ਜਨਤਕ ਜਥੇਬੰਦੀਆਂ ਨੇ ਝੌਂਪੜੀਆਂ ਦੇ ਪੀੜਤ ਲੋਕਾਂ ਦੇ ਹੱਕ ’ਚ ਦਿੱਤਾ ਧਰਨਾ
ਜਨਤਕ ਜਥੇਬੰਦੀਆਂ ਨੇ ਦਿੱਤਾ ਝੁੱਗੀਆਂ ਝੋਪੜੀਆਂ ਦੇ ਪੀੜਤ ਲੋਕਾਂ ਦੇ ਹੱਕ ’ਚ ਧਰਨਾ
Publish Date: Mon, 09 Feb 2026 05:28 PM (IST)
Updated Date: Tue, 10 Feb 2026 04:05 AM (IST)

ਯਾਦਵਿੰਦਰ ਸਿੰਘ ਭੁੱਲਰ/ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਬੀਤੇ ਦਿਨੀਂ 25 ਏਕੜ ’ਚ ਪੁਲਿਸ ਤੇ ਰਾਜਨੀਤਿਕ ਲੋਕਾਂ ਦੀ ਮਿਲੀਭਗਤ ਨਾਲ ਪਿਛਲੇ ਲਗਭਗ 50 ਸਾਲਾਂ ਤੋਂ ਝੁੱਗੀਆਂ ਪਾਕੇ ਗੁਜਾਰਾ ਕਰ ਰਹੇ ਕਰ ਰਹੇ ਜੋਗੀਨਾਥਾਂ ਉੱਪਰ ਤਸੱਦਦ ਕਰਦਿਆਂ ਉਨ੍ਹਾਂ ਦੀਆਂ ਝੁੱਗੀਆਂ ਬੇਕਿਰਕੀ ਨਾਲ ਢਾਹ ਦਿੱਤੀਆਂ ਗਈਆਂ ਹਨ। ਉਪਰੋਕਤ ਵਾਪਰੇ ਵਰਤਾਰੇ ਵਿਰੁੱਧ ਜਨਤਕ ਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਨਗਰ ਟਰੱਸਟ ਦਫ਼ਤਰ ਬਰਨਾਲਾ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਏਕਟ ਦੇ ਸੂਬਾਈ ਆਗੂ ਕਾਮਰੇਡ ਖੁਸ਼ੀਆ ਸਿੰਘ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ, ਬੀਕੇਯੂ ਉਗਰਾਹਾਂ ਦੇ ਆਗੂ ਬਲਜਿੰਦਰ ਸਿੰਘ ਧੋਲਾ, ਕਮਲਜੀਤ ਕੌਰ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਡਾਕਟਰ ਰਜਿੰਦਰ ਬਰਨਾਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਮਨਜੀਤ ਰਾਜ, ਬੀਕੇਯੂ ਬੁਰਜ ਗਿੱਲ ਆਗੂ ਸੁਕੰਦਰ ਸਿੰਘ ਬੂਰੇ, ਮਜ਼ਦੂਰ ਅਧਿਕਾਰ ਅੰਦੋਲਨ ਦੇ ਆਗੂ ਲਾਭ ਸਿੰਘ ਅਕਲੀਆਂ,ਬੀ ਕੇ ਯੂ ਧਨੇਰ ਦੇ ਆਗੂ ਜਗਰਾਜ ਸਿੰਘ ਹਰਦਾਸਪੁਰਾ, ਜਰਨੈਲ ਸਿੰਘ ਬਦਰਾ, ਮੋਹਣ ਸਿੰਘ ਰੂੜੇਕੇ, ਸਮਾਜ ਸੇਵੀ ਭਾਨ ਸਿੰਘ ਆਗੂਆਂ ਨੇ ਕਿਹਾ ਕਿ ਜਿਸ ਬੇਦਰਦੀ ਨਾਲ ਇਨ੍ਹਾਂ ਦੀਆਂ ਝੁੱਗੀਆਂ ਨੂੰ ਤਹਿਸ ਨਹਿਸ ਕੀਤਾ ਗਿਆ, ਸਾਮਾਨ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ, ਔਰਤਾਂ ਤੇ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸ ਦੀ ਹਰ ਵਰਗ ਨੂੰ ਡੱਟਕੇ ਨਿੰਦਿਆ ਕੀਤੀ ਜਾਣੀ ਬਣਦੀ ਹੈ। ਜਮਹੂਰੀਅਤ ਤੇ ਸਮਾਜ ਸੇਵੀ ਜਥੇਬੰਦੀਆਂ ਨੇ ਝੁੱਗੀਆਂ ਵਾਲੇ ਥਾਵਾਂ ਉੱਪਰ ਵੱਡੇ-ਵੱਡੇ ਦਰੱਖਤ ਖੁਰਦ ਬੁਰਦ ਕਰਨ, ਝੁੱਗੀਆਂ ਤੇ ਸਾਮਾਨ ਦੀ ਭੰਨ ਤੋੜ ਕਰਨ, ਔਰਤਾਂ ਅਤੇ ਬੱਚਿਆਂ ਉੱਤੇ ਲਾਠੀ ਚਾਰਜ ਕਰਨ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ।