ਕਮਰਸ਼ੀਅਲ ਗੈਸ ਸਪਲਾਈ ਬੰਦ ਹੋਣ ਕਾਰਨ ਢਾਬਾ ਸੰਚਾਲਕ ਪਰੇਸ਼ਾਨ
ਗੈਸ ਸਿਲੰਡਰਾਂ ਨੂੰ ਲੈ ਕੇ ਲੋਕਾਂ ’ਚ ਬਣੀ ਚਿੰਤਾ, ਕਮਰਸ਼ੀਅਲ ਗੈਸ ਸਪਲਾਈ ਬੰਦ ਹੋਣ ਕਾਰਨ ਢਾਬਾ ਸੰਚਾਲਕ ਪ੍ਰੇਸ਼ਾਨ
Publish Date: Sat, 14 Mar 2026 05:20 PM (IST)
Updated Date: Sun, 15 Mar 2026 04:07 AM (IST)

ਗੈਸ ਸਿਲੰਡਰਾਂ ਨੂੰ ਲੈ ਕੇ ਲੋਕਾਂ ’ਚ ਬਣੀ ਚਿੰਤਾ, ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਖਾੜੀ ਦੇਸ਼ਾਂ ’ਚ ਜਾਰੀ ਈਰਾਨ ਇਜ਼ਰਾਈਲ ਜੰਗ ਦੀ ਤਪਸ਼ ਹੁਣ ਸਰਹੱਦਾਂ ਪਾਰ ਕਰਨ ਲੱਗ ਗਈ ਹੈ। ਜੰਗ ਦੀ ਮਾਰ ਕਾਰਨ ਗੈਸ ਸਿਲੰਡਰਾਂ ਦੀ ਬੁਕਿੰਗ ’ਤੇ ਬ੍ਰੇਕ ਲੱਗ ਰਹੀ ਹੈ, ਜਿਸ ਕਾਰਨ ਲੋਕਾਂ ’ਚ ਭਾਰੀ ਚਿੰਤਾ ਬਣੀ ਹੋਈ ਹੈ। ਉੱਥੇ ਹੀ ਕਮਰਸ਼ੀਅਲ ਬਿਲਿੰਗ ਬੰਦ ਹੋਣ ਕਾਰਨ ਹੋਟਲ ਤੇ ਢਾਬਾ ਸੰਚਾਲਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਵੇਰ ਤੋਂ ਹੀ ਗੈਸ ਏਜੰਸੀਆਂ ਅੱਗੇ ਲਾਇਨਾਂ ਲਗਾ ਕੇ ਖੜ੍ਹਨ ਲਈ ਮਜ਼ਬੂਰ ਹੋ ਚੁੱਕੇ ਹਨ। ਪੇਸ਼ ਹਨ ਕੁੱਝ ਸ਼ਖਸੀਅਤਾਂ ਦੇ ਵਿਚਾਰ। ਸਵੇਰ ਤੋਂ ਲੱਗ ਰਹੀਆਂ ਨੇ ਲਾਈਨਾਂ : ਅਕਸ਼ਿਤ ਗਰਗ ਅਕਸ਼ਿਤ ਗਰਗ ਐੱਮਡੀ ਜੀਈ ਮਾਲ ਨੇ ਕਿਹਾ ਕਿ ਪੰਜਾਬ ਅੰਦਰ ਗੈਸ ਸਿਲੰਡਰਾਂ ਦੀ ਬੁਕਿੰਗ ਨੂੰ ਲੈ ਕੇ ਚਾਰੇ ਪਾਸੇ ਹਲਚਲ ਪੈਦਾ ਹੋ ਗਈ ਹੈ। ਲੋਕ ਸਵੇਰ ਤੋਂ ਹੀ ਗੈਸ ਏਜੰਸੀਆਂ ਅੱਗੇ ਲੰਮੀਆਂ ਲਾਈਨਾ ’ਚ ਖੜ੍ਹੇ ਹੋ ਕੇ ਸਿੰਲਡਰਾਂ ਦੀ ਮੰਗ ਕਰ ਰਹੇ ਹਨ, ਇੱਥੇ ਸ਼ਹਿਣਾ ’ਚ ਸਿਲੰਡਰ ਲਈ ਲਾਈਨ ਲੱਗੇ ਇੱਕ ਬਜ਼ੁਰਗ ਦੀ ਮੌਤ ਵੀ ਹੋ ਚੁੱਕੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਇਸ ਸਮੱਸਿਆ ਦਾ ਰਾਹਤ ਦਿਵਾਈ ਜਾਵੇ। ਕਮਰਸ਼ੀਅਲ ਗੈਸ ਸਪਲਾਈ ਹੋਈ ਬੰਦ : ਨਵੀਨ ਭਾਰਦਵਾਜ ਨਵੀਨ ਭਾਰਦਵਾਜ ਐੱਮਡੀ ਸਰੂਰ ਕਲੱਬ ਬਰਨਾਲਾ ਨੇ ਕਿਹਾ ਕਿ ਜੰਗ ਦੀ ਮਾਰ ਕਾਰਨ ਕਮਰਸ਼ੀਅਲ ਬਿਲਿੰਗ ਬੰਦ ਹੋਣ ਕਾਰਨ ਢਾਬਾ ਸੰਚਾਲਕਾਂ ਤੇ ਹੋਟਲ ਮਾਲਕਾਂ ’ਚ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੋ ਚੁੱਕੇ ਹਨ। ਇਸ ਦੀ ਮਾਰ ਖਾਣ ਪੀਣ ਦੇ ਖੇਤਰ ’ਤੇ ਸਿੱਧੀ ਪੈ ਰਹੀ ਹੈ। ਹੋਟਲ ਤੇ ਢਾਬਾ ਉਦਯੋਗ ਪੂਰੀ ਤਰ੍ਹਾਂ ਕਮਰਸੀਅਲ ਗੈਸ ਸਿਲੰਡਰ ’ਤੇ ਨਿਰਭਰ ਹਨ। ਸਪਲਾਈ ਰੁਕਣ ਨਾਲ ਕਈ ਛੋਟੇ ਢਾਬਿਆਂ ਨੂੰ ਤਾਲੇ ਲੱਗਣ ਦੀ ਨੌਬਤ ਆ ਗਈ ਹੈ। : ਕਾਲਾਬਾਜ਼ਾਰੀ ਦਾ ਖਦਸਾ ਤੇ ਮਹਿੰਗਾਈ ਦੀ ਮਾਰ : ਸਮਰਜੀਤ ਸਿੰਘ ਮਾਨ : ਸਮਾਜਸੇਵੀ ਸਮਰਜੀਤ ਸਿੰਘ ਮਾਨ ਨੇ ਕਿਹਾ ਕਿ ਗੈਰ ਦੀ ਕਮੀ ਨੇ ਬਾਜ਼ਾਰ ’ਚ ਕਾਲਾਬਜ਼ਾਰੀ ਦੀਆਂ ਸੰਭਾਵਨਾਵਾਂ ਨੂੰ ਵੀ ਪ੍ਰਬਲ ਕਰ ਦਿੱਤਾ ਹੈ। ਕਿੱਲਤ ਦਾ ਫਾਇਦਾ ਉਠਾ ਕੇ ਕੁੱਝ ਸ਼ਰਾਰਤੀ ਅਨਸਰ ਸਿਲੰਡਰਾਂ ਨੂੰ ਉੱਚੀਆਂ ਕੀਮਤਾਂ ’ਤੇ ਵੇਚਣ ਦੀ ਤਾਕ ’ਚ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੰਗ ਦੇ ਨਾਂ ’ਤੇ ਸਪਲਾਈ ਨੂੰ ਪ੍ਰਭਾਵਿਤ ਨਾ ਕੀਤਾ ਜਾਵੇ ਤੇ ਪ੍ਰਸ਼ਾਸਨ ਗੈਸ ਏਜੰਸੀਆਂ ’ਤੇ ਤਿੱਖੀ ਨਜ਼ਰ ਰੱਖੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਆ ਸਕੇ। ਰੋਜੀ ਰੋਟੀ ਲਈ ਵੀ ਬਣਿਆ ਸੰਕਟ : ਗੁਰਪ੍ਰੀਤ ਰੂੜੇਕੇ ਮਜ਼ਦੂਰ ਆਗੂ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਬੰਦ ਹੋਣ ਕਾਰਨ ਇਸ ਦੇ ਨਤੀਜੇ ਆਉਣ ਵਾਲੇ ਦਿਨਾਂ ’ਚ ਗੰਭੀਰ ਦੇਖਣ ਨੂੰ ਮਿਲ ਸਕਦੇ ਹਨ। ਰੇਹੜੀ ਫ਼ੜੀ ਵਾਲਿਆਂ ਕੋਲ ਸਿਲੰਡਰਾਂ ਦਾ ਬੈਕਅੱਪ ਨਹੀਂ ਹੁੰਦਾ, ਕੰਮ ਬੰਦ ਹੋਣ ਦਾ ਮਤਬਲ ਹੈ ਉਨ੍ਹਾਂ ਦੀ ਰੋਜ਼ਾਨਾ ਦੀ ਕਮਾਈ ਦਾ ਰੁਕ ਜਾਣਾ। ਕਮਰਸ਼ੀਅਲ ਗੈਸ ਦੀ ਕਮੀ ਕਾਰਨ ਤਿਆਰ ਖਾਣੇ ਦੀ ਕੀਮਤਾਂ ’ਚ 10 ਤੋਂ 20 ਫ਼ੀਸਦੀ ਤੱਕ ਵਾਧਾ ਹੋਣ ਦੀ ਸੰਭਾਵਨਾ ਹੈ।