- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਦੇ ਪ੍ਰਾਈਵੇਟ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਸਕੂਲ ਦੇ ਬੱਚਿਆਂ ਨੂੰ ਛੁੱਟੀ ਕਰਵਾ ਕੇ ਸਕੂਲਾਂ ਨੂੰ ਖਾਲੀ ਕਰਵਾਇਆ
: ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸਾਸ਼ਨ ਹੋਇਆ ਮੂਸਤੈਦ
: ਸਕੂਲਾਂ ‘ਚ ਪੁਲਿਸ ਟੀਮਾਂ ਨੇ ਚੈਕਿੰਗ ਕੀਤੀ ਸ਼ੁਰੂ
: ਬਰਨਾਲਾ ’ਚ ਪਹਿਲਾਂ ਵੀ ਕੋਰਟ ਕੰਪਲੈਕਸ ’ਚ ਬੰਬ ਨਾਲ ਉਡਾਉਣ ਦੀ ਮਿਲ ਚੁੱਕੀ ਹੈ ਧਮਕੀ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪਿਛਲੇ ਦਿਨੀਂ ਬਰਨਾਲਾ ਦੇ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਏ ਜਾਣ ਦੀ ਮਿਲੀ ਧਮਕੀ ਤੋਂ ਬਾਅਦ ਵੀਰਵਾਰ ਨੂੰ ਫਿਰ ਤੋਂ ਬਰਨਾਲਾ ਦੇ 6 ਪ੍ਰਾਈਵੇਟ ਸਕੂਲਾਂ ਨੂੰ ਉਨ੍ਹਾਂ ਦੀਆਂ ਨਿੱਜੀ ਈਮੇਲਾਂ ’ਤੇ ਬੰਬ ਨਾਲ ਉਡਾਏ ਜਾਣ ਦੀ ਮਿਲੀ ਧਮਕੀ ਤੋਂ ਬਾਅਦ ਜ਼ਿਲ੍ਹੇ ਅੰਦਰ ਤੇ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ’ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਸਕੂਲਾਂ ਤੋਂ ਮਿਲੀਆਂ ਸੂਚਨਾ ਉਪਰੰਤ ਹੀ ਡੀਸੀ ਹਰਪ੍ਰੀਤ ਸਿੰਘ ਤੇ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਸਮੇਤ ਪੁਲਿਸ ਪਾਰਟੀਆਂ ਸਕੂਲਾਂ ’ਚ ਪੁੱਜ ਕੇ ਜਾਂਚ ਸ਼ੁਰੂ ਕਰਵਾਈ। ਸਕੂਲ ਪ੍ਰਬੰਧਾਂ ਵੱਲੋਂ ਤੁਰੰਤ ਹੀ ਸਕੂਲ ਦੇ ਬੱਚਿਆਂ ਨੂੰ ਛੁੱਟੀ ਕਰਵਾ ਕੇ ਸਕੂਲਾਂ ਨੂੰ ਖਾਲੀ ਕਰਵਾਇਆ ਗਿਆ।
: ਧਮਕੀ ਤੋਂ ਬਾਅਦ ਲੋਕਾਂ ’ਚ ਸਹਿਮ ਦਾ ਮਾਹੌਲ
ਜ਼ਿਲ੍ਹਾ ਬਰਨਾਲਾ ਦੇ ਨਾਮੀ ਸਕੂਲਾਂ ਨੂੰ ਵੀਰਵਾਰ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪੂਰੇ ਸ਼ਹਿਰ ’ਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਹ ਧਮਕੀ ਬਰਨਾਲਾ ਦੇ ਮਸ਼ਹੂਰ ਸਕੂਲਾਂ ਜਿਵੇਂ ਕਿ ਟੰਡਨ ਇੰਟਰਨੈਸ਼ਨਲ ਸਕੂਲ, ਆਰੀਆ ਭੱਟਾ ਕਾਲਜ ਸਕੂਲ, ਵਾਈਸ ਸਕੂਲ 2 ਬ੍ਰਾਂਚ, ਸੈਕਰਡ ਹਾਰਟ ਸਕੂਲ, ਗੋਬਿੰਦ ਪਬਲਿਕ ਸਕੂਲ ਤੇ ਜੈ ਵਾਟਿਕਾ ਸਕੂਲ ਨੂੰ ਉਡਾਉਣ ਦੀ ਧਮਕੀ ਵਾਲੀ ਈਮੇਲ ਮਿਲੀ। ਧਮਕੀ ਬਾਰੇ ਪਤਾ ਲੱਗਦਿਆਂ ਹੀ ਸਕੂਲ ਪ੍ਰਬੰਧਕਾਂ ਤੇ ਮਾਪਿਆਂ ’ਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਜਿਵੇਂ ਹੀ ਸ਼ਹਿਰ ’ਚ ਬੰਬ ਦੀ ਧਮਕੀ ਦੀ ਖ਼ਬਰ ਫੈਲੀ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਵੱਡੀ ਗਿਣਤੀ ’ਚ ਮਾਪੇ- ਸਕੂਲਾਂ ਦੇ ਬਾਹਰ ਇਕੱਠੇ ਹੋ ਗਏ। ਜਾਣਕਾਰੀ ਮਿਲਣ ਤੇ ਬਰਨਾਲਾ ਪੁਲਿਸ ਪ੍ਰਸ਼ਾਸਨ ਹਰਕਤ ’ਚ ਆ ਗਿਆ। ਸੁਰੱਖਿਆ ਪ੍ਰਬੰਧ ਕਰਦੇ ਹੋਏ ਸਕੂਲਾਂ ਨੂੰ ਖਾਲੀ ਕਰਵਾ ਲਿਆ। ਸੀਨੀਅਰ ਪੁਲਿਸ ਅਧਿਕਾਰੀ, ਭਾਰੀ ਸੁਰੱਖਿਆ ਦਲ ਦੇ ਨਾਲ ਸਕੂਲਾਂ ‘ਚ ਪਹੁੰਚ ਗਏ। ਸਕੂਲ ਪ੍ਰਬੰਧਨ ਦੇ ਪੂਰੇ ਸਹਿਯੋਗ ਨਾਲ ਇੱਕ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਵਿਦਿਆਰਥੀਆਂ ਨੂੰ ਭੇਜਿਆ ਘਰ
ਸਕੂਲ ਪ੍ਰਬੰਧਕਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਹਰਕਤ ’ਚ ਆ ਗਿਆ ਤੇ ਸਕੂਲਾਂ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ। ਜਾਣਕਾਰੀ ਦੇ ਮੁਤਾਬਿਕ ਜਿਵੇਂ ਹੀ ਧਮਕੀ ਦਾ ਸੁਨੇਹਾ ਮਿਲਿਆ, ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਤੇ ਸਕੂਲ ’ਚ ਸੁਰੱਖਿਆ ਦੇ ਕਰੜੇ ਇੰਤਜ਼ਾਮ ਕਰ ਦਿੱਤੇ ਗਏ। ਸਕੂਲ ਤੇ ਆਸ-ਪਾਸ ਦੇ ਇਲਾਕੇ ਦੀ ਡੂੰਘਾਈ ਨਾਲ ਤਲਾਸ਼ੀ ਕਰ ਕੀਤੀ। ਬੰਬ ਨਿਰੋਧਕ ਦਸਤੇ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਤਾਂ ਜੋ ਕਿਸੇ ਵੀ ਸੰਭਾਵਿਤ ਖਤਰੇ ਨੂੰ ਟਾਲਿਆ ਜਾ ਸਕੇ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਕੂਲ ਪ੍ਰਸ਼ਾਸਨ ਨੇ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਘਰ ਭੇਜਣ ਦਾ ਫੈਸਲਾ ਕੀਤਾ। ਇਸ ਲਈ ਮਾਪਿਆਂ ਨੂੰ ਤੁਰੰਤ ਸੁਨੇਹਾ ਭੇਜ ਕੇ ਬੱਚਿਆਂ ਨੂੰ ਸਕੂਲ ਤੋਂ ਲੈ ਜਾਣ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਸਕੂਲ ਬੱਸਾਂ ਰਾਹੀਂ ਆਉਣ-ਜਾਣ ਵਾਲੇ ਵਿਦਿਆਰਥੀਆਂ ਲਈ ਪ੍ਰਸ਼ਾਸਨ ਵੱਲੋਂ ਲਾਈਵ ਰੂਟ ਅਪਡੇਟ ਵੀ ਸਾਂਝੇ ਕੀਤੇ ਜਾ ਰਹੇ ਹਨ ਤਾਂ ਜੋ ਮਾਪੇ ਪੂਰੀ ਜਾਣਕਾਰੀ ’ਚ ਰਹਿਣ। ਇਸ ਦੇ ਬਾਵਜੂਦ ਵੀ ਪ੍ਰਸਾਸ਼ਨਿਕ ਅਧਿਕਾਰੀਆਂ ਵਲੋਂ ਮਾਹੌਲ ਨੂੰ ਸ਼ਾਂਤਮਈ ਬਣਾ ਕੇ ਰੱਖਿਆ ਗਿਆ। ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਤੇ ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਖੁਦ ਆਪਣੀਆਂ ਟੀਮਾਂ ਸਮੇਤ ਸਕੂਲਾਂ ’ਚ ਪੁੱਜੇ ਸੁਰੱਖਿਆ ਦਾ ਜਾਇਜਾ ਲਿਆ।
: ਈਮੇਲ ਪ੍ਰਾਪਤ ਹੋਣ ’ਤੇ ਤੁਰੰਤ ਕੀਤਾ ਪੁਲਿਸ ਨੂੰ ਸੂਚਿਤ : ਸ਼ਿਵ ਸਿੰਗਲਾ
ਟੰਡਨ ਇੰਟਰਨੈਸ਼ਨਲ ਸਕੂਲ ਦੇ ਐੱਮਡੀ ਸ਼ਿਵ ਸਿੰਗਲਾ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਸਕੂਲ ਆ ਕੇ ਦਫ਼ਤਰ ’ਚ ਈਮੇਲ ਚੈੱਕ ਕੀਤੀ ਤਾਂ ਸਕੂਲ ਨੂੰ ਬੰਬ ਨਾਲ ਉਡਾਏ ਜਾਣ ਸਬੰਧੀ ਅਣਪਛਾਤੀ ਈਮੇਲ ਚੈੱਕ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਹੀ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਡੀਸੀ ਬਰਨਾਲਾ ਹਰਪ੍ਰੀਤ ਸਿੰਘ ਤੇ ਐੱਸਐੱਸਪੀ ਮੁਹੰਮਦ ਸਰਫ਼ਰਾਜ ਆਲਮ ਆਪਣੀਆਂ ਟੀਮਾਂ ਸਮੇਤ ਸਕੂਲ ’ਚ ਪੁੱਜੇ ਉਨ੍ਹਾਂ ਵਲੋਂ ਖੁਦ ਨਾਲ ਕੇ ਸਕੂਲ ਦੇ ਕਲਾਸ ਰੂਮਾਂ ਨੂੰ ਚੈੱਕ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਫੋਕੀਆਂ ਧਮਕੀਆਂ ਹੁੰਦੀਆਂ ਹਨ ਪਰ ਫਿਰ ਵੀ ਇਸ ਨੂੰ ਹਲਕੇ ’ਚ ਨਹੀਂ ਲਿਆ ਕਿਉਕਿ ਬੱਚਿਆਂ ਦੀ ਜਿੰਦਗੀ ਦਾ ਸਵਾਲ ਸੀ।
