ਰਾਮਨਗਰ ਬਸਤੀ ਦੇ ਲੋਕ ਦੂਸ਼ਿਤ ਪਾਣੀ ਪੀਣ ਨੂੰ ਮਜਬੂਰ
ਰਾਮਨਗਰ ਬਸਤੀ ਦੇ ਬਸ਼ਿੰਦੇ ਦੂਸ਼ਿਤ ਪਾਣੀ ਪੀਣ ਨੂੰ ਮਜਬੂਰ
Publish Date: Wed, 01 Apr 2026 06:40 PM (IST)
Updated Date: Wed, 01 Apr 2026 06:43 PM (IST)

- ਸੀਵਰੇਜ ਦਾ ਗੰਦਾ ਪਾਣੀ ਮਿਲ ਕੇ ਆ ਰਿਹਾ ਟੂਟੀਆਂ ’ਚ, ਲੋਕ ਪੈ ਰਹੇ ਬਿਮਾਰ ਜਸਵੀਰ ਸਿੰਘ, ਪੰਜਾਬੀ ਜਾਗਰਣ ਸੰਗਰੂਰ : ਸ਼ਹਿਰ ਦੇ ਵਾਰਡ ਨੰਬਰ 23 ਵਿੱਚ ਸਥਿਤ ਰਾਮ ਨਗਰ ਬਸਤੀ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਕਿਉਂਕਿ ਇੱਥੇ ਲੋਕਾਂ ਦੇ ਘਰਾਂ ਵਿੱਚ ਸਪਲਾਈ ਹੋਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ। ਜਿਸ ਕਾਰਨ ਇੱਥੋਂ ਦੇ ਲੋਕ ਕਈ ਗੰਭੀਰ ਬਿਮਾਰੀਆਂ ਨਾਲ ਪੀੜਤ ਹੋ ਰਹੇ ਹਨ ਅਤੇ ਹੁਣ ਤੱਕ ਦੂਸ਼ਿਤ ਪਾਣੀ ਪੀਣ ਕਾਰਨ ਕਈ ਮੌਤਾਂ ਵੀ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਗਲੀਆਂ ਵਿੱਚ ਭਰਿਆ ਥਾਂ-ਥਾਂ ਗੰਦਾ ਪਾਣੀ ਇਸ ਵਾਰਡ ਦੇ ਲੋਕਾਂ ਦੇ ਦਰਦ ਦੀ ਕਹਾਣੀ ਬਿਆਨ ਕਰਦਾ ਹੈ। ਪਰ ਇਸ ਪਾਸੇ ਕੋਈ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਿਹਾ ਅਤੇ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦਾ ਸਲੱਮ ਏਰੀਆ ਰਾਮ ਨਗਰ ਬਸਤੀ ਵਿੱਚ ਤਿੰਨ ਦਹਾਕੇ ਪਹਿਲਾਂ ਵਾਟਰ ਸਪਲਾਈ ਦੀ ਪਾਈਪਲਾਈਨ ਵਿਛਾਈ ਗਈ ਸੀ ਅਤੇ ਮੌਜੂਦਾ ਸਮੇਂ ਇਹ ਥਾਂ-ਥਾਂ ਟੁੱਟ-ਭੱਜ ਗਈ ਹੈ ਅਤੇ ਪਾਣੀ ਦੀ ਲੀਕੇਜ ਹੋਣ ਕਾਰਨ ਗਲੀਆਂ ਵਿੱਚ ਗੰਦਾ ਪਾਣੀ ਭਰਿਆ ਹੋਇਆ ਹੈ। ਇੱਥੋਂ ਦੇ ਵਸਨੀਕ ਕਰਮਜੀਤ ਸਿੰਘ, ਗੁਰਚਰਨ ਸਿੰਘ, ਪਰਮਜੀਤ ਕੌਰ, ਗੁਰਪ੍ਰੀਤ ਸਿੰਘ ਅਤੇ ਸੁਖਪਾਲ ਕੌਰ ਨੇ ਦੱਸਿਆ ਕਿ ਇੱਥੋਂ ਦੇ ਹਾਲਾਤ ਬੇਹੱਦ ਖ਼ਰਾਬ ਅਤੇ ਚਿੰਤਾਜਨਕ ਬਣੇ ਹੋਏ ਹਨ। ਸੀਵਰੇਜ ਦਾ ਗੰਦਾ ਪਾਣੀ ਘਰਾਂ ਦੀਆਂ ਟੂਟੀਆਂ ਵਿੱਚ ਮਿਲ ਕੇ ਆ ਰਿਹਾ ਹੈ। ਜਿਸ ਨੂੰ ਮਜਬੂਰੀਵੱਸ ਇੱਥੋਂ ਦੇ ਲੋਕ ਇਸਤੇਮਾਲ ਕਰ ਰਹੇ ਹਨ। ਪਾਣੀ ਇਨ੍ਹਾਂ ਜ਼ਿਆਦਾ ਗੰਦਾ ਅਤੇ ਬਦਬੂਦਾਰ ਹੈ ਕਿ ਇਸ ਨੂੰ ਪੀਣ ਨਾਲ ਮੁਹੱਲੇ ਦੇ ਕਈ ਲੋਕ ਕਾਲਾ ਪੀਲੀਆ ਜਿਹੀਆਂ ਗੰਭੀਰ ਬਿਮਾਰੀਆਂ ਲੱਗਣ ਕਾਰਨ ਕਰੀਬ 33 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਹਾਲੇ ਵੀ ਬਿਮਾਰੀਆਂ ਨਾਲ ਜੂਝ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਥੇ ਰਹਿਣ ਵਾਲੇ ਜ਼ਿਆਦਾਤਰ ਲੋਕ ਗ਼ਰੀਬ ਤਬਕੇ ਨਾਲ ਸਬੰਧਿਤ ਹਨ ਅਤੇ ਮਿਹਨਤ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਥੋੜ੍ਹੇ ਬਹੁਤੇ ਲੋਕਾਂ ਨੇ ਆਰਓ ਲਵਾ ਰੱਖੇ ਹਨ, ਪਰ ਹਰ ਕਿਸੇ ਲਈ ਆਰਓ ਲਵਾਉਣਾ ਔਖਾ ਹੈ। ਅਜਿਹੇ ਵਿੱਚ ਲੋਕ ਇਸ ਦੂਸ਼ਿਤ ਪਾਣੀ ਨੂੰ ਹੀ ਪੀਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਇੱਥੇ ਸੀਵਰੇਜ ਦੀ ਨਵੀਂ ਲਾਈਨ ਪਾਉਣ ਦਾ ਕੰਮ ਸ਼ੁਰੂ ਹੋਇਆ ਸੀ, ਪਰ ਜ਼ਿਆਦਾਤਰ ਗਲੀਆਂ ਵਿੱਚ ਟੋਏ ਪੁੱਟ ਕੇ ਇੰਝ ਹੀ ਛੱਡ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਹੁਣ ਸੀਵਰੇਜ ਦਾ ਪਾਣੀ ਹਰ ਸਮੇਂ ਭਰਿਆ ਰਹਿੰਦਾ ਹੈ। ਘਰਾਂ ਦੀਆਂ ਕੰਧਾਂ ਨਾਲ ਪਾਣੀ ਖੜ੍ਹਾ ਰਹਿਣ ਕਾਰਨ ਕੰਧਾਂ ਕਮਜ਼ੋਰ ਹੋ ਰਹੀਆਂ ਹਨ, ਜੋ ਕਿਸੇ ਵੇਲੇ ਵੀ ਡਿੱਗ ਸਕਦੀਆਂ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਛੇਤੀ ਹੱਲ ਕੀਤਾ ਜਾਵੇ, ਤਾਂ ਜੋ ਉਹ ਵੀ ਕੁਝ ਸੁੱਖ ਦਾ ਸਾਹ ਲੈ ਸਕਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਕੁਝ ਦਿਨਾਂ ਵਿੱਚ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਮੁਹੱਲਾ ਵਾਸੀ ਪ੍ਰਸ਼ਾਸਨ ਖ਼ਿਲਾਫ਼ ਕੋਈ ਵੱਡਾ ਐਕਸ਼ਨ ਕਰਨ ਲਈ ਮਜਬੂਰ ਹੋ ਜਾਣਗੇ। - ਡੀਸੀ ਨੂੰ ਦਿੱਤਾ ਮੰਗ ਪੱਤਰ, ਛੇਤੀ ਹੋਵੇਗੀ ਸਮੱਸਿਆ ਹੱਲ ਬੁੱਧਵਾਰ ਨੂੰ ਰਾਮਨਗਰ ਬਸਤੀ ਦੇ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਭਾਜਪਾ ਆਗੂਆਂ ਮਨਿੰਦਰ ਸਿੰਘ ਕਪਿਆਲ, ਐਡਵੋਕੇਟ ਲਲਿਤ ਕੁਮਾਰ ਗਰਗ, ਸੁਨੀਲ ਕੁਮਾਰ ਡਿੰਪਲ, ਕੇਵਲ ਕ੍ਰਿਸ਼ਨ ਅਤੇ ਅਵਤਾਰ ਸਿੰਘ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੂੰ ਮੰਗ ਪੱਤਰ ਦਿੱਤਾ ਅਤੇ ਮੁਹੱਲੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦੇ ਹੋਏ ਮੰਗ ਕੀਤੀ ਕਿ ਇਨ੍ਹਾਂ ਗ਼ਰੀਬ ਲੋਕਾਂ ਦੀਆਂ ਸਮੱਸਿਆਵਾਂ ਛੇਤੀ ਹੱਲ ਕੀਤੀਆਂ ਜਾਣ। ਜਿਸ ’ਤੇ ਡੀਸੀ ਰਾਹੁਲ ਚਾਬਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਪਾਸੇ ਫੌਰੀ ਕਦਮ ਚੁੱਕੇ ਜਾਣਗੇ।