ਸ਼ਹਾਦਤ ਨੂੰ ਸਮਰਪਿਤ ਬਰਨਾਲਾ ’ਚ ਕੱਢੀ ਰੁਜ਼ਗਾਰ ਰੈਲੀ
ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਥਾਪਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਬਰਨਾਲਾ ’ਚ ਕੱਢੀ ਰੁਜ਼ਗਾਰ ਰੈਲੀ
Publish Date: Mon, 23 Mar 2026 06:41 PM (IST)
Updated Date: Tue, 24 Mar 2026 04:08 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਵਿਖੇ ਕਚਹਿਰੀ ਚੌਕ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੱਕ ਭਾਈ ਲਾਲੋ ਪੰਜਾਬੀ ਮੰਚ, ਦਲਿਤ ਤੇ ਮਜ਼ਦੂਰ ਮੁਕਤੀ ਮੋਰਚਾ ਤੇ ਲਾਲ ਝੰਡਾ ਮਨਰੇਗਾ ਵਰਕਰਜ਼ ਯੂਨੀਅਨ ਦੀ ਅਗਵਾਈ ’ਚ ਹਜ਼ਾਰਾਂ ਲੋਕਾਂ ਦੀ ਸੰਖਿਆ ’ਚ ਰੁਜ਼ਗਾਰ ਦਿਓ ਰੈਲੀ ਕੱਢੀ ਗਈ। ਇਸ ਮੌਕੇ ਵੱਡੀ ਸੰਖਿਆ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਹਰਜੀਤ ਸਿੰਘ ਖ਼ਿਆਲੀ, ਸਰਪੰਚ ਜਗਰਾਜ ਸਿੰਘ ਟੱਲੇਵਾਲ ਤੇ ਬੀਬੀ ਪਰਮਜੀਤ ਕੌਰ ਗੁੰਮਟੀ ਨੇ ਕਿਹਾ ਕੇ ਇਹ ਯੋਧੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਚਾਨਣ ਮੁਨਾਰੇ ਹਨ, ਜਿਨ੍ਹਾਂ ਨੇ ਬਹੁਤ ਛੋਟੀ ਉਮਰ ’ਚ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ ਆਜ਼ਾਦੀ ਦੀ ਚਿਣਗ ਜਗਾਈ। ਅੱਜ ਅਸੀਂ ਭਾਰਤ ਮਾਤਾ ਦੇ ਅਣਖੀ ਸਪੂਤਾਂ-ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੀ ਸ਼ਹੀਦੀ ਨੂੰ ਸਤਿਕਾਰ ਸਹਿਤ ਯਾਦ ਕਰਦੇ ਹਾਂ। 23 ਮਾਰਚ 1931 ਨੂੰ ਲਾਹੌਰ ਜੇਲ੍ਹ ’ਚ ਇਨ੍ਹਾਂ ਤਿੰਨਾਂ ਸੂਰਬੀਰਾਂ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਫਾਂਸੀ ਦਿੱਤੀ ਗਈ ਸੀ, ਜੋ ਅੰਗਰੇਜ਼ੀ ਹਕੂਮਤ ਦੇ ਦਿਲਾਂ ’ਚ ਉਨ੍ਹਾਂ ਦੇ ਡਰ ਨੂੰ ਦਰਸਾਉਂਦਾ ਹੈ। ਉਨ੍ਹਾਂ ਦੀ ਲਾਸਾਨੀ ਕੁਰਬਾਨੀ, ਵਿਚਾਰਧਾਰਾ ਅਤੇ ਬਹਾਦਰੀ ਹਮੇਸ਼ਾ ਦੇਸ਼ ਭਗਤੀ ਦਾ ਪ੍ਰੇਰਨਾ ਸਰੋਤ ਰਹੇਗੀ। ਇਸ ਮੌਕੇ ਜੀਵਨ ਸਿੰਘ ਬਿਲਾਸਪੁਰ, ਬਲਦੇਵ ਸਿੰਘ ਸਹਿਜੜਾ, ਗੁਰਮੇਲ ਮਾਛੀਕੇ, ਗੁਰਦੀਪ ਮਹਿਲ ਕਲਾਂ, ਹਰਪਾਲ ਕੌਰ, ਸੰਦੀਪ ਕੌਰ, ਅਮਨਦੀਪ ਕੌਰ ਗੁਰਮਾ, ਬਲਜਿੰਦਰ ਕੌਰ ਸਲੇਮਪੁਰ, ਬਲਜਿੰਦਰ ਕੌਰ ਛੰਨਾ ਆਦਿ ਹਾਜ਼ਰ ਸਨ।