ਨੰਬਰਦਾਰਾਂ ਦੀਆਂ ਮੰਗਾਂ ਅਣਡਿੱਠੀਆਂ ਕਰਨ ’ਤੇ ਸਰਕਾਰ ਖ਼ਿਲਾਫ਼ ਰੋਸ
ਨੰਬਰਦਾਰਾਂ ਦੀਆਂ ਮੰਗਾਂ ਅਣਡਿੱਠੀਆਂ ਕਰਨ ’ਤੇ ਸਰਕਾਰ ਖ਼ਿਲਾਫ਼ ਰੋਸ
Publish Date: Thu, 09 Apr 2026 04:14 PM (IST)
Updated Date: Fri, 10 Apr 2026 04:03 AM (IST)

ਵਾਅਦੇ ਪੂਰੇ ਨਾ ਹੋਏ ਤਾਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲਕਲਾਂ : ਪੰਜਾਬ ਨੰਬਰਦਾਰ ਯੂਨੀਅਨ 643 ਸਮਰਾ ਗਰੁੱਪ ਤਹਿਸੀਲ ਮਹਿਲ ਕਲਾਂ ਦੇ ਸਮੂਹ ਨੰਬਰਦਾਰਾਂ ਦੀ ਤਹਿਸੀਲ ਪੱਧਰੀ ਮਹੱਤਵਪੂਰਨ ਮੀਟਿੰਗ ਜਥੇਬੰਦੀ ਦੇ ਤਹਿਸੀਲ ਪ੍ਰਧਾਨ ਨੰਬਰਦਾਰ ਕਲੱਟਰ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ, ਕਸਬਾ ਮਹਿਲ ਕਲਾਂ ਵਿਖੇ ਹੋਈ। ਮੀਟਿੰਗ ਦੌਰਾਨ ਸਟੇਟ ਕਮੇਟੀ ਮੈਂਬਰ ਨੰਬਰਦਾਰ ਨੰਦ ਸਿੰਘ ਕਾਹਨੇਕੇ ਅਤੇ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਹਰਦਰਸ਼ਨ ਸਿੰਘ ਕੋਟਦੁੱਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਉਪਰੰਤ ਨੰਬਰਦਾਰਾਂ ਦਾ ਮਾਨ ਭੱਤਾ 5000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇਗਾ ਤੇ ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਦਰਜਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਨੰਬਰਦਾਰਾਂ ਨਾਲ ਸਬੰਧਤ ਹੋਰ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਵੀ ਤਰਜੀਹ ਦੇ ਆਧਾਰ ’ਤੇ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਸਰਕਾਰ ਨੂੰ ਬਣੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਨੰਬਰਦਾਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਆਗੂਆਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਕਈ ਵਾਰ ਮੰਤਰੀਆਂ, ਵਿਧਾਇਕਾਂ, ਹਲਕਾ ਇੰਚਾਰਜਾਂ ਅਤੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੰਗਾਂ ਅਜੇ ਤੱਕ ਲਟਕੀਆਂ ਪਈਆਂ ਹਨ। ਹਾਲ ਹੀ ’ਚ ਪੇਸ਼ ਕੀਤੇ ਗਏ ਪੰਜਾਬ ਦੇ ਬਜਟ ’ਚ ਵੀ ਨੰਬਰਦਾਰਾਂ ਦੀ ਭਲਾਈ ਲਈ ਕੋਈ ਵਿਸ਼ੇਸ਼ ਪ੍ਰਬੰਧ ਨਾ ਹੋਣ ਕਾਰਨ ਵਰਗ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਮੌਕੇ ਤਹਿਸੀਲ ਪ੍ਰਧਾਨ ਕਲੱਟਰ ਸਿੰਘ ਪੰਡੋਰੀ, ਮੀਤ ਪ੍ਰਧਾਨ ਜਸਵੰਤ ਸਿੰਘ ਕਲਾਲ ਮਾਜਰਾ, ਜਨਰਲ ਸਕੱਤਰ ਡਾ. ਸੁਖਵਿੰਦਰ ਸਿੰਘ ਠੁੱਲੀਵਾਲ ਅਤੇ ਖ਼ਜ਼ਾਨਚੀ ਮਹਿੰਦਰ ਸਿੰਘ ਸਹੌਰ ਨੇ ਕਿਹਾ ਕਿ ਨੰਬਰਦਾਰਾਂ ਦਾ ਮਾਨ ਭੱਤਾ ਮੌਜੂਦਾ 1500 ਰੁਪਏ ਤੋਂ ਵਧਾ ਕੇ 5000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਦਰਜਾ ਦਿੱਤਾ ਜਾਵੇ, ਤਹਿਸੀਲ ਦਫ਼ਤਰਾਂ ’ਚ ਨੰਬਰਦਾਰਾਂ ਲਈ ਵੱਖਰੇ ਕਮਰਿਆਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਬਕਾਇਆ ਮਾਨ ਭੱਤਾ ਤੁਰੰਤ ਜਾਰੀ ਕੀਤਾ ਜਾਵੇ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਸਰਕਾਰ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਮੀਟਿੰਗ ’ਚ ਨੰਬਰਦਾਰ ਕੁਲਵੰਤ ਸਿੰਘ ਮੂੰਮ, ਨੰਬਰਦਾਰ ਦਵਿੰਦਰ ਸਿੰਘ ਵਜੀਦਕੇ ਖੁਰਦ, ਨੰਬਰਦਾਰ ਦਰਸ਼ਨ ਸਿੰਘ ਸਹੌਰ, ਨੰਬਰਦਾਰ ਬਲਵੀਰ ਸਿੰਘ ਕੋਟ ਦੁੱਨਾ, ਨੰਬਰਦਾਰ ਕੋਮਲਜੀਤ ਸਿੰਘ ਚੌਹਾਨ ਕੇ ਖੁਰਦ, ਨੰਬਰਦਾਰ ਤਰਲੋਚਨ ਸਿੰਘ ਧਨੇਰ, ਨੰਬਰਦਾਰ ਕੁਲਵਿੰਦਰ ਸਿੰਘ ਕਲਾਲ ਮਾਜਰਾ ਸਮੇਤ ਹੋਰ ਨੰਬਰਦਾਰ ਹਾਜ਼ਰ ਸਨ।