ਜ਼ਿਲ੍ਹੇ ਦੀਆਂ ਪੰਜ ਤਹਿਸੀਲਾਂ ’ਚ ਫ਼ਰਦ ਕੇਂਦਰ ਦਾ ਕੰਮ ਠੱਪ
ਜਿਲ੍ਹੇ ਦੀਆਂ ਪੰਜ ਤਹਿਸੀਲਾਂ ’ਚ ਫ਼ਰਦ ਕੇਂਦਰ ਦਾ ਕੰਮ ਠੱਪ
Publish Date: Thu, 05 Mar 2026 03:54 PM (IST)
Updated Date: Fri, 06 Mar 2026 04:00 AM (IST)

ਫ਼ਰਦ ਕੇਂਦਰ ਮੁਲਾਜ਼ਮ ਨੇ ਮੰਗਾਂ ਨੂੰ ਲੈ ਕੇ ਤਿੰਨ ਰੋਜ਼ਾ ਹੜਤਾਲ ਕੀਤੀ ਸ਼ੁਰੂ, ਫ਼ਰਦ ਕੇਂਦਰ ’ਚ ਪੁੱਜੇ ਲੋਕ ਹੋਏ ਖੱਜਲ-ਖੁਆਰ ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਸੂਬਾ ਪੱਧਰੀ ਸੱਦੇ ’ਤੇ ਜ਼ਿਲ੍ਹਾ ਬਰਨਾਲਾ ਦੀਆਂ ਪੰਜ ਤਹਿਸੀਲਾਂ ਬਰਨਾਲਾ, ਭਦੌੜ, ਤਪਾ, ਮਹਿਲਕਲਾਂ ਤੇ ਧਨੌਲਾ ’ਚ ਫ਼ਰਦ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੂਰਨ ਤੌਰ ’ਤੇ ਕੰਮਕਾਜ ਬੰਦ ਕਰਕੇ ਤਿੰਨ ਰੋਜ਼ਾ ਹੜਤਾਲ ਸ਼ੁਰੂ ਕਰ ਦਿੱਤੀ ਹੈ। ਹੜਤਾਲ ਕਾਰਨ ਫਰਦ ਕੇਂਦਰ ਪੁੱਜੇ ਲੋਕਾਂ ਨੂੰ ਖਾਲੀ ਹੱਥ ਵਾਪਸ ਮੁੜ੍ਹਨ ਲਈ ਮਜ਼ਬੂਰ ਹੋਣਾ ਪਿਆ। ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ : ਆਗੂ ਫ਼ਰਦ ਕੇਂਦਰ ’ਚ ਧਰਨਾ ਲਗਾ ਕੇ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਪ੍ਰਧਾਨ ਸਤਨਾਮ ਸਿੰਘ, ਤੀਰਥ ਸਿੰਘ, ਜਗਸੀਰ ਸਿੰਘ, ਕੁਲਦੀਪ ਕੁਮਾਰ,ਜਗਸੀਰ ਸਿੰਘ, ਬਲਦੇਵ ਸਿੰਘ, ਵੀਰਪਾਲ ਕੌਰ, ਕੰਵਰਜੀਤ ਸਿੰਘ ਆਦਿ ਨੇ ਕਿਹਾ ਕਿ ਉਹ ਕਰੀਬ 20—20 ਸਾਲਾਂ ਤੋਂ ਫ਼ਰਦ ਕੇਂਦਰ ਅੰਦਰ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਦੇ ਆ ਰਹੇ ਹਨ, ਪਰ ਇਸ ਦੇ ਬਵਾਜ਼ੂਦ ਵੀ ਉਨ੍ਹਾਂ ਦੀ ਨੌਕਰੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੰਪਨੀ ਦਾ ਐਗਰੀਮੈਂਟ ਪੂਰਾ ਹੁੰਦਾ ਹੈ ਤਾਂ ਉਨ੍ਹਾ ਦੀ ਨੌਕਰੀ ਨੂੰ ਉਸ ਕੰਪਨੀ ’ਚ ਪੱਕਾ ਕੀਤਾ ਜਾਵੇ ਤੇ ਉਨ੍ਹਾਂ ਨੂੰ 58 ਸਾਲ ਦੀ ਸਰਵਿਸ ਪੂਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁਲਾਜਮ ਬਹੁਤ ਜਿਆਦਾ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰਦੇ ਆ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਘਰਾਂ ਦਾ ਗੁਜਾਰਾ ਬਹੁਤ ਜਿਆਦਾ ਔਖਾ ਚੱਲ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਤਨਖਾਹ 20 ਹਜ਼ਾਰ ਤੋਂ ਜਿਆਦਾ ਕੀਤੀ ਜਾਵੇ। ਮੁਲਾਜ਼ਮਾਂ ਦੀਆਂ ਨੌਕਰੀਆਂ ਨੂੰ ਪੱਕਾ ਕੀਤਾ ਜਾਵੇ ਆਦਿ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਜਲਦ ਨਹੀਂ ਮੰਨਦੀ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। —ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕ ਪਰੇਸ਼ਾਨ ਵੀਰਵਾਰ ਨੂੰ ਫ਼ਰਦ ਕੇਂਦਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਫ਼ਰਦ ਕੇਂਦਰ ਪੁੱਜੇ ਲੋਕਾਂ ਨੂੰ ਕਾਫ਼ੀ ਜਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਪੁੱਜੇ ਹਰਦੇਵ ਸਿੰਘ, ਨਛੱਤਰ ਸਿੰਘ, ਕਰਨੈਲ ਸਿੰਘ, ਗੁਰਦੇਵ ਸਿੰਘ ਆਦਿ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਦੇ ਨੰਬਰ ਲੈਣ ਲਈ ਫ਼ਰਦ ਕੇਂਦਰ ਪੁੱਜੇ ਸਨ, ਪਰ ਮੁਲਾਜ਼ਮਾਂ ਦੀ ਹੜ੍ਹਤਾਲ ਕਾਰਨ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਮੁੜਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਜਲਦ ਮੰਨਣੀਆਂ ਚਾਹੀਦੀਆਂ ਹਨ ਤਾਂ ਜੋ ਲੋਕ ਪ੍ਰੇਸ਼ਾਨ ਨਾ ਹੋਣ। : ਜ਼ਿਲ੍ਹੇ ਦੇ ਫ਼ਰਦ ਕੇਂਦਰਾਂ ’ਚ ਰੋਜ਼ਾਨਾ ਲੱਖਾਂ ਰੁਪਏ ਦੀ ਨਿੱਕਲਦੀ ਹੈ ਫ਼ਰਦ ਜਿਕਰਯੋਗ ਹੈ ਕਿ ਜ਼ਿਲ੍ਹੇ ਦੀਆਂ ਪੰਜ ਤਹਿ਼ਸੀਲਾਂ ਬਰਨਾਲਾ, ਧਨੌਲਾ, ਮਹਿਲਕਲਾ, ਭਦੌੜ ਤੇ ਤਪਾ ’ਚ ਬਣਾਏ ਗਏ ਫ਼ਰਦ ਕੇਂਦਰਾਂ ’ਚ ਰੋਜ਼ਾਨਾ ਵੱਖ-ਵੱਖ ਪਿੰਡਾਂ ਤੋਂ ਲੋਕ ਫ਼ਰਦ ਕਢਵਾਉਂਦੇ ਹਨ। ਬਰਨਾਲਾ ਤਹਿਸ਼ੀਲ ਅੰਦਰ ਬਣੇ ਫ਼ਰਦ ਕੇਂਦਰ ’ਚ ਰੋਜ਼ਾਨਾ 15 ਤੋਂ 20 ਹਜ਼ਾਰ ਰੁਪਏ ਦੇ ਕਰੀਬ ਦੀ ਫ਼ਰਦ ਨਿਕਲਦੀ ਹੈ, ਪਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਰਕਾਰ ਦਾ ਕਾਫ਼ੀ ਜ਼ਿਆਦਾ ਨੁਕਸਾਨ ਹੋਵੇਗਾ।