ਬੇਸਬਾਲ ਨਾਲ ਹਮਲਾ ਕਰ ਕੇ ਵਿਅਕਤੀ ਤੋਂ 30 ਹਜ਼ਾਰ ਖੋਹੇ, ਮਾਮਲਾ ਦਰਜ
ਵਿਅਕਤੀ ਨੂੰ ਘੇਰ ਕੇ ਹਮਲਾ ਕਰਨ ਤੇ 30 ਹਜ਼ਾਰ ਰੁਪਏ ਦੀ ਨਗਦੀ ਖੋਹਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
Publish Date: Fri, 13 Mar 2026 04:16 PM (IST)
Updated Date: Sat, 14 Mar 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਸਬਜ਼ੀ ਮੰਡੀ ਬਰਨਾਲਾ ਵਿਖੇ ਰੇਹੜੀ ’ਤੇ ਸਬਜ਼ੀ ਲੈਣ ਜਾ ਰਹੇ ਵਿਅਕਤੀ ਨੂੰ ਘੇਰ ਕੇ ਹਮਲਾ ਕਰਨ ਤੇ 30 ਹਜ਼ਾਰ ਰੁਪਏ ਦੀ ਨਕਦੀ ਖੋਹਣ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਇਕ ਵਿਅਕਤੀ ਨੂੰ ਥਾਣਾ ਸਿਟੀ-1 ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਮੁਦੱਈ ਵਿਜੇ ਕੁਮਾਰ ਪੁੱਤਰ ਸੰਭਲ ਕੁਮਾਰ ਵਾਸੀ ਮੇਘ ਨਗਰ, ਆਜ਼ਮਗੜ੍ਹ (ਉਤਰ ਪ੍ਰਦੇਸ਼) ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਰੇਹੜੀ ’ਤੇ ਸਬਜ਼ੀ ਖਰੀਦਣ ਜਾ ਰਿਹਾ ਸੀ ਤਾਂ ਜਦੋਂ ਉਹ ਖੁੱਡੀ ਵਾਲੀ ਚੁੰਗੀ ਕੋਲ ਪਹੁੰਚਿਆ ਤਾਂ ਯੁਗੇਸ ਨਾਂ ਦੇ ਵਿਅਕਤੀ ਨੇ ਉਸਨੂੰ ਘੇਰ ਕੇ ਕਿਹਾ ਕਿ ਜੋ ਕੁੱਝ ਹੈ, ਕੱਢ ਦਿਓ, ਹਮਲਾਵਰ ਨੇ ਬੇਸਬਾਲ ਨਾਲ ਉਸ ’ਤੇ ਹਮਲਾ ਕਰ ਦਿੱਤਾ। ਹਮਲਾਵਰ ਨੇ ਮੁਦੱਈ ਦੀ ਜੇਬ ’ਚੋਂ 30 ਹਜ਼ਾਰ ਰੁਪਏ ਦੇ ਕਰੀਬ ਨਕਦੀ ਕੱਢ ਕੇ ਤਿੰਨ ਜਣੇ ਫ਼ਰਾਰ ਹੋ ਗਏ। ਪੁਲਿਸ ਵੱਲੋਂ ਯੁਗੇਸ਼, ਅੰਜੂ, ਹੈਪੀ ਵਾਸੀਅਨ ਬਰਨਾਲਾ ਖ਼ਿਲਾਫ਼ ਮਾਮਲਾ ਦਰਜ ਕਰਕੇ ਯੁਗੇਸ਼ ਨੂੰ ਗ੍ਰਿਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।