ਚੋਰੀ ਕੀਤੇ ਚੌਲਾਂ ਦੇ ਗੱਟਿਆਂ ਸਣੇ ਨਾਬਾਲਗ ਸਣੇ 4 ਪਰਵਾਸੀ ਕਾਬੂ, 1 ਫ਼ਰਾਰ
ਚੋਰੀ ਕੀਤੇ ਚੌਲਾਂ ਦੇ ਗੱਟਿਆਂ ਸਣੇ ਨਬਾਲਗ ਸਮੇਤ ਚਾਰ ਪ੍ਰਵਾਸੀ ਕਾਬੂ, 1 ਫਰਾਰ
Publish Date: Fri, 20 Feb 2026 04:18 PM (IST)
Updated Date: Sat, 21 Feb 2026 04:01 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀਐੱਸਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਤਪਾ ਪੁਲਿਸ ਨੇ ਚੋਰੀ ਦੇ 15 ਗੱਟਿਆਂ ਸਣੇ ਨਾਬਾਲਗ ਸਮੇਤ 4 ਪਰਵਾਸੀਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ, ਜਦ ਕਿ ਇਕ ਦੋਸ਼ੀ ਫ਼ਰਾਰ ਹੈ। ਮਾਮਲੇ ਸਬੰਧੀ ਥਾਣਾ ਮੁਖੀ ਸ਼ਰੀਫ ਖਾਨ ਨੇ ਦੱਸਿਆ ਕਿ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਪਿਆਰ ਸਿੰਘ ਕੋਲ ਵੇਅਰਹਾਊਸ ਦੇ ਸਹਾਇਕ ਤਕਨੀਕੀ ਅਫ਼ਸਰ ਹਰੀਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਜੀਦਾ ਥਾਣਾ ਨੇਹੀਆਂ ਵਾਲਾ ਜਿਲ੍ਹਾ ਬਠਿੰਡਾ ਨੇ ਬਿਆਨ ਕਲਮਬੱਧ ਕਰਵਾਏ ਕਿ ਮੈਂ ਦਰਾਜ ਫਾਟਕ ਤਪਾ ਨਜ਼ਦੀਕ ਪੰਜਾਬ ਰਾਜ ਗੋਦਾਮ ਨਿਗਮ ’ਚ ਬਤੌਰ ਤਕਨੀਕੀ ਸਹਾਇਕ ਡਿਊਟੀ ਕਰ ਰਿਹਾ ਹਾਂ। ਮਿਤੀ 13/14 ਫਰਵਰੀ ਦੀ ਦਰਮਿਆਨੀ ਰਾਤ ਨੂੰ 11 ਨੰ: ਗੋਦਾਮ ਦੇ ਮੇਨ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ ਤੇ ਗੋਦਾਮ ਨੂੰ ਲੱਗੀਆਂ ਹੋਈਆਂ ਜਾਲੀਆਂ ’ਚੋਂ ਇਕ ਜਾਲੀ ਨੂੰ ਜਿਨ੍ਹਾਂ ਦੇ ਅੰਦਰਲੇ ਪਾਸੇ ਨੱਟ ਕਸੇ ਹੁੰਦੇ ਹਨ, ਜਾਲੀ ਵਿਚਦੀ ਕਿਸੇ ਤਰੀਕੇ ਨਾਲ ਨੱਟ ਨੂੰ ਖੋਲ੍ਹ ਕੇ ਜਾਲੀ ਨੂੰ ਖੋਲਿਆ ਗਿਆ ਤੇ 18 ਨੰਬਰ ਚੱਕੇ ’ਚੌਂ ਚੌਲਾਂ (ਜੀਰੀ) ਦੇ 22 ਗੱਟੇ ਕਿਸੇ ਨਾਮਾਲੂਮ ਵਿਅਕਤੀ/ਵਿਅਕਤੀਆਂ ਵੱਲੋਂ ਚੋਰੀ ਕਰ ਲਏ ਗਏ, ਜਿਸ ਸਬੰਧੀ ਅਸੀਂ ਪੜਤਾਲ ਕਰਦੇ ਰਹੇ ਤਾਂ ਸਾਨੂੰ ਪਤਾ ਲੱਗਾ ਕਿ ਜਿਨ੍ਹਾਂ ਨਾ-ਮਾਲੂਮ ਵਿਅਕਤੀਆ ਨੇ ਗੋਦਾਮ ’ਚੋਂ ਚੌਲਾਂ (ਜੀਰੀ) ਦੇ ਗੱਟੇ ਚੋਰੀ ਕੀਤੇ ਹਨ। ਉਨ੍ਹਾਂ ਦੇ ਕ੍ਰਮਵਾਰ ਨਾਂ ਵਿਸ਼ਾਲ ਕੁਮਾਰ ਉਰਫ ਸਨੀ ਪੁੱਤਰ ਬਲਰਾਮ ਪਾਸਵਾਨ, ਵਿਸ਼ਨੂੰ ਕੁਮਾਰ ਪੁੱਤਰ ਸੰਜੇ ਪਾਸਵਾਨ, ਰੋਸ਼ਨ ਪੁੱਤਰ ਮਕਸੂਦਨ, ਸੂਰਜ ਕੁਮਾਰ ਉਰਫ ਕਾਲੀਆ ਪੁੱਤਰ ਰਾਜਨੀਤੀ ਤੇ ਅਮਨ ਯੂਪੀ ਵਾਲਾ ਪੁੱਤਰ ਨਾਮਾਲੂਮ ਹਨ। ਜਿਸ ’ਤੇ ਪੁਲਿਸ ਨੇ ਉਕਤਾਂਨ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕੀਤੀ ਤਾਂ ਦੌਰਾਨੇ ਤਫਤੀਸ਼ ਪੁਲਿਸ ਨੇ ਦੋਸ਼ੀਆਨ ਵਿਸ਼ਨੂੰ ਕੁਮਾਰ, ਸੂਰਜ ਕੁਮਾਰ ਤੇ ਅਮਨ ਕੁਮਾਰ ਉਕਤਾਨ ਨੂੰ ਚੌਲਾਂ ਦੇ 15 ਗੱਟੇ ਬਾਰਦਾਨਾ ਬੋਰੀ ਸਣੇ ਕਾਬੂ ਕੀਤਾ ਤੇ ਨਾਬਾਲਗ ਵਿਸ਼ਾਲ ਕੁਮਾਰ ਉਰਫ ਸਨੀ ਉਕਤ ਨੂੰ ਸ਼ਾਮਲ ਤਫ਼ਤੀਸ਼ ਕੀਤਾ ਗਿਆ। ਜਿਸ ’ਤੇ ਪੁਲਿਸ ਨੇ ਨਾਬਾਲਗ ਸਮੇਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ। ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਨਾਬਾਲਗ ਵਿਸ਼ਾਲ ਨੂੰ ਲੁਧਿਆਣਾ ਜੇਲ੍ਹ ਵਿਖੇ ਭੇਜਿਆ ਗਿਆ। ਜਦਕਿ ਪੁਲਿਸ ਵੱਲੋਂ ਰੋਸ਼ਨ ਪੁੱਤਰ ਮਕਸੂਦਨ ਦੀ ਭਾਲ ਜਾਰੀ ਹੈ, ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਸਹਾਇਕ ਥਾਣੇਦਾਰ ਸਤਿਗੁਰ ਸਿੰਘ, ਮੁੱਖ ਮੁਨਸ਼ੀ ਦਵਿੰਦਰ ਸਿੰਘ, ਹੌਲਦਾਰ ਗੁਰਮੇਲ ਸਿੰਘ ਆਦਿ ਮੌਜੂਦ ਸਨ।