Sangrur News : ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਸਨਮਾਨ ਲੈਣੋਂ ਕੀਤਾ ਇਨਕਾਰ, ਸ਼ਾਂਤਮਈ ਢੰਗ ਨਾਲ ਵਿਰੋਧ ਕਰ ਕੇ ਆਏ ਸਮਾਗਮ ਪੰਡਾਲ ’ਚੋਂ ਬਾਹਰ
ਪੁਲਿਸ ਲਾਈਨ ਵਿੱਚ 77ਵਾਂ ਗਣਤੰਤਰਤਾ ਦਿਵਸ ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੇ ਸਰਕਾਰੀ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਾਂਤਮਈ ਢੰਘ ਨਾਲ ਵਿਰੋਧ ਕਰਦਿਆਂ ਸਮਾਗਮ ਵਾਲੇ ਪੰਡਾਲ ’ਚੋਂ ਬਾਹਰ ਆ ਗਏ।
Publish Date: Tue, 27 Jan 2026 08:44 PM (IST)
Updated Date: Tue, 27 Jan 2026 08:46 PM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪੁਲਿਸ ਲਾਈਨ ਵਿੱਚ 77ਵਾਂ ਗਣਤੰਤਰਤਾ ਦਿਵਸ ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੇ ਸਰਕਾਰੀ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਾਂਤਮਈ ਢੰਘ ਨਾਲ ਵਿਰੋਧ ਕਰਦਿਆਂ ਸਮਾਗਮ ਵਾਲੇ ਪੰਡਾਲ ’ਚੋਂ ਬਾਹਰ ਆ ਗਏ।
ਇਸ ਮੌਕੇ ਫਰੀਡਮ ਫਾਈਟਰ ਉੱਤਰ ਅਧਿਕਾਰੀ ਸੰਸਥਾ ਦੇ ਸਰਪ੍ਰਸਤ ਹਰਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਸਨਮਾਨ ਦਾ ਸ਼ਾਂਤੀਪੂਰਵਕ ਵਿਰੋਧ ਕੀਤਾ ਗਿਆ ਅਤੇ ਸਨਮਾਨ ਪ੍ਰਾਪਤ ਨਹੀਂ ਕੀਤੇ ਗਏ ਜਿਉਂ ਹੀ ਮੰਚ ਤੋਂ ਮੁਖ ਮਹਿਮਾਨ ਸੰਧਵਾਂ ਨੇ ਬੋਲਣਾ ਸ਼ੁਰੂ ਕੀਤਾ ਤਾਂ ਆਜ਼ਾਦੀ ਘੁਲਾਟੀਏ ਅਤੇ ਉਨ੍ਹਾਂ ਦੇ ਵਾਰਸ ਸਨਮਾਨ ਲਏ ਬਿਨਾਂ ਸ਼ਾਂਤੀਪੂਰਵਕ ਢੰਗ ਨਾਲ ਬਾਈਕਾਟ ਕਰ ਕੇ ਪੰਡਾਲ ’ਚੋਂ ਬਾਹਰ ਚਲੇ ਗਏ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਚਾਰ ਸਾਲ ਬੀਤ ਜਾਣ ਉਪਰੰਤ ਵੀ ਫਰੀਡਮ ਫਾਈਟਰ, ਉੱਤਰਾ ਅਧਿਕਾਰੀ ਸੰਸਥਾ ਪੰਜਾਬ ਨੂੰ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇਣ ਉਪਰੰਤ ਵੀ ਕੋਈ ਮੀਟਿੰਗ ਨਹੀਂ ਕੀਤੀ ਗਈ ਜਿਸ ਦੇ ਸਬੰਧ ਵਿੱਚ ਪਿਛਲੇ ਦਿਨੀਂ ਊਧਮ ਸਿੰਘ ਸੁਨਾਮ ਜ਼ਿਲ੍ਹਾ ਸੰਗਰੂਰ ਆਮ ਆਦਮੀ ਪਾਰਟੀ ਦੇ ਸੁਬਾ ਪ੍ਰਧਾਨ ਅਮਨ ਅਰੋੜਾ ਦੀ ਕੋਠੀ ਨਜ਼ਦੀਕ ਕਰੀਬ 9 ਦਿਨ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ।
23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਮੌਕੇ ਧਰਨੇ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਰਾਹੀਂ ਮੁੱਖ ਮੰਤਰੀ ਵੱਲੋਂ ਚਿੱਠੀ ਲਿਖ ਕੇ 28 ਜਨਵਰੀ ਨੂੰ ਮੀਟਿੰਗ ਨਿਸ਼ਚਿਤ ਕੀਤੀ ਗਈ। ਜਦੋਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲਿਆਂ ਦਾ ਸੂਬੇ ਵਿੱਚ ਅਜਿਹਾ ਮੰਦਾ ਹਾਲ ਹੈ ਤਾਂ ਆਮ ਜਨਤਾ ਦਾ ਕੀ ਹੁੰਦਾ ਹੋਵੇਗਾ।
ਇਸ ਮੌਕੇ ਗੁਰਇੰਦਰ ਪਾਲ ਸਿੰਘ, ਅਜੀਤਪਾਲ ਪਾਲੀ, ਐੱਚਐੱਸ ਬਾਲੀ, ਕਿਰਨਜੋਤ ਬਾਲੀ, ਐਡਵੋਕੇਟ ਦਲਜੀਤ ਸਿੰਘ, ਸਰਬਜੀਤ ਸਿੰਘ, ਜੋਗਿੰਦਰ ਸਿੰਘ ਢੱਡਰੀਆਂ, ਕਮਲਜੀਤ ਚੀਮਾ, ਗੁਰਪ੍ਰੀਤ ਸਿੰਘ, ਸੁਖਮਿੰਦਰ ਸਿੰਘ ਬਡਰੁੱਖਾਂ ਹਾਜ਼ਰ ਸਨ।