ਸੜਕ ਸੁਰੱਖਿਆ ਮਹੀਨੇ ਤਹਿਤ ਵਾਹਨਾਂ 'ਤੇ ਰਿਫਲੈਕਸ਼ਨ ਟੇਪਾਂ ਲਗਾਈਆਂ
ਸੜਕ ਸੁਰੱਖਿਆ ਮਹੀਨੇ ਤਹਿਤ ਵਾਹਨਾਂ 'ਤੇ ਰਿਫਲੈਕਸ਼ਨ ਟੇਪਾਂ ਲਗਾਈਆਂ
Publish Date: Wed, 14 Jan 2026 04:46 PM (IST)
Updated Date: Thu, 15 Jan 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸੜਕ ਸੁਰੱਖਿਆ ਮਹੀਨੇ ਤਹਿਤ ਲੋਕਾਂ ਨੂੰ ਸੜਕ ਸੁਰੱਖਿਆ ਸਬੰਧੀ ਨਿਯਮਾਂ ਦੀ ਜਾਣਕਾਰੀ ਦੇਣ ਲਈ ਆਰ.ਟੀ.ਓ ਦਫ਼ਤਰ ਬਰਨਾਲਾ ਵੱਲੋਂ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਆਰ.ਟੀ.ਓ ਜਸ਼ਨਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਵਾਹਨ ਚਲਾਉਣ ਸਮੇਂ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਅਤਿ ਜ਼ਰੂਰੀ ਹੈ। ਜਿਵੇਂ ਕਿ ਡਰਾਇਵਿੰਗ ਕਰਨ ਸਮੇਂ ਲਾਈਸੈਂਸ ਅਤੇ ਜਰੂਰੀ ਕਾਗਜ਼ਾਤ ਕੋਲ ਹੋਣਾ, ਸੀਟ ਬੈਲਟ ਦਾ ਇਸਤੇਮਾਲ, ਡਰਾਈਵ ਕਰਨ ਸਮੇਂ ਮੋਬਾਈਲ ਦੀ ਵਰਤੋਂ ਨਾ ਕਰਨੀ, ਲਾਲ ਬੱਤੀ ਦੀ ਉਲੰਘਣਾ ਨਾ ਕਰਨੀ, ਸ਼ਰਾਬ ਪੀ ਕੇ ਗੱਡੀ ਨਾ ਚਲਾਉਣੀ, ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮੇਟ ਦੀ ਵਰਤੋਂ ਕਰਨੀ, ਓਵਰ ਸਪੀਡ ਨਾ ਕਰਨੀ ਆਦਿ। ਉਨ੍ਹਾਂ ਕਿਹਾ ਕਿ ਇਹਨਾਂ ਸੜਕ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਸੜਕ ਹਾਦਸਿਆਂ ’ਚ ਵਾਧੇ ਦੇ ਨਾਲ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਇਸ ਜਾਗਰੂਕਤਾ ਗਤੀਵਿਧੀ ਦੌਰਾਨ ਲੋਕਾਂ ਨੂੰ ਨਿਯਮਾਂ ਦੀ ਜਾਣਕਾਰੀ ਦੇਣ ਤੋਂ ਇਲਾਵਾ ਵਾਹਨਾਂ ਤੇ ਰਿਫਲੈਕਸ਼ਨ ਟੇਪਾਂ ਲਗਾਈਆਂ ਗਈਆਂ। ਜਿਸ ਨਾਲ ਧੁੰਦ ਅਤੇ ਰਾਤ ਸਮੇਂ ਹਾਦਸਾ ਹੋਣ ਦਾ ਖਤਰਾ ਘੱਟਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਹਰ ਵਿਅਕਤੀ ਸੁਰੱਖਿਅਤ ਤਰੀਕੇ ਨਾਲ ਆਪਣੀ ਮੰਜ਼ਿਲ ਤੇ ਪਹੁੰਚ ਸਕੇ।