- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਹੇੜੀਕੇ ਵਿੱਚ ਇਕ ਪਤੀ ਵੱਲੋਂ ਆਪਣੀ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਪਤੀ ਆਪਣੀ ਪਤਨੀ ਨੂੰ ਵਾਰ-ਵਾਰ ਪੇਕਿਆਂ ਤੋਂ ਪੈਸੇ ਲਿਆਉਣ ਲਈ ਮਜਬੂਰ ਕਰਦਾ ਸੀ। ਜਦੋਂ ਪਤਨੀ ਨੇ ਪੈਸੇ ਲਿਆਉਣ ਤੋਂ ਇਨਕਾਰ ਕੀਤਾ ਤਾਂ ਉਸਦਾ ਕਤਲ ਕਰ ਦਿੱਤਾ।
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,ਸੰਗਰੂਰ : ਪਿੰਡ ਹੇੜੀਕੇ ਵਿੱਚ ਇਕ ਪਤੀ ਵੱਲੋਂ ਆਪਣੀ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਪਤੀ ਆਪਣੀ ਪਤਨੀ ਨੂੰ ਵਾਰ-ਵਾਰ ਪੇਕਿਆਂ ਤੋਂ ਪੈਸੇ ਲਿਆਉਣ ਲਈ ਮਜਬੂਰ ਕਰਦਾ ਸੀ। ਜਦੋਂ ਪਤਨੀ ਨੇ ਪੈਸੇ ਲਿਆਉਣ ਤੋਂ ਇਨਕਾਰ ਕੀਤਾ ਤਾਂ ਉਸਦਾ ਕਤਲ ਕਰ ਦਿੱਤਾ।
ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਪਤੀ ਖ਼ਿਲਾਫ਼ ਸਾਲੇ ਦੇ ਬਿਆਨਾਂ ਦੇ ਆਧਾਰ ’ਤੇ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮਨਜਿੰਦਰ ਸਿੰਘ ਨਿਵਾਸੀ ਪਿੰਡ ਲੋਹਗੜ੍ਹ ਨੇ ਦੱਸਿਆ ਕਿ ਉਸ ਦੀ ਭੈਣ ਸੁਖਦੀਪ ਕੌਰ (46) ਦਾ ਵਿਆਹ ਲਗਭਗ ਢਾਈ ਦਹਾਕੇ ਪਹਿਲਾਂ ਪਿੰਡ ਹੇੜੀਕੇ ਦੇ ਜਸਵੀਰ ਸਿੰਘ ਉਰਫ਼ ਧੰਨਾ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ ਹਨ, ਜਿਨ੍ਹਾਂ ਦੀ ਉਮਰ 22 ਸਾਲ ਅਤੇ 15 ਸਾਲ ਹੈ। ਇਕ ਪੁੱਤਰ ਕੈਨੇਡਾ ਵਿੱਚ ਰਹਿੰਦਾ ਹੈ ਜਦਕਿ ਦੂਜਾ ਅੱਠਵੀਂ ਜਮਾਤ ਵਿੱਚ ਪੜ੍ਹਦਾ ਹੈ।
ਮਨਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਜਸਵੀਰ ਸਿੰਘ ਅਕਸਰ ਹੀ ਸੁਖਦੀਪ ਕੌਰ ਨੂੰ ਪੈਸਿਆਂ ਲਈ ਤੰਗ-ਪਰੇਸ਼ਾਨ ਕਰਦਾ ਰਹਿੰਦਾ ਸੀ। ਉਹ ਵਾਰ-ਵਾਰ ਉਸਦੀ ਭੈਣ ਨੂੰ ਪੇਕਿਆਂ ਤੋਂ ਪੈਸੇ ਲਿਆਉਣ ਲਈ ਕੁੱਟਮਾਰ ਕਰਦਾ ਸੀ। ਲਗਭਗ ਪੰਜ ਸਾਲ ਪਹਿਲਾਂ ਵੀ ਉਸ ਨੇ ਸੁਖਦੀਪ ਕੌਰ ਰਾਹੀਂ ਪੈਸਿਆਂ ਦੀ ਮੰਗ ਕੀਤੀ ਸੀ, ਤਾਂ ਪਰਿਵਾਰ ਨੇ ਉਸ ਨੂੰ 3 ਲੱਖ ਰੁਪਏ ਦਿੱਤੇ ਸਨ। ਦੋ ਸਾਲ ਪਹਿਲਾਂ ਵੀ ਸੁਖਦੀਪ ਕੌਰ ਨੇ ਆਪਣੇ ਪਤੀ ਦੇ ਕਹਿਣ ’ਤੇ 8 ਲੱਖ ਰੁਪਏ ਮੰਗੇ ਸਨ। ਉਸ ਨੇ ਕਿਹਾ ਸੀ ਕਿ ਵੱਡੇ ਪੁੱਤਰ ਰਵਿੰਦਰ ਸਿੰਘ ਨੂੰ ਕੈਨੇਡਾ ਭੇਜਣਾ ਹੈ। ਪੈਸੇ ਨਾ ਲਿਆਉਣ ਕਾਰਨ ਜਸਵੀਰ ਸਿੰਘ ਉਸ ਦੀ ਭੈਣ ਨੂੰ ਕਾਫੀ ਤੰਗ-ਪਰੇਸ਼ਾਨ ਅਤੇ ਮਾਰਪੀਟ ਕਰਨ ਲੱਗ ਪਿਆ।
ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ। ਇਸ ਦੌਰਾਨ ਮਾਮੇ ਦੇ ਮੁੰਡੇ ਤਲਵਿੰਦਰ ਸਿੰਘ ਨੇ ਫ਼ੋਨ ਕਰਕੇ ਜਾਣਕਾਰੀ ਦਿੱਤੀ ਕਿ ਸੁਖਦੀਪ ਕੌਰ ਦੀ ਹਾਲਤ ਖਰਾਬ ਹੈ ਅਤੇ ਉਹ ਸ਼ੇਰਪੁਰ ਹਸਪਤਾਲ ਵਿੱਚ ਦਾਖ਼ਲ ਹੈ। ਇਹ ਸੁਣਦੇ ਹੀ ਉਹ ਤੁਰੰਤ ਪਿੰਡ ਹੇੜੀਕੇ ਪਹੁੰਚੇ। ਉੱਥੇ ਸੁਖਦੀਪ ਕੌਰ ਘਰ ਵਿੱਚ ਹੀ ਮੰਜੇ ’ਤੇ ਮ੍ਰਿਤਕ ਪਈ ਸੀ। ਉਸ ਦੇ ਸਿਰ ’ਤੇ ਸੱਟ ਲੱਗੀ ਹੋਈ ਸੀ ਅਤੇ ਰਸੋਈ ਵਿੱਚ ਖੂਨ ਵੀ ਫੈਲਿਆ ਹੋਇਆ ਸੀ, ਜਿਸਨੂੰ ਪੋਚਾ ਮਾਰ ਕੇ ਸਾਫ ਕੀਤਾ ਗਿਆ ਸੀ।
ਉਨ੍ਹਾਂ ਦੋਸ਼ ਲਾਇਆ ਕਿ ਉਸਦੇ ਜੀਜੇ ਜਸਵੀਰ ਸਿੰਘ ਨੇ ਹੀ ਉਸਦੀ ਭੈਣ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕੀਤਾ ਹੈ। ਥਾਣਾ ਸ਼ੇਰਪੁਰ ਦੇ ਐਸਐਚਓ ਬਲੌਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕਾ ਦੇ ਭਰਾ ਮਨਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸ਼ੇਰਪੁਰ ਵਿੱਚ ਜਸਵੀਰ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।