ਆਊਟਸੋਰਸ ਮੁਲਾਜ਼ਮਾਂ ਦੀ 7 ਨੂੰ ਦਿੜਬਾ ਵਿਖੇ ਵਿਸ਼ਾਲ ਪਰਿਵਾਰਕ ਰੈਲੀ ਦਾ ਐਲਾਨ
ਆਊਟਸੋਰਸ ਮੁਲਾਜ਼ਮਾਂ ਦੀ 7 ਨੂੰ ਦਿੜਬਾ ਵਿਖੇ ਵਿਸ਼ਾਲ ਪਰਿਵਾਰਕ ਰੈਲੀ ਦਾ ਐਲਾਨ
Publish Date: Thu, 05 Feb 2026 06:55 PM (IST)
Updated Date: Fri, 06 Feb 2026 04:08 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਪਾਵਰਕੌਮ ਐਂਡ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਸਬ ਡਵੀਜ਼ਨ ਤਪਾ-1 ਅਤੇ 2 ਦੀ ਸੰਯੁਕਤ ਮੀਟਿੰਗ ਦੌਰਾਨ 7 ਫਰਵਰੀ 2026 ਨੂੰ ਦਿੜਬਾ ਵਿਖੇ ਵਿਸ਼ਾਲ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ। ਇਸ ਰੈਲੀ ਵਿਚ ਸਮੂਹ ਆਊਟਸੋਰਸ ਠੇਕਾ ਮੁਲਾਜ਼ਮ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਸ਼ਮੂਲੀਅਤ ਕਰਨਗੇ। ਮੀਟਿੰਗ ’ਚ ਆਗੂਆਂ ਨੇ ਕੇਂਦਰ ਸਰਕਾਰ ਦੇ ਬਿਜਲੀ ਐਕਟ 2025 ਤੇ ਪੰਜਾਬ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਨੂੰ ਮੁਲਾਜ਼ਮਾਂ ਲਈ ਮਾਰੂ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਨੀਤੀਆਂ ਬਿਜਲੀ ਖੇਤਰ ਦੇ ਨਿੱਜੀਕਰਨ ਨੂੰ ਵਧਾਵਾ ਦੇਣਗੀਆਂ ਅਤੇ ਆਊਟਸੋਰਸ ਕਰਮਚਾਰੀਆਂ ਦੇ ਭਵਿੱਖ ਨੂੰ ਅਸੁਰੱਖਿਅਤ ਕਰਨਗੀਆਂ। ਯੂਨੀਅਨ ਦੀ ਮੁੱਖ ਮੰਗ ਹੈ ਕਿ ਸਮੂਹ ਆਊਟਸੋਰਸ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਮਹਿਕਮੇ ’ਚ ਰੈਗੂਲਰ ਕੀਤਾ ਜਾਵੇ ਤੇ 1948 ਦੇ ਐਕਟ ਅਨੁਸਾਰ ਉਨ੍ਹਾਂ ਨੂੰ ਯੋਗ ਤਨਖਾਹ ਤੇ ਹੋਰ ਕਾਨੂੰਨੀ ਹੱਕ ਮੁਹੱਈਆ ਕਰਵਾਏ ਜਾਣ। ਆਗੂਆਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸਬ ਡਵੀਜ਼ਨ ਪ੍ਰਧਾਨ ਅਲਾਦੀਨ, ਮੀਤ ਪ੍ਰਧਾਨ ਨਿਰਮਲ ਸਿੰਘ ਹਰੀ, ਗੁਰਮੁਖ ਸਿੰਘ, ਮੱਖਣ ਸਿੰਘ, ਦਲਜੀਤ ਸਿੰਘ, ਗੁਰਲਾਲ ਸਿੰਘ, ਸੁਖਚੈਨ ਦਾਸ, ਬਲਕਾਰ ਸਿੰਘ ਤੇ ਰਾਮ ਸਿੰਘ ਸਮੇਤ ਵੱਡੀ ਗਿਣਤੀ ’ਚ ਮੁਲਾਜ਼ਮ ਹਾਜ਼ਰ ਰਹੇ।