ਲਾਹਣ ਤੇ ਚਿੱਟੇ ਸਮੇਤ ਤਿੰਨ ਕਾਬੂ
ਲਹਿਰਾ ਅਤੇ ਮੂਨਕ ਦੀ ਪੁਲਿਸ ਨੇ ਲਾਹਣ ਅਤੇ ਚਿੱਟੇ ਸਮੇਤ ਤਿੰਨ ਫੜੇ
Publish Date: Wed, 08 Apr 2026 03:50 PM (IST)
Updated Date: Wed, 08 Apr 2026 03:53 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਥਾਣਾ ਲਹਿਰਾ ਅਤੇ ਮੂਨਕ ਦੀ ਪੁਲਿਸ ਨੇ ਇਕ ਵਿਅਕਤੀ ਦੇ ਖੇਤ ਵਾਲੇ ਕੋਠੇ ਵਿੱਚੋਂ 200 ਲੀਟਰ ਲਾਹਣ ਬਰਾਮਦ ਕੀਤਾ ਹੈ ਉੱਥੇ ਹੀ ਅੱਠ ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਲਹਿਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੁਨੀਲ ਕੁਮਾਰ ਚੈਕਿੰਗ ਅਤੇ ਗਸ਼ਤ ਸਬੰਧੀ ਸਾਥੀ ਕਰਮਚਾਰੀਆਂ ਸਮੇਤ ਪਿੰਡ ਰਾਮਗੜ੍ਹ ਸੰਧੂਆ ਮੌਜੂਦ ਸਨ। ਰਾਤ 9 ਵਜੇ ਦੇ ਕਰੀਬ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਭੀਮਾ ਸਿੰਘ ਵਾਸੀ ਘੋੜੇਨਬ ਜੋ ਨਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ। ਉਸ ਨੇ ਅੱਜ ਵੀ ਆਪਣੇ ਖੇਤ ਵਾਲੇ ਕੋਠੇ ਵਿੱਚ ਨਜਾਇਜ਼ ਸ਼ਰਾਬ ਕੱਢਣ ਲਈ ਲਾਹਣ ਪਾਇਆ ਹੋਇਆ ਹੈ। ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਭੀਮਾ ਸਿੰਘ ਕੋਲੋਂ ਭਾਰੀ ਮਾਤਰਾ ਵਿੱਚ ਲਾਹਣ ਬਰਾਮਦ ਹੋ ਸਕਦਾ ਹੈ। ਇਤਲਾਹ ਪੱਕੀ ਹੋਣ ’ਤੇ ਥਾਣਾ ਲਹਿਰਾ ਵਿਖੇ ਪਰਚਾ ਦਰਜ ਕਰਦਿਆਂ ਛਾਪੇਮਾਰੀ ਦੌਰਾਨ ਉਕਤ ਮੁਲਜ਼ਮ ਭੀਮਾਂ ਸਿੰਘ ਦੇ ਖੇਤ ਵਾਲੇ ਕੋਠੇ ਵਿੱਚੋਂ 200 ਲੀਟਰ ਲਾਹਣ ਬਰਾਮਦ ਕੀਤਾ ਜਦੋਂਕਿ ਮੁਲਜ਼ਮ ਦੀ ਗ੍ਰਿਫਤਾਰੀ ਬਾਕੀ ਹੈ। ਇਸੇ ਤਰ੍ਹਾਂ ਥਾਣਾ ਮੂਣਕ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਮੇਜਰ ਸਿੰਘ ਪੁਲਿਸ ਕਰਮਚਾਰੀਆਂ ਸਮੇਤ ਗਸ਼ਤ ਦੌਰਾਨ ਅਨਾਜ ਮੰਡੀ ਮੂਨਕ ਵੱਲ ਜਾ ਰਹੇ ਸਨ। ਬਾਅਦ ਦੁਪਹਿਰ ਪੌਣੇ ਦੋ ਵਜੇ ਪੁਲਿਸ ਪਾਰਟੀ ਨੂੰ ਅਨਾਜ ਮੰਡੀ ਵਿਖੇ ਤਿੰਨ ਵਿਅਕਤੀ ਦਿਖਾਈ ਦਿੱਤੇ ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਹੱਥ ਵਿੱਚ ਫੜਿਆ ਪਲਾਸਟਿਕ ਲਿਫਾਫਾ ਥੱਲੇ ਸੁੱਟ ਦਿੱਤਾ। ਜਿਨਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਨਾਮ ਪਤਾ ਪੁੱਛਿਆ ਜਿਨ੍ਹਾਂ ਨੇ ਆਪਣਾ ਨਾਮ ਸੰਦੀਪ ਸਿੰਘ ਓਰਫ ਸ਼ਿਵਜੀ ਵਾਸੀ ਮੂਨਕ, ਦੀਪਕ ਕੁਮਾਰ ਉਰਫ ਦੀਪੂ ਵਾਸੀ ਮਨਿਆਣਾ ਅਤੇ ਸੰਜੇ ਕੁਮਾਰ ਉਰਫ ਸੰਜੂ ਵਾਸੀ ਮੂਨਕ ਦੱਸਿਆ। ਇਨ੍ਹਾਂ ਵੱਲੋਂ ਸੁੱਟੇ ਲਿਫਾਫੇ ਨੂੰ ਜਦੋਂ ਚੈੱਕ ਕੀਤਾ ਤਾਂ ਉਸ ਵਿੱਚੋਂ ਅਠ ਗਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਿਸ ਵੱਲੋਂ ਤਿੰਨੇ ਵਿਅਕਤੀਆਂ ਨੂੰ ਕਾਬੂ ਕਰਦਿਆਂ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।