ਕੋਈ ਵੀ ਵਿਅਕਤੀ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਨਹੀਂ ਕਰੇਗਾ : ਜ਼ਿਲ੍ਹਾ ਮੈਜਿਸਟਰੇਟ
ਜ਼ਿਲ੍ਹੇ ਅੰਦਰ ਕੋਈ ਵੀ ਵਿਅਕਤੀ ਸਰਕਾਰੀ ਜ਼ਮੀਨ ’ਤੇ ਨਜਾਇਜ਼ ਕਬਜ਼ਾ ਨਹੀ ਕਰੇਗਾ: ਜ਼ਿਲ੍ਹਾ ਮੈਜਿਸਟਰੇਟ
Publish Date: Tue, 07 Apr 2026 05:46 PM (IST)
Updated Date: Wed, 08 Apr 2026 04:03 AM (IST)

ਮਜ਼ਦੂਰ ਰੱਖਣ ਤੋਂ ਪਹਿਲਾਂ ਸਥਾਈ ਪਤੇ ਸਮੇਤ ਹੋਰ ਰਿਕਾਰਡ ਰੱਖਣ ਦੀ ਹਦਾਇਤ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ: ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਨੇ ਭਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਕੋਈ ਵੀ ਵਿਅਕਤੀ ਸਰਕਾਰੀ ਸੜਕ, ਰਸਤੇ ਤੇ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਨਹੀਂ ਕਰ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਹਦਾਇਤ ਕੀਤੀ ਕਿ ਜ਼ਿਲ੍ਹਾ ਬਰਨਾਲਾ ਅੰਦਰ ਪੋਲਟਰੀ ਫਾਰਮਾਂ, ਰਾਈਸ ਸ਼ੈਲਰਾਂ, ਭੱਠਿਆਂ ਤੇ ਹੋਰ ਲਘੂ ਉਦਯੋਗਾਂ ਦੇ ਮਾਲਕ ਤੇ ਘਰੇਲੂ ਨੌਕਰ ਰੱਖਣ ਵਾਲੇ ਆਪਣੇ ਅਧੀਨ ਕੰਮ ਕਰਨ ਵਾਲੇ ਵਿਅਕਤੀਆਂ ਦਾ ਨਾਮ ਤੇ ਮੁਕੰਮਲ ਪੱਕਾ ਪਤਾ, 3 ਤਸਵੀਰਾਂ (ਸੱਜੇ, ਖੱਬੇ ਤੇ ਸਾਹਮਣੇ ਤੋਂ ਪੋਜ) ਆਪਣੇ ਘਰਾਂ ’ਚ ਰਜਿਸਟਰ ਲਾ ਕੇ ਰੱਖਣ ਤੇ ਉਨ੍ਹਾਂ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਦੇ ਪਤੇ ਲਿਖ ਕੇ ਰੱਖੇ ਜਾਣ ਤੇ ਨੌਕਰ ਦੀ ਤਨਖਾਹ ’ਚੋਂ 100/200 ਰੁਪਏ ਦਾ ਮਨੀ ਆਰਡਰ ਉਸਦੇ ਨਜ਼ਦੀਕੀ ਰਿਸ਼ਤੇਦਾਰ ਦੇ ਪਤੇ ’ਤੇ ਭੇਜਣ, ਮਨੀ ਆਰਡਰ ਪਹੁੰਚਣ ਉਪਰੰਤ ਰਸੀਦ ਦੀ ਫੋਟੋ ਕਾਪੀ ਨੂੰ ਆਪਣੇ ਕਬਜ਼ੇ ’ਚ ਰੱਖਣ। ਨੌਕਰ ਦੇ ਹੱਥਾਂ ਤੇ ਉਂਗਲਾਂ ਦੇ ਨਿਸ਼ਾਨ ਸਬੰਧਤ ਮਾਲਕ ਆਪਣੇ ਰਜਿਸਟਰ ’ਚ ਦਰਜ਼ ਕਰਨ ਤੇ ਇਹ ਸਾਰਾ ਰਿਕਾਰਡ ਸਬੰਧਤ ਪੁਲਿਸ ਥਾਣਾ ਅਤੇ ਚੌਕੀ ’ਚ ਦਰਜ਼ ਕਰਾਉਣਾ ਯਕੀਨੀ ਬਣਾਉਣਗੇ। ਇਸੇ ਤਰ੍ਹਾਂ ਮਕਾਨ ਮਾਲਕ ਵੀ ਆਪਣੇ ਮਕਾਨ ’ਚ ਰੱਖੇ ਜਾਣ ਵਾਲੇ ਕਿਰਾਏਦਾਰਾਂ ਦਾ ਪੂਰਾ ਵੇਰਵਾ ਸਬੰਧਤ ਥਾਣੇ/ਪੁਲਿਸ ਚੌਕੀ ’ਚ ਦਰਜ਼ ਕਰਵਾਉਣ। ਉਪਰੋਕਤ ਹੁਕਮ 13 ਮਈ 2026 ਤਕ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।