ਸਕੂਲ ਨੈਸ਼ਨਲ ਖੇਡਾਂ 2025-26 ’ਚ ਬਰਨਾਲਾ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ
69 ਵੀਂ ਸਕੂਲ ਨੈਸ਼ਨਲ ਖੇਡਾਂ 2025-26 ’ਚ ਜ਼ਿਲ੍ਹਾ ਬਰਨਾਲਾ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ
Publish Date: Fri, 02 Jan 2026 04:27 PM (IST)
Updated Date: Sat, 03 Jan 2026 04:03 AM (IST)

8 ਖਿਡਾਰੀਆਂ ਨੇ ਜਿੱਤੇ ਮੈਡਲ, ਡੀਸੀ ਬਰਨਾਲਾ ਨੇ ਪਹੁੰਚਣ ’ਤੇ ਕੀਤਾ ਸਨਮਾਨਿਤ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : 69ਵੀਂ ਨੈਸ਼ਨਲ ਸਕੂਲ ਖੇਡਾਂ 2025-26 ਦੌਰਾਨ ਜ਼ਿਲ੍ਹਾ ਬਰਨਾਲਾ ਦੇ 8 ਖਿਡਾਰੀਆਂ ਨੇ ਮੱਲ੍ਹਾਂ ਮਾਰੀਆਂ ਤੇ ਚਾਰ ਸੋਨ ਤਮਗੇ, ਇਕ ਚਾਂਦੀ ਦਾ ਤਮਗਾ ਤੇ ਤਿੰਨ ਕਾਂਸੀ ਦੇ ਤਮਗੇ ਜਿੱਤੇ। ਉਨ੍ਹਾਂ ਜੇਤੂਆਂ ਨੂੰ ਡੀਸੀ ਬਰਨਾਲਾ ਟੀ ਬੈਨਿਥ ਨੇ ਜ਼ਿਲ੍ਹੇ ’ਚ ਪਰਤਣ ’ਤੇ ਸਨਮਾਨਿਤ ਕੀਤਾ। ਡੀਸੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਨੇ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਖਿਡਾਰੀ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ’ਤੇ ਮੱਲ੍ਹਾਂ ਮਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਖਿਡਾਰੀ ਮਨਕਰਨਜੋਤ ਸਿੰਘ, ਜਪੁਸਿਮਰਨ ਸਿੰਘ, ਸਾਹਿਬਜੋਤ ਸਿੰਘ ਅਤੇ ਹਰਵਿੰਦਰ ਸਿੰਘ ਨੇ ਨੈੱਟ ਬਾਲ ਅੰਡਰ 19 ਲੜਕੇ ’ਚ ਬੈਂਗਲੂਰ ਕਰਨਾਟਕਾ ਵਿਖੇ ਸੋਨ ਤਮਗਾ ਜਿੱਤਿਆ। ਇਨ੍ਹਾਂ ਵਿਚੋਂ ਮਨਕਰਨਜੋਤ ਸਿੰਘ ਦੇਸ਼ ਦਾ ਬੈਸਟ ਸ਼ੂਟਰ ਦਾ ਖਿਤਾਬ ਹਾਸਲ ਕੀਤਾ। ਇਹ ਸਾਰੇ ਵਿਦਿਆਰਥੀ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਦੇ ਹਨ। ਇਸੇ ਤਰ੍ਹਾਂ ਹਿਮਾਂਸ਼ੀ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ, ਤੋਂ ਸੀਮਾਂ ਕੌਰ ’ਤੇ ਗੀਤਾ ਕੌਰ ਸਸਸਸ ਮੌੜਾਂ, ਤੋਂ ਨੇ ਨੈੱਟਬਾਲ ਅੰਡਰ 19 ਲੜਕੀਆਂ ਵਿਚੋਂ ਬਰਾਉਂਜ਼ ਮੈਡਲ ਹਾਸਲ ਕੀਤਾ। ਇਸ ਤੋਂ ਇਲਾਵਾ ਤਸਨੀਮ ਕੌਰ ਢਿੱਲੋਂ ਅਕਾਲ ਅਕੈਡਮੀ ਭਦੌੜ, ਨੇ ਐਥਲੈਟਿਕਸ 4x400 ਮੀ. ਰਿਲੇਅ ਲਖਨਊ (ਯੂਪੀ) ਵਿਖੇ ਸਿਲਵਰ ਮੈਡਲ ਪ੍ਰਾਪਤ ਕੀਤਾ। ਇਸ ਮੌਕੇ ਜ਼ਿਲ੍ਹਾ ਸਿਖਿਆ ਅਫ਼ਸਰ ਸੁਨੀਤਇੰਦਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ, ਉਪ ਜ਼ਿਲ੍ਹਾ ਸਿਖਿਆ ਅਫ਼ਸਰ ਬਰਜਿੰਦਰਪਾਲ ਸਿੰਘ, ਡੀਐੱਮ ਸਪੋਰਟਸ ਸਿਮਰਦੀਪ ਸਿੰਘ, ਪ੍ਰਿੰਸੀਪਲ ਸਰਵਹਿੱਤਕਾਰੀ ਵਿੱਦਿਆ ਮੰਦਰ ਬਰਨਾਲਾ ਐੱਸਕੇ ਮਲਿਕ, ਲੈਕ. ਫ਼ਿਜ਼ੀਕਲ ਦਲਜੀਤ ਸਿੰਘ, ਪੀ ਟੀ ਆਈ ਰਜਿੰਦਰ ਸਿੰਘ, ਹਰਨੇਕ ਸਿੰਘ ਕੌਚ, ਮਨਜੀਤ ਸਿੰਘ, ਅਨਿਲ ਸਰਮਾਂ, ਬਲਜਿੰਦਰ ਸਿੰਘ ਅਕਾਲ ਅਕੈਡਮੀ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।