ਐੱਸਡੀਐੱਮ ਨੇ ਪਿੰਡ ਕੁਰੜ ’ਚ ਇੰਟਰਲਾਕ ਰੋਡ ਦਾ ਕੀਤਾ ਦੌਰਾ
ਐਸ.ਡੀ.ਐਮ. ਕ੍ਰਿਤਿਕਾ ਗੋਇਲ ਨੇ ਪਿੰਡ ਕੁਰੜ ’ਚ ਐਮ.ਪੀ. ਲੈਂਡ ਤਹਿਤ ਬਣੀ ਇੰਟਰਲਾਕ ਰੋਡ ਦਾ ਕੀਤਾ ਦੌਰਾ
Publish Date: Tue, 10 Mar 2026 03:51 PM (IST)
Updated Date: Wed, 11 Mar 2026 04:00 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਉਪ ਮੰਡਲ ਮੈਜਿਸਟਰੇਟ ਮਹਿਲ ਕਲਾਂ ਸ੍ਰੀਮਤੀ ਕ੍ਰਿਤਿਕਾ ਗੋਇਲ (ਆਈ.ਏ.ਐਸ.) ਵੱਲੋਂ ਪਿੰਡ ਕੁਰੜ ਦਾ ਦੌਰਾ ਕਰਕੇ ਐਮ.ਪੀ. ਲੈਂਡ ਫੰਡ ਤਹਿਤ ਪਿੰਡ ਤੋਂ ਸਮਾਧ ਤੱਕ ਬਣਾਈ ਗਈ ਇੰਟਰਲਾਕ ਟਾਇਲਾਂ ਵਾਲੀ ਸੜਕ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਸੜਕ ਦੇ ਕੰਮ ਦੀ ਸਥਿਤੀ ਅਤੇ ਗੁਣਵੱਤਾ ਦੀ ਜਾਂਚ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ। ਦੌਰੇ ਦੌਰਾਨ ਐਸ.ਡੀ.ਐਮ. ਨੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਦਫ਼ਤਰ ਮਹਿਲ ਕਲਾਂ ਦੇ ਸਬੰਧਤ ਜੂਨੀਅਰ ਇੰਜੀਨੀਅਰ ਨੂੰ ਹਦਾਇਤ ਕੀਤੀ ਕਿ ਇਸ ਪ੍ਰੋਜੈਕਟ ਨਾਲ ਸੰਬੰਧਤ ਯੂਟਿਲਾਈਜ਼ੇਸ਼ਨ ਸਰਟੀਫਿਕੇਟ (ਯੂ.ਸੀ.) ਜਲਦ ਤੋਂ ਜਲਦ ਤਿਆਰ ਕਰਕੇ ਭੇਜਿਆ ਜਾਵੇ, ਤਾਂ ਜੋ ਸਰਕਾਰੀ ਰਿਕਾਰਡ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਵਿਕਾਸ ਕਾਰਜਾਂ ਦੀ ਸਮੇਂ-ਸਿਰ ਪੂਰਤੀ ਅਤੇ ਉਨ੍ਹਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਪ੍ਰਾਥਮਿਕਤਾ ਹੈ। ਇਸ ਲਈ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਸਕੀਮਾਂ ਤਹਿਤ ਚੱਲ ਰਹੇ ਕੰਮਾਂ ਦੀ ਨਿਯਮਤ ਨਿਗਰਾਨੀ ਕਰਦੇ ਰਹਿਣ ਅਤੇ ਲੋੜੀਂਦੇ ਦਸਤਾਵੇਜ਼ ਸਮੇਂ ਸਿਰ ਮੁਹੱਈਆ ਕਰਵਾਏ ਜਾਣ। ਇਸ ਮੌਕੇ ਸਥਾਨਕ ਪੰਚਾਇਤ ਨੁਮਾਇੰਦਿਆਂ ਅਤੇ ਅਧਿਕਾਰੀਆਂ ਨੇ ਵੀ ਐਸ.ਡੀ.ਐਮ. ਨੂੰ ਪਿੰਡ ’ਚ ਹੋ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਐਸ.ਡੀ.ਐਮ. ਨੇ ਕਿਹਾ ਕਿ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਵਿਕਾਸ ਕਾਰਜਾਂ ਨੂੰ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।। ਇਸ ਮੌਕੇ ਦਫ਼ਤਰ ਦੇ ਸੁਪਰਡੈਂਟ ਹਰਵਿੰਦਰ ਸਿੰਘ ਕੁਤਬਾ, ਮਨਜੀਤ ਸਿੰਘ ਭੈਣੀ ਸਮੇਤ ਹੋਰ ਕਰਮਚਾਰੀ ਵੀ ਹਾਜ਼ਰ ਸਨ।