ਸੰਤ ਰਾਮ ਉਦਾਸੀ ਅੱਠਵਾਂ ਗੀਤ ਮੁਕਾਬਲਾ ਕਰਵਾਇਆ
ਸੰਤ ਰਾਮ ਉਦਾਸੀ ਅੱਠਵਾਂ ਗੀਤ ਮੁਕਾਬਲਾ ਕਰਵਾਇਆ
Publish Date: Thu, 09 Apr 2026 03:45 PM (IST)
Updated Date: Fri, 10 Apr 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਾਹਿਤ ਸਰਵਰ ਬਰਨਾਲਾ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਦੇ ਜਨਮਦਿਨ ਨੂੰ ਸਮਰਪਿਤ ਅੱਠਵਾਂ ਗੀਤ ਮੁਕਾਬਲਾ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਕਰਵਾਇਆ ਗਿਆ। ਜਿਸ ’ਚ ਪਹਿਲਾ ਸਥਾਨ ਨਵਜੋਤ ਸਿੰਘ, ਦੂਜਾ ਗੁਰਤੇਜ ਸਿੰਘ ਅਤੇ ਤੀਜਾ ਸਥਾਨ ਗੁਰਤੇਜ ਸਿੰਘ ਤੇ ਹਰਮਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਮੁਕਾਬਲੇ ਦੀ ਪਰਖ ਪ੍ਰੋ ਵਿਪਨ ਗੋਇਲ ਅਤੇ ਪ੍ਰੋ ਹਰਪ੍ਰੀਤ ਸਿੰਘ ਨੇ ਕੀਤੀ। ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਬੋਲੀਕਾਰ ਰਘਵੀਰ ਸਿੰਘ ਗਿੱਲ ਕੱਟੂ ਨੇ ਆਪਣੀ ਵਿਛੜੀ ਧੀ ਡਾ. ਹਿਤਪ੍ਰੀਤ ਕੌਰ ਦੀ ਯਾਦ ’ਚ ਦਿੱਤੇ। ਜੇਤੂ ਵਿਦਿਆਰਥੀਆਂ ਨੂੰ ਤੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪੁਸਤਕਾਂ ਵੀ ਭੇਟ ਕੀਤੀਆਂ ਗਈਆਂ। ਸਨਮਾਨ ਕਰਨ ਵੇਲੇ ਪ੍ਰਿੰਸੀਪਲ ਵਿਭਾ ਅਗਰਵਾਲ ਨੇ ਵੀ ਸਾਥ ਦਿੱਤਾ। ਰਘਵੀਰ ਗਿੱਲ ਕੱਟੂ ਨੇ ਉਦਾਸੀ ਬਾਰੇ ਬੋਲੀਆਂ ਪਾ ਕੇ ਰੰਗ ਬੰਨ੍ਹਿਆ। ਮੁਕਾਬਲੇ ਤੋਂ ਪਹਿਲਾਂ ਵਿਚਾਰ ਪੇਸ਼ ਕਰਦਿਆਂ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਉਦਾਸੀ ਲੋਕਾਂ ਦਾ ਕਵੀ ਸੀ, ਇਸੇ ਲਈ ਲੋਕਾਂ ਨੇ ਉਹਨੂੰ ਜਿਉਂਦੇ ਕਵੀ ਦੇ ਤੌਰ ’ਤੇ ਅੱਖਾਂ ’ਤੇ ਬਿਠਾ ਲਿਆ ਸੀ। ਅੰਤ ’ਚ ਕਾਲਜ ਦੀ ਪ੍ਰਿੰਸੀਪਲ ਵਿਭਾ ਅਗਰਵਾਲ ਨੇ ਮੁੱਖ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।