: ਸਕੂਲ ’ਚ ਕਰਵਾਈ ਗਈ ਚੈਕਿੰਗ: ਵਾਰੁਣ ਭਾਰਤੀ
ਇਸ ਸਬੰਧੀ ਵਾਈਐੱਸ ਗਰੁੱਪ ਦੇ ਡਾਇਰੈਕਟਰ ਵਾਰੁਣ ਭਾਰਤੀ ਨੇ ਕਿਹਾ ਕਿ ਉਨ੍ਹਾ ਦੇ ਸਕੂਲ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਮੇਲ ਨਹੀਂ ਆਈ ਹੈ। ਪਰ ਫਿਰ ਵੀ ਉਹ ਪੁਲਿਸ ਪ੍ਰਸਾਸ਼ਨ ਨਾਲ ਲਗਾਤਰ ਜੁੜੇ ਹੋਏ ਹਨ। ਪੁਲਿਸ ਟੀਮਾਂ ਵੱਲੋਂ ਸਕੂਲ ’ਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਸਕੂਲ ’ਚ ਸੁਰੱਖਿਆ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਹਨ। ਸਕੂਲ ’ਚ ਚੱਪੇ ਚੱਪੇ ’ਤੇ ਸੀਸੀਟੀਵੀ ਤੇ ਸਕਿਊਰਿਟੀ ਗਾਰਡ ਤਾਇਨਾਤ ਹਨ। ਜਿਵੇਂ ਵੀ ਪ੍ਰਸਾਸ਼ਨ ਦਾ ਹੁਕਮ ਹੋਵੇਗਾ ਉਹ ਪ੍ਰਸਾਸ਼ਨ ਦੇ ਹੁਕਮਾਂ ਦੀ ਪਾਲਣਾ ਕਰਨਗੇ ਤੇ ਬੱਚਿੱਆਂ ਦੀ ਸੁਰੱਖਿਆ ਲਈ ਹਰ ਤਰ੍ਹਾਂ ਦਾ ਉਪਰਾਲਾ ਕਰਨਗੇ ਤੇ ਪ੍ਰਸਾਸ਼ਨ ਦਾ ਸਾਥ ਦੇਣਗੇ।
: ਸਥਿੱਤੀ ਕਾਬੂ ’ਚ ਹੈ, ਸਕੂਲਾਂ ’ਚ ਚੈਕਿੰਗ ਕੀਤੀ ਜਾ ਰਹੀ ਹੈ : ਡੀਸੀ
ਡੀਸੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਵੇਰੇ 8:03 ਮਿੰਟ ’ਤੇ ਈਮੇਲ ਪ੍ਰਾਪਤ ਹੋਈ ਸੀ। ਜਿਸ ’ਚ ਬਰਨਾਲਾ ਦੇ ਵੱਖ-ਵੱਖ ਸਕੂਲਾਂ ਟੰਡਨ ਇੰਟਰਨੈਸ਼ਨਲ ਸਕੂਲ, ਆਰੀਆ ਭੱਟਾ ਕਾਲਜ ਸਕੂਲ, ਵਾਈਸ ਸਕੂਲ 2 ਬ੍ਰਾਂਚ, ਸੈਕਰਡ ਹਾਰਟ ਸਕੂਲ, ਗੋਬਿੰਦ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਏ ਜਾਣ ਦੀ ਧਮਕੀ ਮਿਲੀ ਸੀ । ਜਿਸ ਤੋਂ ਬਾਅਦ ਉਨ੍ਹਾਂ ਵਲੋਂ ਐੱਸਐੱਸਪੀ ਬਰਨਾਲਾ ਸਮੇਤ ਸਕੂਲਾਂ ’ਚ ਪੁੱਜ ਕੇ ਪੂਰੀ ਜਾਂਚ ਕਰਵਾਈ ਗਈ। ਉਨ੍ਹਾਂ ਵਲੋਂ ਤੁਰੰਤ ਸਕੂਲਾਂ ਨਾਲ ਸਪੰਰਕ ਕਰੇ ਬੱਚਿਆਂ ਨੂੰ ਇੱਕ ਥਾਂ ਇਕੱਠਾ ਕਰਵਾ ਲਿਆ ਗਿਆ ਸੀ। ਸਕੂਲ ਖਾਲੀ ਹੋਣ ’ਤੇ ਐਂਟੀਸਬੋਟੇਜ ਦੀਆਂ ਟੀਮਾਂ ਵਲੋਂ ਚੈਕਿੰਗ ਕੀਤੀ ਗਈ। ਅੱਜ ਅਜਿਹੀ ਈਮੇਲ ਆਈ ਸੀ ਉਸ ’ਚ ਦੋ ਏਅਰ ਫਲੇਟ ਤੇ ਇੱਕ ਸੈਕਟੀਏਟ ਦਾ ਵੀ ਜ਼ਿਕਰ ਸੀ। ਪੁਲਿਸ ਵਲੋਂ ਇਸ ਮਾਮਲੇ ’ਚ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਘਬਰਾਉਣ ਦੀ ਜਰੂਰਤ ਨਹੀਂ : ਐੱਸਐੱਸਪੀ
ਬਰਨਾਲਾ ਦੇ ਐੱਸਐੱਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਸਵੇਰੇ ਦੋ ਈ-ਮੇਲ ਰਾਹੀਂ ਛੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਪਹਿਲੀ ਮੇਲ ਲਗਭਗ ਪੌਣੇ ਅੱਠ ਵਜੇ ਆਈ ਸੀ, ਜਿਸ ’ਚ ਟੰਡਨ ਇੰਟਰਨੈਸ਼ਨਲ ਸਕੂਲ, ਵਾਈਐੱਸ ਸਕੂਲ ਤੇ ਆਰਿਆਭੱਟ ਸਕੂਲ ਸਮੇਤ ਕੁੱਲ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਉਪਰੰਤ ਇੱਕ ਹੋਰ ਈ-ਮੇਲ ਰਾਹੀਂ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ, ਸੈਕਰਡ ਹਾਰਟ ਸਕੂਲ ਅਤੇ ਵਾਈਐੱਸ ਜੈਨੈਕਸ ਸਕੂਲ ਨੂੰ ਵੀ ਅਜਿਹੀ ਹੀ ਧਮਕੀ ਮਿਲੀ। ਜਿਸ ਤੋਂ ਬਾਅਦ ਉਨ੍ਹਾਂ ਨੇ ਡੀਸੀ ਸਾਹਿਬ ਨਾਲ ਸੰਪਰਕ ਕਰਕੇ ਸਕੂਲ ਪ੍ਰਬੰਧਕਾਂ ਨਾਲ ਤਾਲਮੇਲ ਕੀਤਾ। ਜ਼ਿਲ੍ਹੇ ਦੇ ਕੰਟਰੋਲ ਰੂਮ ਰਾਹੀਂ ਜਿੰਨੇ ਵੀ ਸਬੰਧਿਤ ਅਫ਼ਸਰ ਤੇ ਪੈਟਰੋਲਿੰਗ ਟੀਮਾਂ ਹਨ, ਉਨ੍ਹਾਂ ਨੂੰ ਸਰਗਰਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕਈ ਹੋਰ ਥਾਵਾਂ ’ਤੇ ਵੀ ਅਜਿਹੀਆਂ ਗੁੰਮਨਾਮ ਧਮਕੀ ਭਰੀਆਂ ਮੇਲਾਂ ਆਉਣ ਦੇ ਮਾਮਲੇ ਸਾਹਮਣੇ ਆਏ ਹਨ, ਜੋ ਅਕਸਰ ਅਫਵਾਹ ਸਾਬਤ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਵੇਂ ਇਹ ਕਿਸੇ ਦੀ ਸ਼ਰਾਰਤ ਲੱਗ ਰਹੀ ਹੈ ਪਰ ਫਿਰ ਵੀ ਪੁਲਿਸ ਇਸ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ।