ਰੌਸ਼ਨੀ ਦੀ ਲੜੀ ਹੁੰਦਾ ਹੈ ਆਤਮ ਗਿਆਨ : ਟਿੱਬਾ
ਰੌਸ਼ਨੀ ਦੀ ਲੜੀ ਹੁੰਦਾ ਹੈ ਆਤਮ ਗਿਆਨ:ਟਿੱਬਾ
Publish Date: Wed, 15 Apr 2026 04:56 PM (IST)
Updated Date: Wed, 15 Apr 2026 05:00 PM (IST)
ਸੱਤਪਾਲ ਕਾਲਾਬੂਲਾ, ਪੰਜਾਬੀ ਜਾਗਰਣ
ਸ਼ੇਰਪੁਰ : ਮਨੁੱਖੀ ਜੀਵਨ ਇੱਕ ਅਜਿਹੀ ਯਾਤਰਾ ਹੈ, ਜਿਸ ਵਿੱਚ ਕਈ ਉਤਰਾਅ ਚੜਾਅ, ਖੁਸ਼ੀਆਂ ਅਤੇ ਗਮ ਆਉਂਦੇ ਰਹਿੰਦੇ ਹਨ। ਇਸ ਯਾਤਰਾ ਨੂੰ ਸਹੀ ਦਿਸ਼ਾ ਦੇਣ ਲਈ ਮਨੁੱਖ ਨੂੰ ਇੱਕ ਅਜਿਹੀ ਰੌਸ਼ਨੀ ਦੀ ਲੋੜ ਹੁੰਦੀ ਹੈ, ਜੋ ਹਰ ਤਰ੍ਹਾਂ ਦੇ ਹਨੇਰੇ ਵਿਚ ਰਾਹ ਦਿਖਾ ਸਕੇ। ਇਨਾ ਸ਼ਬਦਾਂ ਦਾ ਪ੍ਰਗਟਾਵਾ ਅਧਿਆਪਕ ਅਮਨਦੀਪ ਸਿੰਘ ਟਿੱਬਾ ਨੇ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖੀ ਜ਼ਿੰਦਗੀ ਦਾ ਸਭ ਤੋਂ ਉੱਚਾ ਅਤੇ ਗਹਿਰਾ ਗਿਆਨ ਆਤਮ ਗਿਆਨ ਨੂੰ ਮੰਨਿਆ ਜਾਂਦਾ ਹੈ। ਸਾਧਾਰਨ ਸ਼ਬਦਾਂ ਵਿੱਚ ਆਤਮ ਗਿਆਨ ਦਾ ਅਰਥ ਹੁੰਦਾ ਹੈ ਆਪਣੇ ਆਪ ਨੂੰ ਜਾਨਣਾ, ਆਪਣੀਆਂ ਅਸਲੀ ਪਛਾਣ, ਆਪਣੀ ਸੋਚ, ਆਪਣੀਆਂ ਭਾਵਨਾਵਾਂ, ਇੱਛਾਵਾਂ ਅਤੇ ਜੀਵਨ ਦੇ ਉਦੇਸ਼ ਨੂੰ ਸਮਝਣਾ। ਧਨ, ਦੌਲਤ ਅਤੇ ਆਰਾਮਦਾਇਕ ਸਹੂਲਤਾਂ ਭਰੀ ਜ਼ਿੰਦਗੀ ਦੀ ਲਾਲਸਾ ਵਿੱਚ ਮਨੁੱਖ ਆਪਣੀ ਅੰਦਰੂਨੀ ਸ਼ਾਂਤੀ ਨੂੰ ਗੁਆ ਬੈਠਾ ਹੈ। ਪਰ ਸੱਚ ਇਹ ਹੈ ਕਿ ਅਸਲੀ ਖੁਸ਼ੀ ਬਾਹਰੀ ਵਸਤੂਆਂ ਵਿੱਚ ਨਹੀਂ, ਸਗੋਂ ਮਨ ਦੀ ਸ਼ਾਂਤੀ ਅਤੇ ਸੰਤੁਸ਼ਟੀ ਵਿੱਚ ਮਿਲਦੀ ਹੈ, ਜੋ ਸਾਨੂੰ ਸਿਰਫ਼ ਆਤਮ ਗਿਆਨ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਆਤਮ ਗਿਆਨ ਦੀ ਪ੍ਰਾਪਤੀ ਲਈ ਸਭ ਤੋਂ ਪਹਿਲੀ ਸ਼ਰਤ ਮਨੁੱਖ ਨੂੰ ਆਪਣੇ ਆਪ ਨਾਲ ਸੱਚਾ ਹੋਣਾ ਪੈਣਾ ਹੈ, ਆਪਣੇ ਗੁਣਾਂ ਅਤੇ ਔਗੁਣਾਂ ਨੂੰ ਸਵੀਕਾਰ ਕਰਨਾ ਪੈਣਾ ਹੈ ਪਰ ਅਜਿਹਾ ਕਰਨਾ ਆਸਾਨ ਨਹੀਂ ਹੁੰਦਾ। ਜਦੋਂ ਅਸੀਂ ਆਪਣੀਆਂ ਅੰਦਰੂਨੀ ਕਮਜ਼ੋਰੀਆਂ ਨੂੰ ਪਛਾਣ ਲੈਂਦੇ ਹਾਂ ਤਾਂ ਉਨ੍ਹਾਂ ਨੂੰ ਦੂਰ ਕਰਨ ਦਾ ਰਸਤਾ ਵੀ ਖੁੱਲ੍ਹ ਜਾਂਦਾ ਹੈ। ਇਨ੍ਹਾਂ ਗੁਣਾਂ ਕਰ ਕੇ ਮਨੁੱਖ ਇਕ ਚੰਗਾ ਇਨਸਾਨ ਬਣ ਕੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਆਤਮ ਗਿਆਨ ਮਨੁੱਖ ਨੂੰ ਜੀਵਨ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜ਼ਬੂਤੀ ਪ੍ਰਦਾਨ ਕਰਦਾ ਹੈ। ਇਸ ਮੌਕੇ ਕਿਹਾ ਜਾ ਸਕਦਾ ਹੈ ਕਿ ਆਤਮ ਗਿਆਨ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਪ੍ਰਕਾਸ਼ ਹੈ।