ਤਪਾ ਮੰਡੀ ’ਚ ਡਰਾਈਵਰ ਨੂੰ ਬਾਈਕ ਸਵਾਰ ਲੁਟੇਰਿਆਂ ਨੇ ਲੁੱਟਿਆ
ਤਪਾ ਮੰਡੀ ਵਿਖੇ ਲੁਟੇਰਿਆਂ ਦਾ ਕਹਿਰ ਜਾਰੀ ਪੁਲਿਸ ਬੇਵਸ
Publish Date: Sat, 24 Jan 2026 04:18 PM (IST)
Updated Date: Sun, 25 Jan 2026 04:01 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਪਿਛਲੇ ਕੁਝ ਦਿਨਾਂ ਤੋਂ ਇਲਾਕੇ ਅੰਦਰ ਲੁਟੇਰਿਆਂ ਦਾ ਗਿਰੋਹ ਇਸ ਕਦਰ ਸਰਗਰਮ ਹੈ ਕਿ ਉਹ ਲਗਾਤਾਰ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਜਿਨ੍ਹਾਂ ਅੱਗੇ ਪੁਲਿਸ ਵੀ ਬੇਬੱਸ ਦਿਖਾਈ ਦੇ ਰਹੀ ਹੈ। ਪੁਲਿਸ ਦੇ ਕਈ ਤਰ੍ਹਾਂ ਦੇ ਆਪ੍ਰੇਸ਼ਨ ਚਲਦੇ ਹੋਣ ਦੇ ਬਾਵਜੂਦ ਵੀ ਹਰ ਰੋਜ਼ ਲੁੱਟ ਦੀਆਂ ਘਟਨਾਵਾਂ ਹੋ ਰਹੀਆਂ ਹਨ ਅਜਿਹੀ ਹੀ ਲੁੱਟ, ਖੋਹ ਦੀ ਘਟਨਾ ਤਪਾ ਢਿਲਵਾਂ ਡਰੇਨ ਨਜ਼ਦੀਕ ਵਾਪਰੀ, ਜਦੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਡਰਾਈਵਰ ਨੂੰ ਹੀ ਆਪਣਾ ਨਿਸ਼ਾਨਾ ਬਣਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਟਨਾ ਦਾ ਸ਼ਿਕਾਰ ਹੋਇਆ ਪੀੜਤ ਨਾਹਰਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਢਿਲਵਾਂ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਡਰਾਈਵਰੀ ਕਰਦਾ ਹੈ। ਅੱਜ ਉਹ ਆਪਣੀ ਤਨਖਾਹ ਜੋ ਕਰੀਬ 9 ਹਜ਼ਾਰ ਰੁਪਿਆ ਸੀ, ਆਪਣੇ ਬਟੂਏ ’ਚ ਪਾ ਕੇ ਵਾਪਸ ਆਪਣੇ ਪਿੰਡ ਢਿਲਵਾਂ ਜਾ ਰਿਹਾ ਸੀ। ਜਦੋਂ ਉਹ ਮੋਟਰਸਾਈਕਲ ਤੇ ਢਿਲਵਾਂ ਡਰੇਨ ਨਜ਼ਦੀਕ ਪੁੱਜਾ ਤਾਂ ਪਿੱਛੋਂ ਮੋਟਰਸਾਈਕਲ ’ਤੇ ਸਵਾਰ 2 ਨੌਜਵਾਨ ਉਸ ਨਜ਼ਦੀਕ ਆਏ, ਜਿਨ੍ਹਾਂ ਉਸਦੇ ਕੁੜਤੇ ਦੀ ਸਾਈਡ ’ਤੇ ਲੱਗੇ ਗੀਜੇ (ਜੇਬ) ਨੂੰ ਹੱਥ ਪਾਇਆ ਤੇ ਪੱਟ ਕੇ ਲੈ ਗਏ। ਇਸ ’ਚ ਉਸਦਾ ਬਟੂਆ ਪਾਇਆ ਹੋਇਆ ਸੀ ’ਚ ਉਸਦੀ ਤਨਖਾਹ ਅਤੇ ਜ਼ਰੂਰੀ ਦਸਤਾਵੇਜ਼ ਸਨ। ਉਸ ਨੇ ਤੁਰੰਤ ਉਨ੍ਹਾਂ ਲੁਟੇਰਿਆਂ ਦਾ ਪਿੱਛਾ ਵੀ ਕਰਨਾ ਚਾਹਿਆ ਪ੍ਰੰਤੂ ਉਦੋਂ ਤਕ ਉਹ ਲੁਟੇਰੇ ਉਸ ਦੀ ਪਹੁੰਚ ਤੋਂ ਦੂਰ ਜਾ ਚੁੱਕੇ ਸਨ। ਘਟਨਾ ਉਪਰੰਤ ਉਸ ਨੇ ਤੁਰੰਤ ਇਸਦੀ ਸੂਚਨਾ ਤਪਾ ਪੁਲਿਸ ਨੂੰ ਦਿੱਤੀ। ਫਿਲਹਾਲ ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਵੱਖ-ਵੱਖ ਪਹਿਲੂਆਂ ਤੇ ਪੜਤਾਲ ਆਰੰਭ ਦਿੱਤੀ ਹੈ। ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੁਲਿਸ ਇਨ੍ਹਾਂ ਲੁਟੇਰਿਆਂ ਤਕ ਕਦੋਂ ਪਹੁੰਚਦੀ ਹੈ।