ਆਧੁਨਿਕ ਤਕਨੀਕਾਂ ਨਾਲ ਲੈਸ ਹੋਇਆ ਪਿੰਡ ਪਲਾਸੌਰ
ਆਧੁਨਿਕ ਤਕਨੀਕਾਂ ਨਾਲ ਲੈਸ ਹੋਇਆ ਪਿੰਡ ਪਲਾਸੌਰ
Publish Date: Wed, 11 Feb 2026 05:32 PM (IST)
Updated Date: Wed, 11 Feb 2026 05:35 PM (IST)

- ਸੁਰੱਖਿਆ ਲਈ ਲਾਏ 49 ਸੀਸੀਟੀਵੀ ਕੈਮਰੇ, ਸਕੂਲ ’ਚ ਲਾਏ ਪ੍ਰਾਜੈਕਟਰ - ਪਲਾਸੌਰ-ਰੂਪਾਹੇੜੀ ਸੜਕ ਨੂੰ 10 ਤੋਂ 18 ਫੁੱਟ ਕਰਨ ਦਾ ਕੰਮ ਜਾਰੀ ਵਰਿੰਦਰ ਸਿੰਘ, ਪੰਜਾਬੀ ਜਾਗਰਣ ਧੂਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕੇ ਧੂਰੀ ਦਾ ਪਿੰਡ ਪਲਾਸੌਰ ਸ਼ਹਿਰਾਂ ਨੂੰ ਮਾਤ ਪਾਉਂਦਾ ਹੋਇਆ ਆਧੁਨਿਕ ਤਕਨੀਕਾਂ ਨਾਲ ਲੈਸ ਹੋ ਗਿਆ ਹੈ, ਜਿੱਥੇ ਸੁਰੱਖਿਆ ਲਈ 49 ਸੀਸੀਟੀਵੀ ਕੈਮਰੇ ਅਤੇ ਵਿਦਿਆਰਥੀਆਂ ਲਈ ਪ੍ਰਾਜੈਕਟਰ ਵਰਗੀਆਂ ਆਧੁਨਿਕ ਸਹੂਲਤਾਂ ਉਪਲਬਧ ਹਨ। ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਲਗਾਤਾਰ ਵਿਕਾਸ ਕਾਰਜ ਜਾਰੀ ਹਨ ਅਤੇ ਪਿੰਡ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਪਿੰਡ ਵਿੱਚ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਲਾਇਬ੍ਰੇਰੀ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਨਾਲ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਮਾਹੌਲ ਮਿਲੇਗਾ। ਇਸ ਦੇ ਨਾਲ ਹੀ ਪਿੰਡ ਦੇ ਸਕੂਲ ਵਿੱਚ ਨਵੇਂ ਬਾਥਰੂਮ ਬਣਾਏ ਜਾ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਨਾਲ ਜੋੜਨ ਲਈ ਦੋ ਪ੍ਰਾਜੈਕਟਰ ਵੀ ਖਰੀਦੇ ਗਏ ਹਨ, ਤਾਂ ਜੋ ਪੜ੍ਹਾਈ ਦਾ ਮਿਆਰ ਹੋਰ ਉੱਚਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿੰਡ ਪਲਾਸੌਰ ਤੋਂ ਰੂਪਾਹੇੜੀ ਵਾਲੀ ਸੜਕ ਨੂੰ ਕਰੀਬ 3.4 ਕਰੋੜ ਰੁਪਏ ਦੀ ਲਾਗਤ ਨਾਲ 10 ਫੁੱਟ ਤੋਂ ਵਧਾ ਕੇ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ। ਇਸ ਸੜਕ ਦੀ ਕੁੱਲ ਲੰਬਾਈ 6.3 ਕਿਲੋਮੀਟਰ ਹੈ, ਜਿਸ ਨਾਲ ਇਲਾਕਾ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਪਿੰਡ ਦੀ ਫਿਰਨੀ ਨੂੰ ਵੀ ਚੌੜਾ ਕੀਤਾ ਜਾ ਰਿਹਾ ਹੈ ਅਤੇ ਪਿੰਡ ਵਿੱਚ ਇੱਕ ਪਾਰਕ ਵੀ ਬਣਾਇਆ ਜਾ ਰਿਹਾ ਹੈ। ਪਿੰਡ ਵਿੱਚ ਨਵੀਂ ਡਿਸਪੈਂਸਰੀ ਦੀ ਉਸਾਰੀ ਕੀਤੀ ਗਈ ਹੈ, ਜਿਸ ਨਾਲ ਸਿਹਤ ਸੇਵਾਵਾਂ ਹੋਰ ਮਜ਼ਬੂਤ ਹੋਣਗੀਆਂ। ਇਸ ਤੋਂ ਇਲਾਵਾ ਸੁਰੱਖਿਆ ਪੱਖੋਂ ਪਿੰਡ ਵਿੱਚ 49 ਸੀਸੀਟੀਵੀ ਕੈਮਰੇ ਲਾਏ ਗਏ ਹਨ, ਤਾਂ ਜੋ ਕਾਨੂੰਨ-ਵਿਵਸਥਾ ਬਣਾਈ ਰੱਖਣ ਵਿੱਚ ਸਹਾਇਤਾ ਮਿਲੇ।