ਜਨਤਕ ਜਥੇਬੰਦੀਆਂ ਨੇ ਝੁੱਗੀਆਂ ਵਾਲਿਆਂ ਦੇ ਹੱਕ ’ਚ ਦਿੱਤਾ ਮੰਗ ਪੱਤਰ
ਜਨਤਕ ਜਥੇਬੰਦੀਆਂ ਨੇ ਦਿੱਤਾ ਝੁੱਗੀਆਂ ਵਾਲੇ ਪੀੜਤ ਲੋਕਾਂ ਦੇ ਹੱਕ ’ਚ ਮੰਗ ਪੱਤਰ
Publish Date: Mon, 02 Feb 2026 05:08 PM (IST)
Updated Date: Tue, 03 Feb 2026 04:08 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬੀਤੇ ਦਿਨੀਂ 25 ਏਕੜ ’ਚ ਪੁਲਿਸ ਤੇ ਰਾਜਨੀਤਿਕ ਲੋਕਾਂ ਦੀ ਮਿਲੀਭੁਗਤ ਨਾਲ ਪਿਛਲੇ ਲਗਭਗ 50 ਸਾਲਾਂ ਤੋਂ ਝੁੱਗੀਆਂ ਪਾਕੇ ਗੁਜ਼ਾਰਾ ਕਰ ਰਹੇ ਕਰ ਰਹੇ ਜੋਗੀਨਾਥਾਂ ’ਤੇ ਤਸੱਦਦ ਕਰਦਿਆਂ ਉਨ੍ਹਾਂ ਦੀਆਂ ਝੁੱਗੀਆਂ ਬੇਕਿਰਕੀ ਨਾਲ ਢਾਹ ਦਿੱਤੀਆਂ ਗਈਆਂ ਹਨ। ਉਪਰੋਕਤ ਵਾਪਰੇ ਵਰਤਾਰੇ ਵਿਰੁੱਧ ਜਨਤਕ ਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ, ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਸੋਹਣ ਸਿੰਘ ਮਾਝੀ, ਬਿੱਕਰ ਸਿੰਘ ਔਲਖ, ਜੋਗੀਨਾਥਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦੀ ਸੇਵਾ ਕਰਨ ਵਾਲੇ ਸਮਾਜ ਸੇਵੀ ਭਾਨ ਸਿੰਘ ਜੱਸੀ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ ਦੇ ਅਧਾਰਤ ਵਫਦ ਵੱਲੋਂ ਡੀਸੀ ਬਰਨਾਲਾ ਦੇ ਨਾਂ ਏਡੀਸੀ ਸ੍ਰੀ ਅਮਿਤ ਬੈਬੀ ਨੂੰ ਮੰਗ ਪੱਤਰ ਦਿੱਤਾ ਗਿਆ। ਜਮਹੂਰੀਅਤ ਤੇ ਸਮਾਜ ਸੇਵੀ ਜਥੇਬੰਦੀਆਂ ਨੇ ਝੁੱਗੀਆਂ ਵਾਲੇ ਥਾਵਾਂ ਉੱਪਰ ਵੱਡੇ-ਵੱਡੇ ਦਰਖਤ ਖੁਰਦ ਬੁਰਦ ਕਰਨ, ਝੁੱਗੀਆਂ ਤੇ ਸਾਮਾਨ ਦੀ ਭੰਨ ਤੋੜ ਕਰਨ, ਲੋੜਵੰਦ ਔਰਤਾਂ ਤੇ ਬੱਚਿਆਂ ਉੱਤੇ ਲਾਠੀ ਚਾਰਜ ਕਰਨ ਦੀ ਜਾਂਚ ਉਪਰੰਤ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਅੰਤ ’ਚ ਆਗੂਆਂ ਨੇ ਮੰਗ ਕੀਤੀ ਕਿ ਇਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ, ਟੁੱਟੀਆਂ ਝੁੱਗੀਆਂ ਅਤੇ ਸਾਮਾਨ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਹੋਏ ਅਣਮਨੁੱਖੀ ਤਸੱਦਦ ਜਾਂਚ ਉਪਰੰਤ ਦੋਸ਼ੀਆਂ ਉੱਪਰ ਵਿਭਾਗੀ ਕਾਰਵਾਈ ਕੀਤੀ ਜਾਵੇ।