ਧਨੌਲਾ ’ਚ ਟਰੈਫ਼ਿਕ ਦੀ ਸਮੱਸਿਆ ਨੂੰ ਲੈ ਕੇ ਲੋਕ ਹੋ ਰਹੇ ਹਨ ਪਰੇਸ਼ਾਨ
ਧਨੌਲਾ ’ਚ ਟਰੈਫ਼ਿਕ ਦੀ ਸਮੱਸਿਆ ਨੂੰ ਲੈ ਕੇ ਲੋਕ ਹੋ ਰਹੇ ਹਨ ਭਾਰੀ ਪ੍ਰੇਸ਼ਾਨ
Publish Date: Sun, 15 Mar 2026 06:07 PM (IST)
Updated Date: Mon, 16 Mar 2026 04:10 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਧਨੌਲਾ ਬੱਸ ਸਟੈਂਡ ਤੋਂ ਗੁਰਦੁਆਰਾ ਰਾਮਸਰ ਸਾਹਿਬ ਤਕ ਲਗਾਤਾਰ ਜਾਮ ਲੱਗਿਆ ਰਹਿਣ ਕਰ ਕੇ, ਲੋਕ ਭਾਰੀ ਪਰੇਸ਼ਾਨੀਆਂ ਨਾਲ ਅਟਕੇ ਦਿਖਾਈ ਦਿੰਦੇ ਹਨ। ਇਸ ਪਰੇਸ਼ਾਨੀ ਕਰ ਕੇ ਅੱਧਾ-ਅੱਧਾ ਪੌਣਾ-ਪੌਣਾ ਘੰਟਾ ਇਤਜ਼ਾਰ ਕਰ ਕੇ ਲੋਕ ਮੰਜ਼ਿਲ ਵੱਲ ਰਵਾਨਾ ਹੁੰਦੇ ਹਨ। ਦੁਖਾਂਤ ਇਹ ਹੈ ਕਿ ਅਨੇਕ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਵੀ ਕੋਈ ਇਸ ਮਸਲੇ ਪ੍ਰਤੀ ਗੰਭੀਰ ਦਿਖਾਈ ਨਹੀਂ ਦੇ ਰਿਹਾ। ਲੋਕ ਰੋਜ਼ਾਨਾ ਵਾਂਗ ਝਗੜਦੇ ਦਿਖਾਈ ਦਿੰਦੇ ਹਨ। ਪਹਿਲਾਂ ਤਾਂ ਦੁਕਾਨਦਾਰ ਆਪਣਾ ਸਾਮਾਨ ਦੁਕਾਨ ਦੀ ਹਦੂਦ ਤੋਂ 7-7 ਫੁੱਟ ਤੱਕ ਬਾਹਰ ਰੱਖ ਦਿੰਦੇ ਹਨ। ਇਹ ਵੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੁੱਝ ਦੁਕਾਨਦਾਰ ਰੇਹੜੀਆਂ ਵਾਲਿਆਂ ਤੋਂ ਕਰਾਇਆ ਵਸੂਲ ਕੇ ਆਪਣੀਆਂ ਦੁਕਾਨਾਂ ਅੱਗੇ ਰੇਹੜੀਆਂ ਲਗਵਾ ਦਿੰਦੇ ਹਨ। ਉਸ ਤੋਂ ਅਗਲੇ ਹਿੱਸੇ ਵਿਚ ਆਉਣ ਜਾਣ ਵਾਲੇ ਗਾਹਕ ਆਪਣੀਆਂ ਗੱਡੀਆਂ ਖੜ੍ਹੀਆਂ ਕਰ ਦਿੰਦੇ ਹਨ। ਦੋਵੇਂ ਪਾਸੇ ਗੱਡੀਆਂ ਖੜ੍ਹੀਆਂ ਹੋਣ ਕਰ ਕੇ ਸਾਰਾ ਬਾਜ਼ਾਰ ਜਾਮ ਹੋ ਜਾਂਦਾ ਹੈ। ਮੰਡੀ ਨਿਵਾਸੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਕੇ ਕਈ ਵਾਰ ਇਹ ਮੰਗ ਕੀਤੀ ਗਈ ਹੈ ਕਿ ਇੱਥੇ ਟਰੈਫ਼ਿਕ ਪੁਲਿਸ ਦੇ ਦੋ ਨੌਜਵਾਨ ਪੱਕੇ ਤੌਰ ’ਤੇ ਤਾਇਨਾਤ ਕੀਤੇ ਜਾਣ। ਜਿਹੜੇ ਮੋਟਰਸਾਈਕਲ ’ਤੇ ਲਗਾਤਾਰ ਗਸ਼ਤ ਕਰਨ ਦੇ ਨਾਲ-ਨਾਲ ਇੱਥੋਂ ਦੀ ਟਰੈਫ਼ਿਕ ਦੇ ਮਸਲੇ ਨੂੰ ਵੀ ਨਜਿੱਠਦੇ ਰਹਿਣ। ਅਜਿਹਾ ਹੋਣ ਵਾਲਾ ਲੁੱਟਾਂ ਖੋਹਾਂ ਦੀ ਮਨਸ਼ਾ ਨਾਲ ਬਾਜ਼ਾਰ ਵਿਚ ਤਾਕ ਲਗਾਉਣ ਵਾਲੇ ਵੀ ਰਫੂ ਚੱਕਰ ਹੋ ਜਾਣਗੇ। ਦੂਸਰਾ ਹੈ ਕਿ ਆਵਾਜਾਈ ਸਰਲ ਹੋ ਜਾਵੇਗੀ। ਅਗਰਵਾਲ ਸਭਾ ਧਨੌਲਾ ਦੇ ਪ੍ਰਧਾਨ ਅਰੂਣ ਕੁਮਾਰ, ਗਊਸ਼ਾਲਾ- ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਬੈਲਰ ਐਸੋਸੀਏਸ਼ਨ ਦੇ ਪ੍ਰਧਾਨ ਬੌਨੀ ਬਾਂਸਲ ਸ਼ੈਲਰ ਐਸੋਸੀਏਸ਼ਨ ਦੇ ਸੀਨੀਅਰ ਆਗੂ ਅਨਿਲ ਕੁਮਾਰ ਸੇਠੀ, ਸਮਾਜ ਸੇਵੀ ਡਾ ਸ਼ੰਕਰ ਬਾਂਸਲ, ਮੁਸਲਿਮ ਵੈੱਲਫੇਅਰ ਕਮੇਟੀ ਦੇ ਸੀਨੀਅਰ ਆਗੂ ਡਾ. ਦਿਲਸ਼ਾਦ ਅਖ਼ਤਰ, ਭਾਈ ਘਨੱਈਆ ਸੇਵਾ ਸੋਸਾਇਟੀ ਦੇ ਪ੍ਰਧਾਨ ਭਾਈ ਮਨਜੀਤ ਸਿੰਘ, ਗੁਰਦੁਆਰਾ ਰਾਮਸਰ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਰਾਜ ਸਿੰਘ ਪੰਧੇਰ ਨੇ ਜ਼ਿਲ੍ਹਾ ਪ੍ਰਸ਼ਾਸਨ ਪਸ਼ੂ ਮੰਗ ਕਰਦਿਆਂ ਆਖਿਆ ਬਿ ਟਰੈਫਿਕ ਦੇ ਮਸਲੇ ਨੂੰ ਹੱਲ ਕਰਨ ਲਈ ਤੁਰੰਤ ਸਖ਼ਤ ਕਦਮ ਚੁੱਕੇ ਜਾਣ।