ਪੁਲਿਸ ਨੇ ਪੈਟਰੋਲ ਪੰਪਾਂ ਤੇ ਧਾਰਮਿਕ ਸਥਾਨਾਂ ਦੀ ਕੀਤੀ ਚੈਕਿੰਗ
ਮਹਿਲ ਕਲਾਂ ’ਚ ਪੁਲਿਸ ਦੀ ਵੱਡੀ ਨਾਕਾਬੰਦੀ ਮੁਹਿੰਮ — ਪੈਟਰੋਲ ਪੰਪਾਂ ਤੇ ਧਾਰਮਿਕ ਸਥਾਨਾਂ ਦੀ ਚੈਕਿੰਗ
Publish Date: Sat, 07 Feb 2026 04:09 PM (IST)
Updated Date: Sat, 07 Feb 2026 04:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲਕਲਾਂ : ਇਲਾਕੇ ’ਚ ਅਮਨ-ਕਾਨੂੰਨ ਨੂੰ ਮਜ਼ਬੂਤ ਬਣਾਈ ਰੱਖਣ ਤੇ ਅਪਰਾਧਿਕ ਗਤੀਵਿਧੀਆਂ ’ਤੇ ਨਕੇਲ ਕੱਸਣ ਲਈ ਪੁਲਿਸ ਥਾਣਾ ਮਹਿਲਕਲਾਂ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਥਾਣਾ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਰੰਗੀਆਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਲੁਧਿਆਣਾ-ਬਰਨਾਲਾ ਮੁੱਖ ਮਾਰਗ ’ਤੇ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਦੋਪਹੀਆ ਤੇ ਚਾਰਪਹੀਆ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਚੈਕਿੰਗ ਦੌਰਾਨ ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ, ਇੰਸ਼ੋਰੈਂਸ ਅਤੇ ਪ੍ਰਦੂਸ਼ਣ ਸਰਟੀਫਿਕੇਟ ਦੀ ਜਾਂਚ ਕੀਤੀ ਗਈ। ਜਿਨ੍ਹਾਂ ਵਾਹਨਾਂ ਦੇ ਦਸਤਾਵੇਜ਼ ਅਧੂਰੇ ਪਾਏ ਗਏ, ਉਨ੍ਹਾਂ ਦੇ ਮੋਟਰ ਵਾਹਨ ਐਕਟ ਤਹਿਤ ਮੌਕੇ ’ਤੇ ਚਲਾਨ ਕੱਟੇ ਗਏ, ਜਦਕਿ ਕੁਝ ਸ਼ੱਕੀ ਵਾਹਨਾਂ ਦੀ ਵਧੇਰੇ ਤਫਤੀਸ਼ ਵੀ ਕੀਤੀ ਗਈ। ਇਸ ਤੋਂ ਇਲਾਵਾ ਪੁਲਿਸ ਪਾਰਟੀ ਵੱਲੋਂ ਕਸਬਾ ਮਹਿਲਕਲਾਂ ਦੇ ਵੱਖ-ਵੱਖ ਪੈਟਰੋਲ ਪੰਪਾਂ ਤੇ ਧਾਰਮਿਕ ਸਥਾਨਾਂ ਦੀ ਵੀ ਚੈਕਿੰਗ ਕੀਤੀ ਗਈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਿਆ ਜਾ ਸਕੇ ਤੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾ ਸਕਣ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਸਰਬਜੀਤ ਸਿੰਘ ਰੰਗੀਆਂ ਨੇ ਦੱਸਿਆ ਕਿ ਇਹ ਮੁਹਿੰਮ ਐੱਸਐੱਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਐੱਸਪੀ ਸਬ-ਡਿਵੀਜ਼ਨ ਮਹਿਲਕਲਾਂ ਜਸਪਾਲ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਪਰਾਧ ਰੋਕਥਾਮ ਅਤੇ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਕਰਨ ਲਈ ਵੱਖ-ਵੱਖ ਥਾਵਾਂ ’ਤੇ ਲਗਾਤਾਰ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਸ਼ਾ ਤਸਕਰੀ, ਗੈਰਕਾਨੂੰਨੀ ਹਥਿਆਰ ਜਾਂ ਅਮਨ-ਸ਼ਾਂਤੀ ਭੰਗ ਕਰਨ ਵਾਲੇ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸ਼ੱਕੀ ਵਿਅਕਤੀਆਂ ਜਾਂ ਗਤੀਵਿਧੀਆਂ ਬਾਰੇ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਪੂਰੇ ਦਸਤਾਵੇਜ਼ ਨਾਲ ਹੀ ਯਾਤਰਾ ਕਰਨ ਤਾਂ ਜੋ ਬਿਨਾਂ ਲੋੜ ਦੀ ਕਾਰਵਾਈ ਤੋਂ ਬਚਿਆ ਜਾ ਸਕੇ।