ਸੱਤ ਸਾਲ ਦੇ ਬੱਚੇ ਨੇ ਕੁਰਾਨ-ਏ-ਪਾਕ ਪੜ੍ਹ ਕੇ ਪਰਿਵਾਰ ਦਾ ਨਾਮ ਕੀਤਾ ਰੋਸ਼ਨ
ਸੱਤ ਸਾਲ ਦੇ ਬੱਚੇ ਕੁਰਾਨ-ਏ-ਪਾਕ ਪੜ੍ਹ ਕੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ
Publish Date: Fri, 16 Jan 2026 05:56 PM (IST)
Updated Date: Sat, 17 Jan 2026 04:09 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਮਹਿਲਕਲਾਂ ’ਚ ਨਿੱਕੇ ਬੱਚੇ ਮੁਹੰਮਦ ਸ਼ਯਆਨ ਨੇ ਸਿਰਫ਼ 7 ਸਾਲ ਦੀ ਉਮਰ ’ਚ ਪੂਰਾ ਕੁਰਾਨ-ਏ-ਪਾਕ ਪੜ੍ਹ ਕੇ ਆਪਣੇ ਪਰਿਵਾਰ, ਉਸਤਾਦਾਂ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਪਿੰਡ ਮਹਿਲਕਲਾਂ ਦੇ ਰਹਿਣ ਵਾਲੇ ਮੁਹੰਮਦ ਅਬਰਾਰ ਨੇ ਆਪਣੇ ਬੇਟੇ ਨੂੰ ਬਚਪਨ ਤੋਂ ਹੀ ਧਾਰਮਿਕ ਤਾਲੀਮ ਨਾਲ ਜੋੜਨ ਦਾ ਫ਼ੈਸਲਾ ਕੀਤਾ ਤੇ ਮਹਿਲਕਲਾਂ ਦੀ ਮਸ਼ਹੂਰ ਜਾਮਾ ਮਸਜਿਦ ਵਿਖੇ ਮੌਲਵੀ ਕਾਰੀ ਮੁਹੰਮਦ ਆਯੂਬ ਖਾਨ ਕੋਲ ਪੜ੍ਹਾਈ ਲਈ ਭੇਜਿਆ। ਬੱਚੇ ਦੀ ਤੇਜ਼ ਯਾਦਸ਼ਕਤੀ, ਸੁਚੱਜੀ ਅਦਾਇਗੀ ਤੇ ਦਿਲੀ ਲਗਨ ਨੂੰ ਵੇਖ ਕੇ ਉਸਤਾਦ ਜੀ ਨੇ ਪਹਿਲੇ ਦਿਨ ਹੀ ਅਨੁਮਾਨ ਲਗਾ ਲਿਆ ਸੀ ਕਿ ਇਹ ਬੱਚਾ ਅੱਲ੍ਹਾ ਦੀ ਕਿਤਾਬ ਨਾਲ ਖਾਸ ਰੂਹਾਨੀ ਨਾਤਾ ਜੋੜੇਗਾ। ਮੁਹੰਮਦ ਸ਼ਯਆਨ ਨੇ ਇੱਕ ਸਾਲ ਦੀ ਲਗਾਤਾਰ ਮਿਹਨਤ, ਅਨੁਸ਼ਾਸਨ ਤੇ ਪੂਰੀ ਲਗਨ ਨਾਲ ਆਪਣੇ ਉਸਤਾਦ ਦੀ ਰਹਿਨੁਮਾਈ ਹੇਠ ਕੁਰਾਨ-ਏ-ਪਾਕ ਪੂਰਾ ਕਰਨ ਦੀ ਸ਼ਰਫ਼ਤ ਹਾਸਲ ਕੀਤੀ। ਇਸ ਮੁਬਾਰਕ ਮੌਕੇ ‘ਤੇ ਜੁਮੇ ਦੀ ਨਮਾਜ਼ ਤੋਂ ਬਾਅਦ ਜਾਮਾ ਮਸਜਿਦ ’ਚ ਖੁਸ਼ੀ ਦਾ ਮਾਹੌਲ ਬਣ ਗਿਆ। ਇਸ ਮੌਕੇ ਸੂਬਾ ਮੁਸਲਿਮ ਆਗੂ ਡਾ. ਮਿੱਠੂ ਮੁਹੰਮਦ ਮਹਿਲ ਕਲਾਂ, ਮੌਲਵੀ ਕਾਰੀ ਮੁਹੰਮਦ ਆਯੂਬ, ਮਸਜਿਦ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਹੰਮਦ ਸ਼ਲੀਮ, ਮੁਹੰਮਦ ਅਕਬਰ, ਡਾਕਟਰ ਕਾਕਾ ਖਾਨ, ਮੁਹੰਮਦ ਵਾਰਿਸ ਅਲੀ, ਡਾਕਟਰ ਚੌਧਰੀ ਹੱਡੀਆਂ ਵਾਲੇ, ਮੁਹੰਮਦ ਅਰਸਦ, ਡਾ. ਮੁਹੰਮਦ ਦਿਲਸ਼ਾਦ ਅਲੀ, ਮੁਹੰਮਦ ਅਬਰਾਰ ਹੁਸੈਨ, ਮੁਹੰਮਦ ਨਜ਼ੀਰ, ਦਿਲਸ਼ਾਦ ਤੱਗੜ, ਅਕਬਰ ਖਾਨ ਤੇ ਮੁਹੰਮਦ ਅਰਸ਼ਦ ਆਦਿ ਵੀ ਹਾਜ਼ਰ ਸਨ।