ਕੇਂਦਰ ਸਰਕਾਰ ਦੀਆਂ ਮੁਕਤ ਵਪਾਰ ਨੀਤੀਆਂ ਦੇ ਵਿਰੋਧ ’ਚ ਕੀਤਾ ਰੋਸ ਪ੍ਰਦਰਸ਼ਨ
ਕੇਂਦਰ ਸਰਕਾਰ ਦੀਆਂ ਮੁਕਤ ਵਪਾਰ ਨੀਤੀਆਂ ਦੇ ਵਿਰੋਧ ’ਚ ਕੀਤਾ ਰੋਸ ਪ੍ਰਦਰਸ਼ਨ
Publish Date: Sat, 07 Feb 2026 04:03 PM (IST)
Updated Date: Sun, 08 Feb 2026 03:59 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲਕਲਾਂ : ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਬਲਾਕ ਮਹਿਲਕਲਾਂ ਵੱਲੋਂ ਬਲਾਕ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ਹੇਠ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਬੱਸ ਸਟੈਂਡ ਦੱਧਾਹੂਰ ਨਹਿਰ ਦੇ ਪੁਲ ਵਿਖੇ ਕੇਂਦਰ ਸਰਕਾਰ ਦੀਆਂ ਮੁਕਤ ਵਪਾਰ ਨੀਤੀਆਂ ਦੇ ਵਿਰੋਧ ’ਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਨਾਰੇਬਾਜ਼ੀ ਕਰਦਿਆਂ ਕਿਹਾ ਕਿ ਵਿਦੇਸ਼ੀ ਦੇਸ਼ਾਂ ਨਾਲ ਕੀਤੇ ਜਾ ਰਹੇ ਵਪਾਰਕ ਸਮਝੌਤੇ ਭਾਰਤੀ ਖੇਤੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣਗੇ। ਆਗੂਆਂ ਨੇ ਕਿਹਾ ਕਿ ਜੇ ਵਿਦੇਸ਼ਾਂ ਤੋਂ ਸਸਤਾ ਕਪਾਹ, ਮੱਕੀ, ਸੋਇਆਬੀਨ ਤੇ ਦੁੱਧ ਤੋਂ ਤਿਆਰ ਉਤਪਾਦ ਭਾਰਤੀ ਮੰਡੀਆਂ ’ਚ ਆਉਣ ਲੱਗੇ ਤਾਂ ਦੇਸੀ ਕਿਸਾਨਾਂ ਦੀ ਪੈਦਾਵਾਰ ਦੀ ਕੀਮਤ ਡਿੱਗ ਜਾਵੇਗੀ ਅਤੇ ਛੋਟੇ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਜਥੇਬੰਦੀ ਨੇ ਐਲਾਨ ਕੀਤਾ ਕਿ 12 ਫਰਵਰੀ ਦੀ ਦੇਸ਼ਵਿਆਪੀ ਹੜਤਾਲ ’ਚ ਵੱਡੀ ਗਿਣਤੀ ’ਚ ਸ਼ਾਮਲ ਹੋ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ’ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਰੋਜ਼ੀ-ਰੋਟੀ ਨਾਲ ਖਿਲਵਾੜ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸੱਤਪਾਲ ਸਿੰਘ ਸੋਹੀ, ਕਮਲਜੀਤ ਸਿੰਘ ਕੁਰੜ, ਦਾਰਾ ਸਿੰਘ ਅਮਲਾ ਸਿੰਘ ਵਾਲਾ, ਬਲਵੀਰ ਸਿੰਘ ਮਾਂਗੇਵਾਲ, ਬਲਵੀਰ ਸਿੰਘ ਮਨਾਲ, ਗੱਗੀ ਸਿੰਘ ਮਨਾਲ, ਭਿੰਦਰ ਸਿੰਘ ਮੂੰਮ, ਭਿੰਦਰ ਸਿੰਘ ਸਹੌਰ, ਚੰਦ ਸਿੰਘ ਕੁਰੜ, ਜਗਸੀਰ ਸਿੰਘ, ਤਸਵੀਰ ਸਿੰਘ ਗੋਬਿੰਦਗੜ੍ਹ, ਚਮਕੌਰ ਸਿੰਘ ਮਹਿਲ ਖੁਰਦ ਸਮੇਤ ਹੋਰ ਆਗੂ ਤੇ ਕਿਸਾਨ ਹਾਜ਼ਰ ਸਨ।