ਪੰਚਾਇਤ ਨੇ ਲਾਈ ਚਾਈਨਾ ਡੋਰ ਤੇ ਪਤੰਗ ਚੜ੍ਹਾਉਣ ’ਤੇ ਪਾਬੰਦੀ
ਪੰਚਾਇਤ ਨੇ ਲਾਈ ਚਾਈਨਾਂ ਡੋਰ ਅਤੇ ਪਤੰਗ ਚੜਾਉਣ ਤੇ ਪਾਬੰਦੀ
Publish Date: Wed, 28 Jan 2026 03:35 PM (IST)
Updated Date: Wed, 28 Jan 2026 03:37 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪਿਛਲੇ ਦਿਨੀਂ ਚਾਈਨਾ ਡੋਰ ਨਾਲ ਪਤੰਗ ਚੜ੍ਹਾਉਂਦਿਆਂ ਜਿੱਥੇ ਕਈ ਮਾਸੂਮਾਂ ਦੀ ਜਾਨ ਚਲੀ ਗਈ ਉੱਥੇ ਹੀ ਚਾਈਨਾਂ ਡੋਰ ਦੀ ਲਪੇਟ ਹੋਣ ਨਾਲ ਕਈ ਮੌਤਾਂ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਜਿਸ ਕਾਰਨ ਹੁਣ ਪਿੰਡਾਂ ਦੀਆਂ ਪੰਚਾਇਤਾਂ ਵੀ ਇਸ ਚਾਈਨਾਂ ਡੋਰ ਖਿਲਾਫ ਨਿੱਤਰ ਰਹੀਆਂ ਹਨ। ਇਸੇ ਸੰਦਰਭ ਦੇ ਵਿੱਚ ਇੱਥੋਂ ਨੇੜਲੇ ਪਿੰਡ ਜਲੂਰ ਵਿਖੇ ਪੰਚਾਇਤ ਨੇ ਪਤੰਗਬਾਜ਼ੀ ਖਿਲਾਫ ਮਤਾ ਪਾਉਂਦਿਆਂ ਪਿੰਡ ਵਿੱਚ ਚਾਈਨਾ ਡੋਰ, ਪਤੰਗ ਵੇਚਣ ਅਤੇ ਪਤੰਗ ਉਡਾਉਣ ’ਤੇ ਪੂਰੀ ਪਾਬੰਦੀ ਲਾਈ ਹੈ। ਇਸ ਸਬੰਧੀ ਗ੍ਰਾਮ ਪੰਚਾਇਤ ਜਲੂਰ ਵੱਲੋਂ ਲੈਟਰ ਪੈਡ ਉੱਤੇ ਪਾਏ ਮਤੇ ਵਿੱਚ ਲਿਖਿਆ ਹੈ, ਕਿ ਪਿਛਲੇ ਦਿਨੀਂ ਪੰਜਾਬ ਅੰਦਰ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਬਹੁਤਿਆਂ ਦੇ ਜ਼ਖਮੀ ਅਤੇ ਮੌਤਾਂ ਸਬੰਧੀ ਘਟਨਾਵਾਂ ਵਾਪਰੀਆਂ ਹਨ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਪਿੰਡ ਜਲੂਰ ਦੀ ਪੰਚਾਇਤ ਨੇ ਪਿੰਡ ਦੇ ਦੁਕਾਨਦਾਰਾਂ ਨੂੰ ਪਤੰਗ ਅਤੇ ਚਾਈਨਾ ਡੋਰ ਵੇਚਣ ਤੋਂ ਮਨਾ ਕੀਤਾ ਹੈ। ਪਿੰਡ ਦਾ ਕੋਈ ਵੀ ਦੁਕਾਨਦਾਰ ਚਾਇਨਾ ਡੋਰ ਵੇਚਦਾ ਜਾਂ ਪਤੰਗ ਵੇਚਦਾ ਹੈ ਜਾਂ ਕੋਈ ਪਤੰਗਬਾਜ਼ੀ ਕਰਦਾ ਹੈ ਤਾਂ ਉਸ ਖਿਲਾਫ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਲਈ ਲਿਖਿਆ ਜਾਵੇਗਾ। ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਸੂਚ, ਜਗਤਾਰ ਸਿੰਘ ਪੰਚ, ਮਨਪ੍ਰੀਤ ਕੌਰ ਪੰਚ, ਮਨਦੀਪ ਕੌਰ ਪੰਚ, ਰਾਜ ਸਿੰਘ ਪੰਚ, ਗਿੰਦਰ ਸਿੰਘ ਪੰਚ, ਬਲਵੀਰ ਸਿੰਘ ਪੰਚ ਆਦਿ ਮੌਜੂਦ ਸਨ।