ਪਿੰਡ ਵਾਸੀਆਂ ਤੇ ਨਿਹੰਗ ਸਿੰਘਾਂ ਵਿਚਕਾਰ ਪੈਦਾ ਵਿਵਾਦ ਹੋਇਆ ਹੱਲ
ਮਾਮਲਾ ਪਿੰਡ ਠੁੱਲੀਵਾਲ ਦੇ ਡੇਰੇ ਦੀ ਜਮੀਨ ਦਾ::ਪਿੰਡ ਵਾਸੀਆਂ ਅਤੇ ਨਿਹੰਗ ਸਿੰਘਾਂ ਵਿਚਕਾਰ ਪੈਦਾ ਵਿਵਾਦ ਹੋਇਆ ਹੱਲ
Publish Date: Wed, 22 Apr 2026 03:54 PM (IST)
Updated Date: Thu, 23 Apr 2026 04:01 AM (IST)

ਮਾਮਲਾ ਪਿੰਡ ਠੁੱਲੀਵਾਲ ਦੇ ਡੇਰੇ ਦੀ ਜਮੀਨ ਦਾ , ਪ੍ਰਸ਼ਾਸਨ ਦੀ ਸੂਝ-ਬੂਝ ਨਾਲ ਗ੍ਰਾਮ ਪੰਚਾਇਤ ਦੀ ਹਾਜਰੀ ਚ ਮਸਲੇ ਦਾ ਹੱਲ ਕੀਤਾ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਪਿੰਡ ਠੁੱਲੀਵਾਲ ਵਿਖੇ ਡੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੰਜਰ ਪਈ ਜਮੀਨ ਤੇ ਨਿਹੰਗ ਸਿੰਘ ਜਥੇਬੰਦੀ ਅਤੇ ਪਿੰਡ ਵਾਸੀਆਂ ਦਰਮਿਆਨ ਪੈਦਾ ਹੋਏ ਵਿਵਾਦ ’ਚ ਨਵਾਂ ਮੋੜ ਆਇਆ ਜਦੋਂ ਪੁਲਿਸ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ’ਚ ਨਿਹੰਗ ਸਿੰਘ ਜਥੇਬੰਦੀ ਵੱਲੋਂ ਸਥਿਤੀ ਨੂੰ ਸਪੱਸ਼ਟ ਕਰ ਦਿੱਤਾ ਗਿਆ। ਇਸ ਮੌਕੇ ਕੌਮ ਦੀ ਪਹਿਚਾਣ ਨਿਹੰਗ ਜਥੇਬੰਦੀ ਦੇ ਸੇਵਾਦਾਰ ਨਿਹੰਗ ਭਾਈ ਬੱਗਾ ਸਿੰਘ ਖਾਲਸਾ, ਭਾਈ ਮਨਦੀਪ ਸਿੰਘ ਖਾਲਸਾ, ਮਹਾਂਕਾਲ ਜਗਸੀਰ ਸਿੰਘ ਖਾਲਸਾ, ਭਾਈ ਹਰਜਿੰਦਰ ਸਿੰਘ ਖਾਲਸਾ, ਭਾਈ ਮਹਿਤਾਬ ਸਿੰਘ ਖਾਲਸਾ ਨੇ ਕਿਹਾ ਕਿ ਪਿੰਡ ਟਿੱਬਾ ਦੇ ਇੱਕ ਵਿਅਕਤੀ ਵੱਲੋਂ ਉਹਨਾਂ ਨੂੰ ਆਪਣੀ ਜਮੀਨ ’ਚ ਪੜਾਅ ਲਗਾਉਣ ਸਬੰਧੀ ਕਿਹਾ ਗਿਆ ਸੀ, ਜਿਸ ਤੋਂ ਬਾਅਦ ਕੁੱਝ ਸਿੰਘ ਇਸ ਜਮੀਨ ’ਚ ਉਸਦੇ ਨਾਲ ਪੁੱਜੇ। ਮੌਕੇ ’ਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ ਤੇ ਉਸੇ ਦਿਨ ਘਟਨਾ ਸਥਾਨ ਤੋਂ ਨਿਹੰਗ ਸਿੰਘਾਂ ਦੇ ਅਕਸ ਨੂੰ ਢਾਹ ਲਾਉਣ ਦੀਆਂ ਵੀਡੀਓਜ਼ ਵਾਇਰਲ ਹੋਈਆ। ਜਦੋਂ ਪਿੰਡ ਵਾਸੀਆਂ ਤੋਂ ਨਿਹੰਗ ਸਿੰਘਾਂ ਨੇ ਜਮੀਨ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਤਾਂ ਮਾਮਲਾ ਕੁਝ ਹੋਰ ਨਿਕਲਿਆ, ਉਸ ਵਿਅਕਤੀ ਨੇ ਜਮੀਨ ਤੇ ਕਬਜਾ ਕਰਨ ਦੀ ਨੀਅਤ ਨਾਲ ਸਿੰਘਾਂ ਨੂੰ ਧੋਖੇ ’ਚ ਰੱਖਿਆ। ਜਦਕਿ ਇਹ ਜਮੀਨ ਪਿੰਡ ਠੁੱਲੀਵਾਲ ਦੇ ਹੀ ਇੱਕ ਡੇਰੇ ਦੇ ਨਾਮ ਹੈ। ਉਨ੍ਹਾਂ ਕਿਹਾ ਕਿ ਸਿੰਘ ਹਮੇਸ਼ਾ ਪਿੰਡਾਂ ਦੇ ਮੋਹਤਵਰਾਂ ਦਾ ਸਤਿਕਾਰ ਕਰਦੇ ਹਨ ਤੇ ਪਿੰਡ ਦੇ ਕਿਸੇ ਵੀ ਰੌਲੇ ’ਚ ਉਹ ਨਹੀਂ ਆਉਣਗੇ। ਇਸ ਮੌਕੇ ਸਰਪੰਚ ਪਰਮਜੀਤ ਕੌਰ ਸਿੱਧੂ, ਯੂਥ ਆਗੂ ਹਰਤੇਜ ਸਿੰਘ ਸਿੱਧੂ, ਜਸਵਿੰਦਰ ਸਿੰਘ ਜੱਸੀ, ਪੰਚ ਹਰਜੀਤ ਸਿੰਘ, ਹਰਜਿੰਦਰ ਸਿੰਘ ਸੋਹੀ, ਪੰਚ ਲਖਵੀਰ ਸਿੰਘ ਅਤੇ ਹਰਜੀਤ ਸਿੰਘ ਨੇ ਦੱਸਿਆ ਕਿ ਇਹ ਜਮੀਨ ਪਿੰਡ ਠੁੱਲੀਵਾਲ ਦੀ ਜਮੀਨ ਹੈ ਜਦਕਿ ਉਕਤ ਵਿਅਕਤੀ ਇਸ ਤੇ ਕਬਜਾ ਕਰਨਾ ਚਾਹੁੰਦਾ ਹੈ। ਇਸੇ ਮਕਸਦ ਤਹਿਤ ਹੀ ਉਹਨਾਂ ਨਿਹੰਗ ਸਿੰਘਾਂ ਨੂੰ ਗੁੰਮਰਾਹ ਕਰਕੇ ਇੱਥੇ ਲੈ ਆਦਾ। ਉਨ੍ਹਾਂ ਕਿਹਾ ਕਿ ਅੱਜ ਪਿੰਡ ਵਾਸੀਆਂ ਦੀ ਹਾਜਰੀ ’ਚ ਨਿਹੰਗ ਸਿੰਘ ਜਥੇਬੰਦੀ ਦੇ ਸੇਵਾਦਾਰ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਮਾਮਲੇ ’ਚ ਕਿਸੇ ਤਰ੍ਹਾਂ ਦਾ ਦਖਲ ਨਹੀਂ ਦੇਣਗੇ। ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਹਮੇਸ਼ਾਂ ਨਿਹੰਗ ਸਿੰਘ ਜਥੇਬੰਦੀ ਦਾ ਸਤਿਕਾਰ ਕਰਦੇ ਹਨ ਜਦ ਵੀ ਇਹਨਾਂ ਨੂੰ ਪਿੰਡ ਠੁੱਲੀਵਾਲ ਵਿਖੇ ਇੱਕ ਦੋ ਦਿਨ ਰਹਿਣ ਲਈ ਪੜਾਅ ਵਾਸਤੇ ਥਾਂ ਚਾਹੀਦੀ ਹੋਵੇਗੀ, ਪਿੰਡ ਵਾਸੀ ਮਾਣ ਸਤਿਕਾਰ ਤਹਿਤ ਪ੍ਰਬੰਧ ਕਰਕੇ ਦੇਣਗੇ। ਇਸ ਮੌਕੇ ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਗੁਰਪਾਲ ਸਿੰਘ ਨੇ ਕਿਹਾ ਕਿ ਇੱਕ ਵਿਅਕਤੀ ਇੱਥੇ ਸਾਜੋ ਸਮਾਨ ਤੇ ਟੈਂਟ ਦਾ ਸਮਾਨ ਲੈ ਕੇ ਪੁੱਜਾ ਸੀ, ਜਮੀਨ ਤੇ ਕਬਜਾ ਕਰਨਾ ਚਾਹੁੰਦਾ ਸੀ। ਜਿਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜੋ ਵੀ ਵੀਡੀਓ ਜਮੀਨ ਵਾਲੀ ਥਾਂ ਤੋਂ ਵਾਇਰਲ ਹੋਈਆਂ ਹਨ, ਉਹ ਅੱਗੇ ਸੇਅਰ ਨਾ ਕੀਤੀਆਂ ਜਾਣ ਤਾਂ ਜੋ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦਾ ਮਾਹੋਲ ਖਰਾਬ ਨਾ ਹੋਵੇ। ਨਿਹੰਗ ਸਿੰਘਾਂ ਨੂੰ ਇਸ ਜਮੀਨ ਸਬੰਧੀ ਪੂਰੀ ਜਾਣਕਾਰੀ ਦੇਣ ਤੋਂ ਬਾਅਦ ਉਹਨਾਂ ਵੀ ਪਿੰਡ ਵਾਸੀਆਂ ਨਾਲ ਭਰੋਸਾ ਬਰਕਰਾਰ ਰੱਖਣ ਦਾ ਫੈਸਲਾ ਲਿਆ ਹੈ। ਮਾਮਲੇ ਨੂੰ ਸਾਂਤੀਪੂਰਨ ਢੰਗ ਨਾ ਨਿਬੇੜ ਦਿੱਤਾ ਗਿਆ ਹੈ।