- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ 'ਤੇ ਸਥਿਤ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਦੇ ਸਾਹਮਣੇ ਸਥਿਤ ਇੱਕ ਨਿੱਜੀ ਬੈਂਕ ਦੇ ਸੇਲਜ਼ ਮੈਨੇਜਰ ਵੱਲੋਂ ਬੈਂਕ ਦੇ ਮੁਲਾਜ਼ਮ ਨਾਲ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ।
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ 'ਤੇ ਸਥਿਤ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਦੇ ਸਾਹਮਣੇ ਸਥਿਤ ਇੱਕ ਨਿੱਜੀ ਬੈਂਕ ਦੇ ਸੇਲਜ਼ ਮੈਨੇਜਰ ਵੱਲੋਂ ਬੈਂਕ ਦੇ ਮੁਲਾਜ਼ਮ ਨਾਲ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ।
ਮਾਮਲੇ ਸਬੰਧੀ ਗੁਰਪ੍ਰੀਤ ਸਿੰਘ ਪੁੱਤਰ ਰਾਜਪਾਲ ਵਾਸੀ ਕਕਰਾਲਾ (ਨਾਭਾ) ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਜਨਾ ਸਮਾਲ ਫਾਇਨਾਂਸ ਬੈਂਕ ਭਵਾਨੀਗੜ੍ਹ ਵਿਖੇ ਰਿਲੇਸ਼ਨਸ਼ਿਪ ਮੈਨੇਜਰ ਵਜੋਂ ਕੰਮ ਕਰਦਾ ਹੈ। ਬੀਤੀ ਸ਼ਾਮ ਉਹ ਆਪਣੀ ਡਿਊਟੀ ਸਮਾਪਤ ਕਰਕੇ ਘਰ ਚਲਾ ਗਿਆ ਸੀ ਜਿਸ ਤੋਂ ਬਾਅਦ ਬੈਂਕ ਦੇ ਸੇਲਜ਼ ਮੈਨੇਜਰ ਅਮਰੀਕ ਸਿੰਘ ਵੱਲੋਂ ਉਸਨੂੰ ਫ਼ੋਨ ਕਰਕੇ ਬੈਂਕ ਆ ਕੇ ਕੰਮ ਕਰਨ ਲਈ ਕਿਹਾ ਗਿਆ। ਪੀੜਤ ਨੇ ਦੱਸਿਆ ਕਿ ਉਸਨੇ ਸਾਫ਼ ਤੌਰ ’ਤੇ ਕਹਿ ਦਿੱਤਾ ਕਿ ਉਸਦੀ ਡਿਊਟੀ ਦਾ ਸਮਾਂ ਖਤਮ ਹੋ ਚੁੱਕਾ ਹੈ ਅਤੇ ਉਹ ਸਵੇਰੇ ਨਿਰਧਾਰਤ ਸਮੇਂ 'ਤੇ ਹੀ ਕੰਮ ਕਰੇਗਾ।
ਸ਼ਿਕਾਇਤਕਰਤਾ ਮੁਤਾਬਕ ਅਗਲੇ ਦਿਨ ਸਵੇਰੇ ਸਵਾ ਕੁ 11 ਵਜੇ ਉਕਤ ਸੇਲਜ਼ ਮੈਨੇਜਰ ਬੈਂਕ ਵਿਚ ਆ ਗਿਆ 'ਤੇ ਉਸ ਨਾਲ ਕੁੱਟਮਾਰ ਕਰਨ ਲੱਗ ਪਿਆ। ਪੀੜਿਤ ਵਿਅਕਤੀ ਦਾ ਦੋਸ਼ ਹੈ ਕਿ ਉਕਤ ਵਿਅਕਤੀ ਨੇ ਉਸ ਨਾਲ ਗਾਲੀ ਗਲੋਚ ਕਰਦਿਆਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਿਸ ਦੌਰਾਨ ਬੈਂਕ ਦੇ ਬਾਕੀ ਸਟਾਫ਼ ਨੇ ਮੁਸ਼ਕਿਲ ਨਾਲ ਉਸਦੀ ਜਾਨ ਬਚਾਈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੈਂਕ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖ ਕੇ ਪੂਰੀ ਘਟਨਾ ਦੀ ਪੜਤਾਲ ਕੀਤੀ ਜਾ ਸਕਦੀ ਹੈ। ਸ਼ਿਕਾਇਤਕਰਤਾ ਨੇ ਪੁਲਸ ਕੋਲੋਂ ਉਕਤ ਵਿਅਕਤੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।
ਮੇਰੇ 'ਤੇ ਲਾਏ ਦੋਸ਼ ਬੇਬੁਨਿਆਦ ਹਨ : ਸੇਲਜ਼ ਮੈਨੇਜਰ
ਓਧਰ, ਦੂਜੇ ਪਾਸੇ ਬੈਂਕ ਦੇ ਉਕਤ ਸੇਲਜ਼ ਮੈਨੇਜਰ ਅਮਰੀਕ ਸਿੰਘ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਅਤੇ ਆਖਿਆ ਕਿ ਉਕਤ ਗੁਰਪ੍ਰੀਤ ਸਿੰਘ ਨੇ ਉਸ ਨੂੰ ਮੁੱਕੇ ਮਾਰੇ ਜਿਸ ਨਾਲ ਉਸਦੇ ਨੱਕ ਤੋਂ ਖੂਨ ਵਗਣ ਲੱਗ ਪਿਆ।
ਉਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ : ਬ੍ਰਾਂਚ ਹੈੱਡ
ਮਾਮਲੇ ਸਬੰਧੀ ਬੈਂਕ ਦੇ ਬ੍ਰਾਂਚ ਹੈੱਡ ਸੁਰਿੰਦਰ ਕੁਮਾਰ ਪ੍ਰਜਾਪਤੀ ਨਾਲ ਜਦੋਂ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਆਖਣਾ ਸੀ ਕਿ ਫਿਲਹਾਲ ਉਹ ਫੀਲਡ ਵਿਚ ਗਏ ਹੋਏ ਹਨ। ਬੈਂਕ 'ਚ ਮੁਲਾਜ਼ਮਾਂ ਵਿਚਾਲੇ ਹੋਏ ਵਿਵਾਦ ਬਾਰੇ ਪਤਾ ਲੱਗਾ ਹੈ ਜਿਸ ਸਬੰਧੀ ਉਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਅਧਿਕਾਰੀਆਂ ਨੇ ਮਾਮਲੇ ਸਬੰਧੀ ਵਿਭਾਗੀ ਕਾਰਵਾਈ ਕਰਨ ਦੀ ਗੱਲ ਆਖੀ ਹੈ।