ਲਾਵਾਰਿਸ ਗਊਆਂ ਨੂੰ ਭਿਜਵਾਇਆ ਗਊਸ਼ਾਲਾ
ਐਸਡੀਐਮ ਨੇ ਅਵਾਰਾ ਗਊਆਂ ਨੂੰ ਭਿਜਵਾਇਆ ਗਊਸ਼ਾਲਾ
Publish Date: Wed, 11 Feb 2026 03:47 PM (IST)
Updated Date: Wed, 11 Feb 2026 03:50 PM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਸਥਾਨਕ ਸ਼ਹਿਰ ਵਿੱਚ ਲਾਵਾਰਿਸ ਗਊਆਂ, ਢੱਠਿਆਂ ਅਤੇ ਕੁੱਤਿਆਂ ਦੀ ਬਹੁਤਾਤ ਹੈ। ਜਿਸ ਕਾਰਨ ਜਿੱਥੇ ਇਹ ਰੱਜ ਕੇ ਖਰੂਦ ਪਾਉਂਦੇ ਹਨ ਉੱਥੇ ਹੀ ਇਨ੍ਹਾਂ ਕਾਰਨ ਦੁਰਘਟਨਾਵਾਂ ਦਾ ਖਤਰਾ ਹਰ ਸਮੇਂ ਬਣਿਆ ਰਹਿੰਦਾ ਹੈ। ਜਿਸ ਨੂੰ ਦੇਖਦਿਆਂ ਐੱਸਡੀਐੱਮ ਲਹਿਰਾ ਰਾਕੇਸ਼ ਪ੍ਰਕਾਸ਼ ਗਰਗ ਨੇ ਬਹੁਤ ਵਧੀਆ ਉਪਰਾਲਾ ਕਰਦਿਆਂ ਪਹਿਲਾਂ ਲਾਵਾਰਿਸ ਢੱਠਿਆਂ ਨੂੰ ਝਨੇੜੀ ਗਊਸ਼ਾਲਾ ਛੱਡਿਆ ਅਤੇ ਹੁਣ ਸੜਕਾਂ ’ਤੇ ਲਾਵਾਰਿਸ ਫਿਰਦੀਆਂ ਗਊਆਂ ਨੂੰ ਗਊਸ਼ਾਲਾ ਵਿੱਚ ਪਹੁੰਚਾਇਆ ਗਿਆ। ਐੱਸਡੀਐੱਮ ਗਰਗ ਨੇ ਦੱਸਿਆ ਕਿ ਇਹ ਲਾਵਾਰਿਸ ਗਊਆਂ ਜਿੱਥੇ ਸਰਦੀਆਂ ਦੇ ਮੌਸਮ ਦੌਰਾਨ ਠੰਢ ਵਿੱਚ ਮਰਦੀਆਂ ਹਨ ਅਤੇ ਭੁੱਖੀਆਂ ਵੀ ਰਹਿੰਦੀਆਂ ਹਨ। ਇਸ ਤੋਂ ਇਲਾਵਾ ਸ਼ਹਿਰ ਅਤੇ ਰਾਹਗੀਰ ਵੀ ਇਨ੍ਹਾਂ ਤੋਂ ਪਰੇਸ਼ਾਨ ਹਨ। ਜਿਸ ਕਾਰਨ ਇਹ ਉੱਦਮ ਕੀਤਾ ਗਿਆ ਕਿ ਕਿਉਂ ਨਾ ਇਨ੍ਹਾਂ ਨੂੰ ਗਊਸ਼ਾਲਾ ਵਿੱਚ ਛੱਡਿਆ ਜਾਵੇ ਤਾਂ ਜੋ ਉੱਥੇ ਠੰਢ ਤੋਂ ਬਚ ਸਕਣ ਅਤੇ ਭੁੱਖੀਆਂ ਨਾ ਮਰਨ। ਸ਼ਹਿਰ ਵਾਸੀਆਂ ਨੇ ਐੱਸਡੀਐੱਮ ਲਹਿਰਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਹਿਲੇ ਐੱਸਡੀਐੱਮ ਹਨ, ਜਿਨ੍ਹਾਂ ਨੇ ਲਾਵਾਰਿਸ ਪਸ਼ੂਆਂ ਦੇ ਦਰਦ ਅਤੇ ਸ਼ਹਿਰ ਵਾਸੀਆਂ ਦੀਆਂ ਤਕਲੀਫਾਂ ਨੂੰ ਜਾਣਦਿਆਂ ਇਹ ਉੱਦਮ ਕੀਤਾ ਹੈ। ਢੱਠਿਆਂ ਅਤੇ ਲਾਵਾਰਿਸ ਗਊਆਂ ਦੇ ਗਊਸ਼ਾਲਾਵਾਂ ਵਿੱਚ ਛੱਡਣ ਨਾਲ ਸ਼ਹਿਰ ਵਾਸੀਆਂ ਦੀਆਂ ਪਰੇਸ਼ਾਨੀਆਂ ਘਟਣਗੀਆਂ।