ਭਾਰਤਮਾਲਾ ਰੋਡ ਲਈ ਜ਼ਮੀਨ ’ਤੇ ਜਬਰੀ ਮਿੱਟੀ ਪਾਉਣ ਦਾ ਵਿਰੋਧ
ਭਾਰਤਮਾਲਾ ਰੋਡ ਲਈ ਜ਼ਮੀਨ ’ਤੇ ਜਬਰੀ ਮਿੱਟੀ ਪਾਉਣ ਦਾ ਵਿਰੋਧ
Publish Date: Sun, 04 Jan 2026 03:58 PM (IST)
Updated Date: Mon, 05 Jan 2026 04:03 AM (IST)
ਕਿਸਾਨ ਰੋਡ ਲਈ ਜ਼ਮੀਨ ਦੇਣ ਨੂੰ ਨਹੀਂ ਤਿਆਰ, ਖੇਤ ’ਚ ਮਿੱਟੀ ਪਾਉਣ ਦਾ ਕੀਤਾ ਵਿਰੋਧ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲਕਲਾਂ : ਭਾਰਤਮਾਲਾ ਪ੍ਰਾਜੈਕਟ ਅਧੀਨ ਪਿੰਡ ਗਹਿਲ ਦੇ ਨਜ਼ਦੀਕ ਸੜਕ ਕੱਢੇ ਜਾਣ ਨੂੰ ਲੈ ਕੇ ਇਕ ਪਰਿਵਾਰ ਦੀ ਜ਼ਮੀਨ ਸੜਕ ਦੇ ਘੇਰੇ ’ਚ ਆਉਣ ਕਾਰਨ ਮਹਿਕਮੇ ਵੱਲੋਂ ਬਿਨਾਂ ਸਹਿਮਤੀ ’ਤੇ ਖੇਤ ਵਿਚ ਮਿੱਟੀ ਪਾਉਣ ਦੇ ਵਿਰੋਧ ਵਿਚ ਪਰਿਵਾਰ ਨੇ ਕਿਸਾਨ ਜਥੇਬੰਦੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਡਟਵਾਂ ਰੋਸ ਪ੍ਰਦਰਸ਼ਨ ਕੀਤਾ। ਪਰਿਵਾਰਕ ਮੈਂਬਰਾਂ ਤੇ ਕਿਸਾਨ ਆਗੂਆਂ ਜਸਪ੍ਰੀਤ ਸਿੰਘ ਜੱਸਾ, ਕੁਲਦੀਪ ਸਿੰਘ, ਜਗਸੀਰ ਸਿੰਘ, ਬਲੌਰ ਸਿੰਘ, ਹਰਪਾਲ ਸਿੰਘ, ਰਣਜੀਤ ਸਿੰਘ, ਕਰਨ ਸਿੰਘ, ਮਨਜੀਤ ਸਿੰਘ, ਗੁਰਜੰਟ ਸਿੰਘ ਅਤੇ ਟਹਿਲ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਭਾਰਤਮਾਲਾ ਰੋਡ ਲਈ ਜਦੋਂ ਉਕਤ ਪਰਿਵਾਰ ਨੇ ਆਪਣੀ ਜ਼ਮੀਨ ਦਾ ਮੁਆਵਜ਼ਾ ਨਾ ਲੈਣ ਤੇ ਜ਼ਮੀਨ ਨਾ ਛੱਡਣ ਬਾਰੇ ਸਪਸ਼ਟ ਰੁਖ ਅਪਣਾਇਆ ਹੋਇਆ ਹੈ, ਤਾਂ ਵੀ ਮਹਿਕਮੇ ਵੱਲੋਂ ਬਿਨਾਂ ਸਹਿਮਤੀ ਅੱਜ ਜਬਰੀ ਤੌਰ ’ਤੇ ਕਿਸਾਨ ਦੇ ਖੇਤ ਵਿਚ ਮਿੱਟੀ ਪਾ ਕੇ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਜਦੋਂ ਪਰਿਵਾਰ ਆਪਣੀ ਜ਼ਮੀਨ ਦੇਣ ਲਈ ਰਾਜ਼ੀ ਨਹੀਂ ਹੈ ਤੇ ਨਾ ਹੀ ਕੋਈ ਲਿਖਤੀ ਸਹਿਮਤੀ ਦਿੱਤੀ ਗਈ ਹੈ, ਤਾਂ ਫਿਰ ਧੱਕੇ ਨਾਲ ਜ਼ਮੀਨ ’ਤੇ ਕਬਜ਼ਾ ਕਰਨਾ ਨਾ ਸਿਰਫ਼ ਗੈਰ-ਕਾਨੂੰਨੀ ਹੈ, ਸਗੋਂ ਕਿਸਾਨਾਂ ਦੇ ਮੂਲ ਹੱਕਾਂ ਦੀ ਸਿੱਧੀ ਉਲੰਘਣਾ ਵੀ ਹੈ। ਪਰਿਵਾਰ ਵੱਲੋਂ ਵਿਰੋਧ ਕਰਨ ’ਤੇ ਕਿਸਾਨ ਜਥੇਬੰਦੀਆਂ ਤੁਰੰਤ ਮੌਕੇ ’ਤੇ ਪਹੁੰਚੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧੱਕੇਸ਼ਾਹੀ ਦੇ ਖ਼ਿਲਾਫ਼ ਡਟ ਕੇ ਖੜ੍ਹਦਿਆਂ ਕੰਮ ਰੁਕਵਾ ਦਿੱਤਾ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਦੀ ਲਿਖਤੀ ਸਹਿਮਤੀ ਤੋਂ ਬਿਨਾਂ ਨਾ ਤਾਂ ਕਿਸੇ ਮਹਿਕਮੇ ਨੂੰ ਅਤੇ ਨਾ ਹੀ ਕਿਸੇ ਸਰਕਾਰ ਨੂੰ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰਨ ਦਿੱਤਾ ਜਾਵੇਗਾ, ਭਾਵੇਂ ਇਸ ਲਈ ਉਨ੍ਹਾਂ ਨੂੰ ਕਿੰਨੀ ਵੀ ਵੱਡੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਆਗੂਆਂ ਨੇ ਸਪਸ਼ਟ ਕੀਤਾ ਕਿ ਕਿਸਾਨ ਆਪਣੀ ਧਰਤੀ ਦੀ ਰੱਖਿਆ ਲਈ ਹਰ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਹਨ ਤੇ ਜੇਕਰ ਭਵਿੱਖ ਵਿਚ ਵੀ ਜਬਰੀ ਕਾਰਵਾਈ ਕੀਤੀ ਗਈ ਤਾਂ ਇਸਦਾ ਜਵਾਬ ਹੋਰ ਤੇਜ਼ ਅਤੇ ਵਿਸ਼ਾਲ ਅੰਦੋਲਨ ਰਾਹੀਂ ਦਿੱਤਾ ਜਾਵੇਗਾ ਰੋਸ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਜਦੋਂ ਤੱਕ ਪਰਿਵਾਰ ਨੂੰ ਭਰੋਸੇ ਵਿੱਚ ਨਹੀਂ ਲਿਆ ਜਾਂਦਾ ਅਤੇ ਕਾਨੂੰਨੀ ਤਰੀਕੇ ਨਾਲ ਮੁਆਵਜ਼ੇ ਸਬੰਧੀ ਗੱਲਬਾਤ ਨਹੀਂ ਹੁੰਦੀ, ਉਦੋਂ ਤੱਕ ਜ਼ਮੀਨ ’ਤੇ ਕਿਸੇ ਵੀ ਤਰ੍ਹਾਂ ਦਾ ਕੰਮ ਨਾ ਕੀਤਾ ਜਾਵੇ।