਾਕਟਰਾਂ, ਟੈਸਟ ਅਤੇ ਹੋਰ ਮਸ਼ੀਨਰੀ ਦੀ ਘਾਟ ਨੂੰ ਲੈ ਕੇ ਚਰਚਾ ਵਿੱਚ ਸੀ। ਬੀਤੇ ਦਿਨੀਂ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਨੂੰ ਬਹਾਲ ਕਰਵਾਉਣ ਸਬੰਧੀ ਨਸਾ ਛੁਡਾਊ ਕਮੇਟੀ ਅਤੇ ਹੋਰ ਵੱਖ-ਵੱਖ ਪਾਰਟੀਆਂ ਅਤੇ ਇਨਸਾਫ਼ ਪਸੰਦ ਇਲਾਕੇ ਦੇ ਲੋਕਾਂ ਵੱਲੋਂ ਹਸਪਤਾਲ ਦੇ ਗੇਟ ਅੱਗੇ ਰੋਸ ਧਰਨਾ ਦਿੱਤਾ ਗਿਆ ਸੀ। ਕਿਉਂਕਿ ਇਲਾਕੇ ਦੇ ਲੋਕ ਮੰਗ ਕਰ ਰਹੇ ਸਨ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਹ ਆਲੀਸ਼ਾਨ ਬਿਲਡਿੰਗ ਹੁਣ ਚਿੱਟਾ ਹਾਥੀ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਇਥੋਂ ਤੱਕ ਕਿ ਜਥੇਬੰਦੀ ਵੱਲੋਂ ਹਸਪਾਲ ਨੂੰ ਜਿੰਦਰੇ ਤਕ ਲਾਉਣ ਦੀ ਚਿਤਾਵਨੀ ਵੀ ਦਿੱਤੀ ਗਈ ਸੀ। ਪਰ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਫੌਰੀ ਕਦਮ ਚੁੱਕਦਿਆਂ ਉਕਤ ਜਥੇਬੰਦੀ ਦੀਆਂ ਮੰਗਾਂ ਨੂੰ ਇੱਕ ਵਾਰ ਮੰਨਦੇ ਹੋਏ ਇਸ ਹਸਪਤਾਲ ਵਿੱਚ ਤਿੰਨ ਡਾਕਟਰ ਤਾਇਨਾਤ ਕਰ ਦਿੱਤੇ ਹਨ।
ਦੂਜੇ ਪਾਸੇ ਨਸ਼ਾ ਛੁਡਾਊ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਬਿੰਦਾ ਨੇ ਕਿਹਾ ਕਿ ਨਵੇਂ ਆਏ ਡਾਕਟਰਾਂ ਅਤੇ ਸਮੁੱਚੀ ਸਟਾਫ ਨਾਲ ਪੂਰੀ ਤਰ੍ਹਾਂ ਤਾਲਮੇਲ ਨਾਲ ਚੱਲਿਆ ਜਾਵੇਗਾ। ਕਿਉਂਕਿ ਇਹ ਉਨ੍ਹਾਂ ਦਾ ਕੋਈ ਨਿੱਜੀ ਮਸਲਾ ਨਹੀਂ, ਸਗੋਂ ਸਮੁੱਚੇ ਇਲਾਕੇ ਦੇ ਲੋਕਾਂ ਦੀ ਸਿਹਤ ਸਹੂਲਤਾਂ ਨਾਲ ਜੁੜੀ ਹੋਈ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ਵਿੱਚ ਹੋਰ ਸਾਜੋ ਸਾਮਾਨ ਦੀ ਕੋਈ ਘਾਟ ਲੱਗਦੀ ਹੈ ਤਾਂ ਉਹ ਉੱਚ ਅਧਿਕਾਰੀਆਂ ਨਾਲ ਮਿਲ ਕੇ ਇਸ ਮਸਲੇ ਦਾ ਹੱਲ ਵੀ ਕਰਵਾਉਣਗੇ। ਵਾਰ-ਵਾਰ ਇੱਥੋਂ ਦੀਆਂ ਸਟਾਫ ਨਰਸਾਂ ਦੀ ਡਿਊਟੀ ਧੂਰੀ ਜਾਂ ਸੰਗਰੂਰ ਵਿਖੇ ਨਾ ਲਾਏ ਜਾਣ ਦੀ ਵੀ ਮੰਗ ਕੀਤੀ ਹੈ। ਕਿਉਂਕਿ ਜੇਕਰ ਕੋਈ ਐਮਰਜੈਂਸੀ ਜਾਂ ਡਲਿਵਰੀ ਦਾ ਕੇਸ ਆਉਂਦਾ ਹੈ ਤਾਂ ਇੱਕ ਸਟਾਫ ਨਰਸ ਦੋਵੇਂ ਕੇਸਾਂ ਨੂੰ ਹੈਂਡਲ ਨਹੀਂ ਕਰ ਸਕਦੀ। ਇਸ ਲਈ ਸਟਾਫ ਨਰਸਾਂ ਦੀ ਡਿਊਟੀ ਹਸਪਤਾਲ ਵਿੱਚ ਹੀ ਰੱਖੀ ਜਾਵੇ।
ਐਕਸ-ਰੇ ਮਸ਼ੀਨ ਛੇਤੀ ਠੀਕ ਕਰਵਾਈ ਜਾਵੇਗੀ : ਐੱਸਐੱਮਓ
ਇਸ ਮੌਕੇ ਐੱਸਐੱਮਓ ਡਾ. ਜਸਦੀਪ ਸਿੰਘ ਨੇ ਦੱਸਿਆ ਕਿ ਐਕਸਰੇ ਮਸ਼ੀਨ ਦਾ ਇੱਕ ਹਿੱਸਾ ਖ਼ਰਾਬ ਹੋਣ ਕਰ ਕੇ ਸਿਵਲ ਹਸਪਤਾਲ ਧੂਰੀ ਭੇਜ ਦਿੱਤਾ ਗਿਆ ਸੀ। ਜਿਸ ਨੂੰ ਠੀਕ ਕਰਵਾ ਕੇ ਸ਼ੇਰਪੁਰ ਲਿਆਂਦਾ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਹੁਣ ਉਨ੍ਹਾਂ ਕੋਲ ਤਿੰਨ ਨਵੇਂ ਆਏ ਡਾ. ਰੁਪਿੰਦਰ ਸਿੰਘ, ਡਾ. ਤੇਜਿੰਦਰ ਸਿੰਘ ਅਤੇ ਡਾ. ਸੁਭਾਮ ਯਾਦਵ ਹਸਪਤਾਲ ਨੂੰ ਮਿਲ ਚੁੱਕੇ ਹਨ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਮੁੜ ਐਮਰਜੈਂਸੀ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ, ਇਸ ਲਈ ਵੱਧ ਤੋਂ ਵੱਧ ਮਰੀਜ਼ ਸਿਹਤ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਸ ਮੌਕੇ ਬੀਈਈ ਤਰਸੇਮ ਸਿੰਘ, ਇੰਸਪੈਕਟਰ ਰਾਜਵੀਰ ਸਿੰਘ ਅਤੇ ਸਟਾਫ ਨਰਸ ਜਸਵੀਰ ਕੌਰ ਆਦਿ ਹਾਜ਼ਰ ਸਨ।