ਇਸ ਦੇ ਨਾਲ ਹੀ ਉਨ੍ਹਾਂ ਨੇ ਹਾਸੇ ਵਿਚ ਕਿਹਾ ਕਿ ਪਿੰਡਾਂ ਵਿੱਚ ਰਹਿੰਦੇ ਅਣਵਿਆਹੇ (ਛੜੇ) ਤੇ ਲੋੜਵੰਦ ਲੋਕ, ਜਿਨ੍ਹਾਂ ਦੇ ਘਰ ਵਿਚ ਦੋ ਵਕਤ ਦੀ ਰੋਟੀ ਵੀ ਨਹੀਂ ਬਣਦੀ, ਉਨ੍ਹਾਂ ਨੂੰ ਵੀ ਪੈਨਸ਼ਨ ਦੇਣ ਬਾਰੇ ਸੋਚਿਆ ਜਾਵੇਗਾ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਲੋਕਾਂ ਦਾ ਸਮਰਥਨ ਮਿਲਣ ’ਤੇ ਉਨ੍ਹਾਂ ਦੀ ਪਾਰਟੀ ਪੰਜਾਬ ਵਿਚ ਖੇਡਾਂ ਤੇ ਸਮਾਜਿਕ ਭਲਾਈ ਦੀ ਨਵੀਂ ਸ਼ੁਰੂਆਤ ਕਰੇਗੀ।

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਨੂੰ ਪਿੰਡ ਘਰਾਚੋਂ ਵਿੱਚ ਬਾਬਾ ਫਕੀਰਾ ਦਾਸ ਜੀ ਦੀ ਯਾਦ ਵਿਚ ਕਰਵਾਏ ਗਏ ਕਬੱਡੀ ਟੂਰਨਾਮੈਂਟ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਖਿਡਾਰੀਆਂ ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵੱਡਾ ਐਲਾਨ ਕੀਤਾ ਕਿ ਪਿੰਡਾਂ ਵਿਚ ਬਜ਼ੁਰਗ ਅਕਸਰ ਤਾਸ਼ ਦੀ ਸੀਪ ਖੇਡਦੇ ਹਨ। ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪੰਜਾਬ ਵਿੱਚ ਸੀਪ ਦੇ ਵੀ ਵੱਡੇ ਟੂਰਨਾਮੈਂਟ ਕਰਵਾਏ ਜਾਣਗੇ, ਜਿਨ੍ਹਾਂ ਵਿੱਚ 10 ਲੱਖ ਰੁਪਏ ਤੱਕ ਦੇ ਇਨਾਮ ਦਿੱਤੇ ਜਾਣਗੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਹਾਸੇ ਵਿਚ ਕਿਹਾ ਕਿ ਪਿੰਡਾਂ ਵਿੱਚ ਰਹਿੰਦੇ ਅਣਵਿਆਹੇ (ਛੜੇ) ਤੇ ਲੋੜਵੰਦ ਲੋਕ, ਜਿਨ੍ਹਾਂ ਦੇ ਘਰ ਵਿਚ ਦੋ ਵਕਤ ਦੀ ਰੋਟੀ ਵੀ ਨਹੀਂ ਬਣਦੀ, ਉਨ੍ਹਾਂ ਨੂੰ ਵੀ ਪੈਨਸ਼ਨ ਦੇਣ ਬਾਰੇ ਸੋਚਿਆ ਜਾਵੇਗਾ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਲੋਕਾਂ ਦਾ ਸਮਰਥਨ ਮਿਲਣ ’ਤੇ ਉਨ੍ਹਾਂ ਦੀ ਪਾਰਟੀ ਪੰਜਾਬ ਵਿਚ ਖੇਡਾਂ ਤੇ ਸਮਾਜਿਕ ਭਲਾਈ ਦੀ ਨਵੀਂ ਸ਼ੁਰੂਆਤ ਕਰੇਗੀ।
ਸਰਕਾਰ ਬਣਨ ’ਤੇ ਘਰਾਚੋਂ ਵਿੱਚ ਅਧੁਨਿਕ ਸਟੇਡੀਅਮ ਬਣਾਉਣ ਦਾ ਵੀ ਭਰੋਸਾ ਦਿੱਤਾ ਗਿਆ। ਬਾਦਲ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਸੀ, ਉਦੋਂ ਸੂਬੇ ਵਿਚ ਵੱਡੇ ਪੱਧਰ ’ਤੇ ਕਬੱਡੀ ਦੇ ਅੰਤਰਰਾਸ਼ਟਰੀ ਟੂਰਨਾਮੈਂਟ ਕਰਵਾਏ ਜਾਂਦੇ ਸਨ। ਉਨ੍ਹਾਂ ਟੂਰਨਾਮੈਂਟਾਂ ਵਿਚ ਨਾ ਸਿਰਫ ਪੰਜਾਬ, ਸਗੋਂ ਦੇਸ਼ ਤੇ ਵਿਦੇਸ਼ ਤੋਂ ਵੀ ਟੀਮਾਂ ਹਿੱਸਾ ਲੈਣ ਆਉਂਦੀਆਂ ਸਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਹੀ ਪੰਜਾਬ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਕੀਤਾ ਤੇ ਕਬੱਡੀ ਨੂੰ ਅੰਤਰਰਾਸ਼ਟਰੀ ਪਛਾਣ ਦਿਵਾਈ। ਕਰੋੜਾਂ ਰੁਪਏ ਦੇ ਇਨਾਮ ਦੇ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ ਗਿਆ, ਪਰ ਪਿਛਲੇ ਨੌਂ ਸਾਲਾਂ ਵਿਚ ਨਾ ਕੋਈ ਵੱਡਾ ਕਬੱਡੀ ਟੂਰਨਾਮੈਂਟ ਹੋਇਆ ਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਵਿਕਾਸ ਲਈ ਢੰਗ ਦੇ ਕਦਮ ਚੁੱਕੇ ਗਏ।
ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਖੇਤਰੀ ਪਾਰਟੀ ਨੂੰ ਮੌਕਾ ਦਿੱਤਾ ਜਾਵੇ। ਦਿੱਲੀ ਦੀਆਂ ਪਾਰਟੀਆਂ ਦੇ ਪ੍ਰਭਾਵ ਵਿਚ ਆਉਣ ਦੀ ਬਜਾਏ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਪਿੰਡਾਂ ਅਤੇ ਸ਼ਹਿਰਾਂ ਵਿਚ ਖੇਡਾਂ ਨੂੰ ਦੁਬਾਰਾ ਉਤਸ਼ਾਹਿਤ ਕੀਤਾ ਜਾਵੇਗਾ ਤੇ ਕਬੱਡੀ ਤੇ ਕੁਸ਼ਤੀ ਵਰਗੀਆਂ ਪਰੰਪਰਾਗਤ ਖੇਡਾਂ ਨੂੰ ਵਿਸ਼ੇਸ਼ ਤੌਰ ’ਤੇ ਪ੍ਰੋਤਸਾਹਨ ਦਿੱਤਾ ਜਾਵੇਗਾ।
ਇਸ ਮੌਕੇ ‘ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਰਵਿੰਦ ਖੰਨਾ, ਹਲਕਾ ਸੁਨਾਮ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਸਮੇਤ ਹੋਰ ਆਗੂ ਵੀ ਮੌਜੂਦ ਸਨ।