ਗਰੀਨ ਫ਼ੀਲਡ ਸਕੂਲ ’ਚ ਮਹਿਲਾ ਦਿਵਸ ਮਨਾਇਆ
ਗਰੀਨ ਫ਼ੀਲਡ ਸਕੂਲ ’ਚ ਮਹਿਲਾ ਦਿਵਸ ਧੂਮਧਾਮ ਨਾਲ ਮਨਾਇਆ
Publish Date: Sun, 08 Mar 2026 04:39 PM (IST)
Updated Date: Mon, 09 Mar 2026 04:01 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਗਰੀਨ ਫ਼ੀਲਡ ਕਾਨਵੈਂਟ (ਸੈਕੰਡਰੀ) ਸਕੂਲ ਦਾਨਗੜ੍ਹ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੈਡਮ ਅਮਨਦੀਪ ਦੁਆਰਾ ਮਹਿਲਾ ਦਿਵਸ ਬਾਰੇ ਚਾਨਣਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਸਮਾਜ ’ਚ ਮਹਿਲਾਵਾਂ ਦੀ ਮਹੱਤਤਾ, ਉਨ੍ਹਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀਆਂ ਉਪਲੱਬਧੀਆਂ ਨੂੰ ਸਨਮਾਨ ਦੇਣਾ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਮਹਾਨ ਔਰਤਾਂ ਬਾਰੇ ਜਾਣਕਾਰੀ ਦਿੱਤੀ। ਜੋ ਸਮਾਜ ’ਚ ਬਹੁਤ ਵੱਡੇ ਬਦਲਾਵ ਲਿਆਉਂਦੀਆਂ ਰਹੀਆਂ ਹਨ। ਉਦਾਹਰਨ ਵਜੋਂ, ਰੋਜਾ ਪਾਰਕਸ, ਜੋ ਅਫਰੀਕੀ-ਅਮਰੀਕੀ ਸਿਵਿਲ ਰਾਈਟਸ ਦੀ ਲੀਡਰ ਰਹੀ, ਮਲਾਲਾ ਯੂਸੁਫਜ਼ੈ, ਜੋ ਵਿਦਿਆ ਅਤੇ ਲੜਕਿਆਂ ਦੇ ਹੱਕਾਂ ਲਈ ਲੜਦੀ ਰਹੀ, ਜਾਂ ਕਲਾਰਾ ਬੋਟਸ, ਜੋ ਇਟਲੀ ’ਚ ਲਿੰਗ ਬਰਾਬਰੀ ਲਈ ਲੜੀ। ਇਨ੍ਹਾਂ ਬਾਰੇ ਜਾਣਨ ਦਾ ਭਾਵ ਹੈ ਕਿ ਸਾਨੂੰ ਪ੍ਰੇਰਣਾ ਮਿਲੇ ਤੇ ਅਸੀਂ ਵੀ ਸਮਾਜ ’ਚ ਸਕਾਰਾਤਮਕ ਬਦਲਾਵ ਲਿਆ ਸਕੀਏ ਅਤੇ ਪਤਾ ਚੱਲ ਸਕੇ ਕਿ ਇਹ ਮਹਿਲਾ ਦਿਵਸ ਸਾਡੇ ਸਮਾਜ ’ਚ ਕਿਉਂ ਮਨਾਇਆ ਜਾਂਦਾ ਹੈ? ਇਹ ਦਿਵਸ ਮਹਿਲਾਵਾਂ ਨੂੰ ਸਿੱਖਿਆ, ਨੌਕਰੀ ਅਤੇ ਸਮਾਨ ਅਧਿਕਾਰ ਮਿਲਣ ਦੀ ਮਹੱਤਤਾ ਦੱਸਣ ਲਈ, ਸਮਾਨਤਾ ਦਾ ਸੰਦੇਸ਼ ਦੇਣ ਲਈ ਲੋਕਾਂ ਨੂੰ ਯਾਦ ਦਿਵਾਇਆ ਜਾਂਦਾ ਹੈ ਕਿ ਪੁਰਸ਼ ਅਤੇ ਮਹਿਲਾ ਦੋਵੇਂ ਸਮਾਨ ਹਨ। ਮਹਿਲਾਵਾਂ ਪ੍ਰੇਰਿਤ ਹੋ ਕੇ ਆਪਣੇ ਸੁਪਨੇ ਪੂਰੇ ਕਰਨ ਅਤੇ ਜੀਵਨ ’ਚ ਅੱਗੇ ਵਧਣ। ਉਨ੍ਹਾਂ ਕਿਹਾ ਕਿ ਕਲਪਨਾ ਚਾਵਲਾ ਭਾਰਤ ’ਚ ਜਨਮੀ ਪਹਿਲੀ ਮਹਿਲਾ ਅੰਤਰਿਕਸ਼ ਯਾਤਰੀ ਸੀ। ਮੇਰੀ ਕੌਮ ਭਾਰਤ ਦੀ ਪ੍ਰਸਿੱਧ ਮੁੱਕੇਬਾਜ਼ ਹੈ। ਉਸ ਨੇ ਕਈ ਵਾਰ ਵਿਸ਼ਵ ਚੈਂਪੀਅਨਸ਼ਿਪ ਜਿੱਤੀ। ਮਦਰ ਟੇਰੇਸਾ ਨੇ ਗਰੀਬ ਅਤੇ ਬੀਮਾਰ ਲੋਕਾਂ ਦੀ ਸੇਵਾ ਕੀਤੀ। ਉਸ ਨੇ ਆਪਣੀ ਪੂਰੀ ਜ਼ਿੰਦਗੀ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤੀ। ਇਸ ਮੌਕੇ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਨੂੰ ਕਾਰਡ ਬਣਾ ਕੇ ਦਿੱਤੇ ਗਏ। ਇਸ ਮੌਕੇ ਚੇਅਰਮੈਨ ਸੁਖਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਹਿਲਾਵਾਂ ਘਰ ਅਤੇ ਸਮਾਜ ਦੋਵਾਂ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਹ ਮਾਂ, ਭੈਣ, ਧੀ ਅਤੇ ਪਤਨੀ ਦੇ ਰੂਪ ’ਚ ਪਰਿਵਾਰ ਨੂੰ ਮਜ਼ਬੂਤ ਬਣਾਉਂਦੀਆਂ ਹਨ ਅਤੇ ਸਮਾਜ ਦੇ ਵਿਕਾਸ ’ਚ ਆਪਣਾ ਵੱਡਾ ਯੋਗਦਾਨ ਪਾਉਂਦੀਆਂ ਹਨ। ਇਸ ਮੌਕੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਜਸਵੀਰ ਕੌਰ, ਇੰਚਾਰਜ ਅਜਿੰਦਰਪਾਲ ਟਿਵਾਣਾ, ਸੀਨੀਅਰ ਕੋਆਰਡੀਨੇਅਰ ਅਮਨਪ੍ਰੀਤ ਆਦਿ ਹਾਜ਼ਰ ਸਨ।