ਅਧਿਆਪਕਾਂ ਵੱਲੋਂ ਲਗਾਈਆਂ ਗੈਰ ਵਿੱਦਿਅਕ ਡਿਊਟੀਆਂ ਦਾ ਵਿਰੋਧ
ਅਧਿਆਪਕਾਂ ਵੱਲੋਂ ਜਬਰਦਸਤੀ ਲਗਾਈਆਂ ਗੈਰ ਵਿੱਦਿਅਕ ਡਿਊਟੀਆਂ ਦਾ ਵਿਰੋਧ
Publish Date: Thu, 11 Jun 2026 03:53 PM (IST)
Updated Date: Fri, 12 Jun 2026 04:03 AM (IST)

ਡਰੱਗ ਸੈਂਸਜ ਦੀ ਆੜ੍ਹ ਹੇਠ ਕੀਤਾ ਜਾ ਰਿਹਾ ਨਿੱਜੀ ਪਾਰਟੀ ਦਾ ਰਾਜਨੀਤਿਕ ਸਰਵੇ : ਅਧਿਆਪਕ ਜਥੇਬੰਦੀ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਡਰੱਗ ਕਮ ਸਮਾਜਿਕ ਆਰਥਿਕ ਸੈਂਸਜ ਦੇ ਨਾਮ ’ਤੇ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੋਂ ਜਬਰੀ ਗੈਰ ਵਿੱਦਿਅਕ ਡਿਊਟੀਆਂ ਤੇ ਆਪਣੇ ਰਾਜਨੀਤਿਕ ਮੁਫ਼ਾਦਾਂ ਨੂੰ ਪੂਰਾ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇੱਕ ਪਾਸੇ ਸਰਕਾਰ ਵੱਲੋਂ ਅਖ਼ਬਾਰਾਂ ਰਾਹੀਂ ਤੇ ਹੋਰ ਸਾਧਨਾਂ ਰਾਹੀਂ ਇਸ ਸਰਵੇ ਲਈ ਸਵੈ ਇੱਛਤ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਉਣ ਸਬੰਧੀ ਇਸ਼ਤਿਹਾਰ ਦਿੱਤੇ ਗਏ ਹਨ ਉੱਥੇ ਦੂਜੇ ਪਾਸੇ ਅਧਿਕਾਰੀਆਂ ਵੱਲੋਂ ਅਧਿਆਪਕਾਂ ਦੀਆਂ ਜ਼ਬਰੀ ਡਿਊਟੀਆਂ ਲਗਾ ਕੇ ਅਧਿਆਪਕਾਂ ਨੂੰ ਡਿਊਟੀ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸ ਦਾ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਐੱਸਡੀਐੱਮ ਦਫ਼ਤਰ ਤਪਾ ਵਿਖੇ ਅਧਿਆਪਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਰਾਜੀਵ ਕੁਮਾਰ ਬਰਨਾਲਾ, ਡਾ. ਨਿਰਮਲ ਪੱਖੋ ਕਲਾਂ, ਰਾਕੇਸ਼ ਕੁਮਾਰ ਉੱਗੋਕੇ, ਸ੍ਰੀਚੰਦ, ਮਨਜੀਤ ਬਖਤਗੜ੍ਹ ਤੇ ਪ੍ਰਦੀਪ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਰਵੇ ’ਚ ਏਆਈ ਤਕਨੀਕ ਦੀ ਵਰਤੋਂ ਕਰਦੇ ਹੋਏ ਆਮ ਲੋਕਾਂ ਤੋਂ ਅਜਿਹੇ ਸਵਾਲ ਕੀਤੇ ਜਾਣੇ ਹਨ, ਜਿਸ ’ਚ ਸਰਕਾਰ ਦੀਆਂ ਸਕੀਮਾਂ ਸਬੰਧੀ ਹੀ ਲੋਕਾਂ ਦੀ ਰਾਇ ਲਈ ਜਾ ਰਹੀ ਹੈ ਤੇ ਉਨ੍ਹਾਂ ਤੋਂ ਇਹ ਵੀ ਪੁੱਛਿਆ ਜਾਵੇਗਾ ਕਿ ਸਰਕਾਰ ਨੂੰ ਹੋਰ ਕਿਹੜੇ ਕੰਮ ਕਰਨੇ ਚਾਹੀਦੇ ਹਨ, ਅਜਿਹੇ ’ਚ ਪਹਿਲੀ ਨਜ਼ਰ ’ਚ ਇਹ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਵੱਲੋਂ ਸਰਵੇ ਦੇ ਨਾਂ ਹੇਠ ਇਕ ਪਾਰਟੀ ਵਿਸ਼ੇਸ਼ ਲਈ ਕੋਈ ਸਰਵੇ ਜਾਂ ਭਵਿੱਖੀ ਨੀਤੀਆਂ ਕਰਨ ਲਈ ਏਜੰਡਾ ਤਿਆਰ ਕਰਵਾਇਆ ਜਾ ਰਿਹਾ ਹੈ। ਉਕਤ ਦੇ ਨਾਲ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਇਸ ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਤੌਰ ’ਤੇ ਐਲਾਨ ਕੀਤਾ ਗਿਆ ਸੀ ਕਿ ਕਿਸੇ ਵੀ ਅਧਿਆਪਕ ਤੋਂ ਗੈਰ ਵਿੱਦਿਅਕ ਡਿਊਟੀ ਨਹੀਂ ਕਰਵਾਈ ਜਾਵੇਗੀ, ਅਧਿਆਪਕਾਂ ਨੂੰ ਪੜ੍ਹਾਈ ਲਈ ਸੁਖਾਵਾਂ ਮਾਹੌਲ ਬਣਾਇਆ ਜਾਵੇਗਾ, ਪਰ ਇਸ ਦੇ ਉਲਟ ਇਸ ਸਰਕਾਰ ਵੱਲੋਂ ਲਗਾਤਾਰ ਅਧਿਆਪਕਾਂ ਤੋਂ ਗੈਰ ਵਿੱਦਿਅਕ ਡਿਊਟੀਆਂ ਕਰਵਾਈਆਂ ਜਾ ਰਹੀਆਂ ਹਨ, ਇੱਥੋਂ ਤੱਕ ਕਿ ਮਰਦਮਸੁਮਾਰੀ, ਬੀਐੱਲਓ ਡਿਊਟੀਆਂ, ਇਲੈਕਸ਼ਨ ਡਿਊਟੀ ਤੋਂ ਇਲਾਵਾ ਡਰੱਗ ਸੈਂਸਜ, ਤੀਰਥ ਯਾਤਰਾ ਤੇ ਹੈੱਲਥ ਕਾਰਡ ਬਣਵਾਉਣ ਲਈ ਵੀ ਵੱਡੇ ਪੱਧਰ ਉੱਪਰ ਅਧਿਆਪਕਾਂ ਦੀ ਡਿਊਟੀ ਲਗਾਈ ਜਾਂਦੀ ਰਹੀ ਹੈ। ਅਧਿਆਪਕ ਲਗਾਤਾਰ ਸਕੂਲਾਂ ਤੋਂ ਬਾਹਰ ਡਿਊਟੀ ਕਰਨ ਲਈ ਮਜ਼ਬੂਰ ਕੀਤੇ ਜਾ ਰਹੇ ਹਨ । ਇਸ ਦਾ ਅਸਰ ਵੱਡੇ ਪੱਧਰ ਉੱਪਰ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਪਿਆ ਹੈ। ਇਸ ਮੌਕੇ ਆਗੂਆਂ ਵੱਲੋਂ ਐੱਸਡੀਐੱਮ ਤਪਾ ਨਾਲ ਮੀਟਿੰਗ ਕਰਕੇ ਇਨ੍ਹਾਂ ਗੈਰ ਵਿੱਦਿਅਕ ਡਿਊਟੀਆਂ ਸਬੰਧੀ ਵਿਰੋਧ ਦਰਜ ਕਰਵਾਇਆ ਤੇ ਐੱਸਡੀਐੱਮ ਸਾਹਿਬ ਨੇ ਆਗੂਆਂ ਦੇ ਸਾਰੇ ਤਰਕਾਂ ਨਾਲ ਸਹਿਮਤ ਹੁੰਦਿਆਂ ਭਰੋਸਾ ਦਿੱਤਾ ਕਿ ਅਧਿਆਪਕਾਂ ਦੀ ਮੰਗ ਡੀਸੀ ਸਾਹਿਬ ਕੋਲ ਪਹੁੰਚਾ ਦਿੱਤੀ ਜਾਵੇਗੀ। ਸਰਕਾਰ ਦੇ ਇਸ ਰਵੱਈਏ ਦਾ ਵਿਰੋਧ ਕਰਦਿਆਂ ਹੋਇਆ ਜਥੇਬੰਦੀਆਂ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਡਰੱਗ ਸੈਂਸਜ ’ਚ ਡਿਊਟੀਆਂ ਨੂੰ ਲੈ ਕੇ ਅਧਿਆਪਕਾਂ ’ਤੇ ਕੀਤੇ ਜਾ ਰਹੇ ਇਸ ਜ਼ਬਰ ਦੇ ਵਿਰੋਧ ’ਚ 12 ਜੂਨ ਨੂੰ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਅਧਿਆਪਕਾਂ ਦੇ ਇੱਕ ਮਾਸ ਡੈਪੂਟੇਸ਼ਨ ਵੱਲੋਂ ਡੀਸੀ ਬਰਨਾਲਾ ਹਰਪ੍ਰੀਤ ਸਿੰਘ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਸਾਰੀ ਸਥਿਤੀ ਨਾਲ ਜਾਣੂ ਕਰਵਾਇਆ ਜਾਵੇ ਤੇ ਅਧਿਆਪਕਾਂ ਦੀਆਂ ਲਗਾਈਆਂ ਗਈਆਂ ਇਸ ਗੈਰ ਵਿੱਦਿਅਕ ਡਿਊਟੀਆਂ ਨੂੰ ਕਟਵਾਇਆ ਜਾ ਸਕੇ। ਮੀਟਿੰਗ ’ਚ ਸੱਤਪਾਲ ਤਪਾ, ਮੁੱਖ ਅਧਿਆਪਕ ਸਾਧੂ ਸਿੰਘ, ਦਵਿੰਦਰ ਤਲਵੰਡੀ, ਪੁਨੀਤ ਤਪਾ, ਜਸਵੀਰ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਜਸਵੰਤ ਰਾਏ, ਯਸ਼ਪਾਲ ਬਾਹੀਆ, ਵਿਸ਼ਾਲ ਉੱਪਲ, ਸਰਿਤਾ ਰਾਣੀ, ਕੰਚਨ ਬਾਲਾ, ਕਿਰਨਜੀਤ ਕੌਰ, ਚਰਨਜੀਤ ਕੌਰ, ਅਸ਼ੀਨਾ ਰਾਣੀ ਸਮੇਤ ਵੱਡੀ ਗਿਣਤੀ ’ਚ ਅਧਿਆਪਕ ਸ਼ਾਮਲ ਹੋਏ।