ਨਗਰ ਕੌਂਸਲ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ, ਕੀਤੀ ਨਾਅਰੇਬਾਜ਼ੀ
ਨਗਰ ਕੌਂਸਲ ਦਫਤਰ ਅੱਗੇ ਰੋਸ ਪ੍ਰਦਰਸ਼ਨ, ਨਾਅਰੇਬਾਜ਼ੀ
Publish Date: Wed, 11 Mar 2026 04:46 PM (IST)
Updated Date: Wed, 11 Mar 2026 04:48 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਆਪਣੀਆਂ ਮੰਗਾਂ ਨੂੰ ਲੈ ਕੇ ਮਿਊਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਮੁਲਾਜ਼ਮਾਂ ਨੇ ਬੁੱਧਵਾਰ ਨੂੰ ਨਗਰ ਕੌਂਸਲ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜੀ ਕੀਤੀ। ਇਸਦੇ ਨਾਲ ਹੀ ਮੰਗਾਂ ਪੂਰੀਆਂ ਨਾ ਹੋਣ ਤੇ 6 ਮਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪ੍ਰੰਤੂ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਨਜਰਅੰਦਾਜ ਕੀਤਾ ਜਾ ਰਿਹਾ ਹੈ। ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਕੰਮ ਕਰਦੇ ਕਲਰਕ ਦੀ 15 ਸਾਲ ਦੀ ਸਰਵਿਸ ਹੋਣ ਤੇ ਲਾਜਮੀ ਇੰਸਪੈਕਟਰ ਅਤੇ ਪੰਪ ਉਪਰੇਟਰ ਦੀ 15 ਸਾਲ ਦੀ ਸਰਵਿਸ ਹੋਣ ਤੇ ਜੇਈ ਬਣਾਇਆ ਜਾਵੇ, ਸੂਬਾ ਪੱਧਰੀ ਕਾਡਰ ਦੀਆਂ ਸਲਾਨਾ ਤਰੱਕੀਆਂ ਸਥਾਨਕ ਪੱਧਰ ਤੇ ਹੀ ਲਾਈਆਂ ਜਾਣ, ਮਿਊਸਪਲ ਮੁਲਾਜ਼ਮਾਂ ਨੂੰ ਵੀਹ ਸਾਲ ਦੀ ਸਰਵਿਸ ਤੇ ਸੇਵਾ ਮੁਕਤੀ ਦੇ ਸਾਰੇ ਲਾਭ ਦਿੱਤੇ ਜਾਣ, ਪੈਨਸ਼ਨ ਕਮਿਊਟ ਦੇ ਲਾਭ ਸਮੇਤ ਕੈਸ਼ ਲੈਸ ਸਿਹਤ ਸਕੀਮ ਲਾਗੂ ਕੀਤੀ ਜਾਵੇ, ਤਰਸ ਅਧਾਰ ਨੌਕਰੀ ਬਿਨਾਂ ਸ਼ਰਤ ਤੋ ਦਿੱਤੀ ਜਾਵੇ ਅਤੇ ਵਿਭਾਗ ਵਿੱਚ ਪੈਡਿੰਗ ਕੇਸਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ। ਇਹ ਸਹੂਲਤ ਆਊਟ ਸੋਰਸ ਅਤੇ ਠੇਕਾ ਅਧਾਰ ਮੁਲਾਜਮਾਂ ਤੇ ਵੀ ਲਾਗੂ ਕੀਤੀ ਜਾਵੇ। ਕਰਮਚਾਰੀ ਦੀ ਮੌਤ ਹੋਣ ਉਪਰੰਤ ਦਿੱਤੀ ਜਾਣ ਵਾਲੀ ਐਕਸਗ੍ਰੇਸੀਆ ਗ੍ਰਾਂਟ ਵਿੱਚ ਚਾਰ ਗੁਣਾ ਵਾਧਾ ਕੀਤਾ ਜਾਵੇ। ਯੋਗਤਾ ਅਨੁਸਾਰ ਕੰਮ ਦਾ ਤਜਰਬਾ ਰੱਖਦੇ ਸਫਾਈ ਸੇਵਕ, ਸੀਵਰਮੈਨ ਸਮੇਤ ਹੋਰ ਕਰਮਚਾਰੀਆਂ ਨੂੰ ਪੰਪ ਉਪਰੇਟਰ, ਇਲੈਕਟ੍ਰੀਸ਼ੀਅਨ ਅਤੇ ਡਰਾਈਵਰ ਆਦਿ ਦੀ ਤਰੱਕੀ ਦੀ ਮੌਕੇ ਦਿੱਤੇ ਜਾਣ। ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਵਿਸ਼ੇਸ਼ ਕੈਟਾਗਿਰੀ ਵਿੱਚ ਤਬਦੀਲ ਕੀਤਾ ਜਾਵੇ। ਇਨ੍ਹਾਂ ਦੀ ਬੇਸਿਕ ਪੇਅ 30 ਹਜਾਰ ਰੁਪਏ ਕੀਤੀ ਜਾਵੇ। ਇਸ ਮੌਕੇ ਸ਼ਹਿਰੀ ਪ੍ਰਧਾਨ ਅਜੇ ਬੇਦੀ, ਮੀਤ ਪ੍ਰਧਾਨ ਨਾਥਾ ਰਾਮ, ਰਜਿੰਦਰ ਕੁਮਾਰ, ਚੇਅਰਮੈਨ ਊਸ਼ਾ ਦੇਵੀ, ਜਨਰਲ ਸਕੱਤਰ ਰਮੇਸ਼, ਸੁਰੇਸ਼ ਬਾਦ਼ੜ, ਮੀਤ ਪ੍ਰਧਾਨ ਸੁਰੇਸ਼, ਜ਼ਿਲ੍ਹਾ ਜਨਰਲ ਸਕੱਤਰ ਰਜੇਸ਼ ਕੁਮਾਰ, ਰਾਜੂ, ਸੰਜੇ, ਕਰਨ, ਰਜੇਸ਼, ਭੋਲਾ ਆਦਿ ਹਾਜ਼ਰ ਸਨ।