ਮੁੱਖ ਮਾਰਗ ’ਤੇ ਭੂੰਗ ਫਟਣ ਕਾਰਨ ਵਾਹਣਾਂ ਦੀ ਆਵਾਜਾਈ ਹੋਈ ਪ੍ਰਭਾਵਿਤ
ਮੁੱਖ ਮਾਰਗ ਤੇ ਭੂੰਗ ਫਟਣ ਕਾਰਨ ਵਾਹਣਾਂ ਦੀ ਆਵਾਜਾਈ ਪ੍ਰਭਾਵਿਤ ਲੋਕਾਂ ਨੂੰ ਕਰਨਾ ਪਿਆ ਮੁਸ਼ਕਿਲਾਂ ਦਾ ਸਾਹਮਣਾ
Publish Date: Tue, 06 Jan 2026 06:12 PM (IST)
Updated Date: Wed, 07 Jan 2026 04:03 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਮੁੱਖ ਮਾਰਗ ’ਤੇ ਘੁੰਨਸ ਡਰੇਨ ਨਜ਼ਦੀਕ ਫੂਸਾ ਲੈ ਕੇ ਜਾ ਰਹੀ ਇਕ ਓਵਰਲੋਡ ਟਰਾਲੀ ਦਾ ਭੂੰਗ ਫਟਣ ਕਾਰਨ ਰਸਤਾ ਬੰਦ ਹੋ ਗਿਆ, ਜਿਸ ਕਾਰਨ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਭੂੰਗ ਚਾਲਕ ਬਰਨਾਲਾ ਸਾਈਡ ਵੱਲ ਜਾ ਰਿਹਾ ਸੀ, ਜਦੋਂ ਉਹ ਪਿੰਡ ਘੁੰਨਸ ਡਰੇਨ ਨਜ਼ਦੀਕ ਪੁੱਜਾ ਤਾਂ ਅਚਾਨਕ ਭੂੰਗ ਫਟ ਗਿਆ ਤੇ ਸਾਰਾ ਫੂਸਾ ਸੜਕ ਤੇ ਦੂਰ ਤੱਕ ਬਿਖਰ ਗਿਆ, ਜਿਸ ਕਾਰਨ ਰਸਤਾ ਬੰਦ ਹੋ ਗਿਆ। ਭੂੰਗ ਦੇ ਫਟਣ ਦਾ ਪਤਾ ਚੱਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਗੁਰਬਖਸ਼ ਸਿੰਘ ਮੌਕੇ ਤੇ ਪੁੱਜੇ, ਜਿਨ੍ਹਾਂ ਪਿੰਡ ਘੁੰਨਸ ਕੱਟ ਨਜ਼ਦੀਕ ਤੋਂ ਆਵਾਜ਼ਾਈ ਨੂੰ ਦੂਸਰੀ ਸਾਈਡ ਡਾਈਵਰਟ ਕੀਤਾ। ਉਧਰ ਦੂਜੇ ਪਾਸੇ ਜਦ ਇਸ ਸਬੰਧੀ ਆਉਣ ਜਾਣ ਵਾਲੇ ਵਾਹਨ ਚਾਲਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਤਕ ਮੁੱਖ ਮਾਰਗ ’ਤੇ ਚੱਲਣ ਵਾਲੇ ਭਾਰੀ ਵਾਹਨਾਂ ਤੇ ਓਵਰਲੋਡ ਫੂਸੇ ਵਾਲੀਆਂ ਟਰਾਲੀਆਂ ਲਈ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਜਾਂਦਾ, ਓਦੋਂ ਤਕ ਇਸ ਸੜਕ ਤੋਂ ਲੰਘਣ ਵਾਲੇ ਵਾਹਨਾਂ ਤੇ ਵਾਹਨ ਚਾਲਕਾਂ ਦਾ ਰੱਬ ਹੀ ਰਾਖਾ ਹੈ। ਇਹ ਭੂੰਗ ਜਦੋਂ ਵੀ ਚਲਦੇ ਹਨ ਤਾਂ ਪੂਰੀ ਸੜਕ ਨੂੰ ਰੋਕ ਲੈਂਦੇ ਹਨ ਤੇ ਪਿੱਛੇ ਆ ਰਹੇ ਬਾਹਰ ਚਾਲਕ ਦਾ ਕਾਫੀ ਸਮਾਂ ਖ਼ਰਾਬ ਕਰ ਦਿੰਦੇ ਹਨ। ਦੂਸਰਾ ਇਸ ਤਰ੍ਹਾਂ ਦੀਆਂ ਓਵਰਲੋਡ ਟਰਾਲੀਆਂ ਕਾਰਨ ਜ਼ਿਆਦਾਤਰ ਰਾਤ ਸਮੇਂ ਵਾਪਰਦੇ ਹਨ, ਕਿਉਂਕਿ ਇਨ੍ਹਾਂ ਪਿੱਛੇ ਕੋਈ ਵੀ ਰਿਫਲੈਕਟਰ ਜਾਂ ਲਾਈਟ ਨਹੀਂ ਲੱਗੀ ਹੁੰਦੀ। ਪਰ ਲੱਗਦਾ ਹੈ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਪ੍ਰਸ਼ਾਸਨ ਤੇ ਟ੍ਰੈਫਿਕ ਪੁਲਿਸ ਆਪਣੀ ਅੱਖਾਂ ਬੰਦ ਕਰ ਕਿਸੇ ਵੱਡੇ ਹਾਦਸੇ ਦੀ ਉਡੀਕ ਚ ਬੈਠੇ ਹੋਏ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਓਵਰਲੋਡ ਵਾਹਨ ਚਾਲਕਾਂ ਤੇ ਤੂੜੀ ਵਾਲਿਆਂ ਓਵਰਲੋਡ ਟਰਾਲੀਆਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਸਕੇ।