ਪਾਸਟਰ ਦੀ ਲਾਸ਼ ਸੜਕ ’ਤੇ ਰੱਖ ਕੇ ਕੀਤਾ ਚੱਕਾ ਜਾਮ
ਪਾਸਟਰ ਦੀ ਲਾਸ਼ ਸੜਕ ਤੇ ਰੱਖ ਕੇ ਕੀਤਾ ਚੱਕਾ ਜਾਮ
Publish Date: Wed, 04 Feb 2026 06:32 PM (IST)
Updated Date: Wed, 04 Feb 2026 06:35 PM (IST)
- ਕਬਰਿਸਤਾਨ ਨਾ ਹੋਣ ਕਾਰਨ ਖਫਾ ਹੋਇਆ ਮਸੀਹ ਭਾਈਚਾਰਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਧੂਰੀ : ਸ਼ਹਿਰ ਦੇ ਸੰਗਰੂਰ ਬਾਈਪਾਸ ’ਤੇ ਉਸ ਵੇਲੇ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਮਸੀਹ ਭਾਈਚਾਰੇ ਵੱਲੋਂ ਮ੍ਰਿਤਕ ਪਾਸਟਰ ਦੀ ਲਾਸ਼ ਰੱਖ ਕੇ ਚੱਕਾ ਜਾਮ ਕਰ ਦਿੱਤਾ ਗਿਆ। ਕਰੀਬ ਇੱਕ ਘੰਟੇ ਤੱਕ ਲੋਕ ਲੰਮੇ ਜਾਮ ਵਿੱਚ ਫਸੇ ਰਹੇ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਮਸੀਹ ਭਾਈਚਾਰੇ ਲਈ ਕਬਰਸਤਾਨ ਵਾਸਤੇ ਜਗ੍ਹਾ ਦਿੱਤੀ ਜਾਵੇ। ਇਸ ਮੌਕੇ ਪ੍ਰਦਰਸ਼ਨਕਾਰੀਆਂ ਭਰਪੂਰ ਜੱਸੀ, ਗੁਰਬਾਜ਼ ਬਰਨਾਲਾ, ਰਣਜੀਤ ਸਿੰਘ ਅਤੇ ਰਵੀ ਪੌਲ ਨੇ ਦੱਸਿਆ ਕਿ ਸ਼ਹਿਰ ਦੇ ਪਾਸਟਰ ਸੋਮਪਾਲ (50) ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਸ਼ਹਿਰ ਵਿੱਚ ਮਸੀਹ ਭਾਈਚਾਰੇ ਲਈ ਕੋਈ ਵੱਖਰਾ ਕਬਰਸਤਾਨ ਨਹੀਂ ਹੈ, ਜਿਸ ਕਾਰਨ ਮ੍ਰਿਤਕ ਨੂੰ ਦਫਨਾਉਣ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਇਸੇ ਰੋਸ ਦੇ ਤੌਰ ’ਤੇ ਮਸੀਹ ਭਾਈਚਾਰੇ ਵੱਲੋਂ ਲਾਸ਼ ਨੂੰ ਸੜਕ ਵਿਚਕਾਰ ਰੱਖ ਕੇ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ। ਕਰੀਬ ਇੱਕ ਘੰਟੇ ਤੱਕ ਚੱਕਾ ਜਾਮ ਰਹਿਣ ਕਾਰਨ ਦੂਰ-ਦੂਰ ਤੱਕ ਸਾਰੇ ਰਸਤੇ ਬੰਦ ਹੋ ਗਏ। ਅਧਿਕਾਰੀਆਂ ਨਾਲ ਗੱਲਬਾਤ ਤੋਂ ਕਰੀਬ ਅੱਧੇ ਘੰਟੇ ਬਾਅਦ ਜਾਮ ਪੂਰੀ ਤਰ੍ਹਾਂ ਖੋਲ੍ਹਿਆ ਗਿਆ। ਇਸ ਦੌਰਾਨ ਲੋਕ ਵੱਖ-ਵੱਖ ਰਸਤੇ ਲੱਭਦੇ ਹੋਏ ਭਟਕਦੇ ਰਹੇ।
ਕਬਰਸਤਾਨ ਮੁਹੱਈਆ ਕਰਵਾਉਣ ਦੀ ਮੰਗ
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਨੂੰ ਦਫਨਾਉਣ ਲਈ ਕੋਈ ਪੱਕੀ ਜਗ੍ਹਾ ਨਹੀਂ ਹੈ। ਇਸ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਚੁੱਕੀ ਹੈ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਮਸੀਹ ਭਾਈਚਾਰੇ ਲਈ ਵੱਖਰਾ ਕਬਰਸਤਾਨ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਮ੍ਰਿਤਕਾਂ ਨੂੰ ਦਫਨਾਉਣ ਲਈ ਦੂਰ ਦਰਾਜ਼ ਇਲਾਕਿਆਂ ਵਿੱਚ ਨਾ ਜਾਣਾ ਪਵੇ।
ਭਰੋਸੇ ਤੋਂ ਬਾਅਦ ਖੋਲ੍ਹਿਆ ਗਿਆ ਚੱਕਾ ਜਾਮ
ਉੱਥੇ ਹੀ ਪ੍ਰਦਰਸ਼ਨ ਵਿੱਚ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ ਐਸਡੀਐਮ ਰਿਸ਼ਭ ਜੈਨ ਅਤੇ ਐਸਪੀ ਹੈੱਡਕੁਆਰਟਰ ਰਾਜੇਸ਼ ਛਿੱਬਰ ਨੇ ਮਾਹੌਲ ਨੂੰ ਸ਼ਾਂਤ ਕਰਦੇ ਹੋਏ ਜਲਦੀ ਹੀ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਨਾਲ ਹੀ ਵੀਰਵਾਰ ਨੂੰ ਮਸੀਹ ਭਾਈਚਾਰੇ ਨੂੰ ਮੀਟਿੰਗ ਲਈ ਸਮਾਂ ਦਿੱਤਾ ਗਿਆ, ਜਿਸ ਤੋਂ ਬਾਅਦ ਚੱਕਾ ਜਾਮ ਖੋਲ੍ਹ ਦਿੱਤਾ ਗਿਆ।