ਹੈਰੋਇਨ ਸਮੇਤ ਦੋ ਕਾਰ ਸਵਾਰ ਕਾਬੂ
ਹੈਰੋਇਨ ਸਮੇਤ ਦੋ ਕਾਰ ਸਵਾਰ ਕਾਬੂ
Publish Date: Sat, 04 Apr 2026 03:46 PM (IST)
Updated Date: Sun, 05 Apr 2026 03:59 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀਐੱਸਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 10.96 ਗ੍ਰਾਮ ਹੈਰੋਇਨ ਸਮੇਤ ਕਾਰ ਸਵਾਰ ਦੋ ਜਣਿਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਤਪਾ ਪੁਲਿਸ ਦੀ ਸਹਾਇਕ ਥਾਣੇਦਾਰ ਮੈਡਮ ਨਿੰਦਰਪਾਲ ਕੌਰ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਮੇਨ ਹਾਈਵੇ ਰੋਡ ਬਠਿੰਡਾ ਬਰਨਾਲਾ ਹਾਈਟੈਕ ਨਾਕੇ ’ਤੇ ਤਪਾ ਵਿਖੇ ਮੌਜੂਦ ਸੀ। ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਦੋਸ਼ੀ ਪ੍ਰਸਵਿੰਦਰ ਸਿੰਘ ਸਿੱਧੂ ਉਰਫ ਪੁਸੀ ਪੁੱਤਰ ਗੁਰਨੈਬ ਸਿੰਘ ਅਤੇ ਅਮਰਿੰਦਰ ਸਿੰਘ ਉਰਫ ਗੋਲਡਾ ਪੁੱਤਰ ਰਵਿੰਦਰਜੀਤ ਸਿੰਘ ਵਾਸੀਆਂਨ ਮਹਿਤਾ ਜੋ ਬਾਹਰੋਂ ਨਸ਼ੀਲਾ ਪਦਾਰਥ ਲਿਆ ਕੇ ਅੱਗੇ ਵੇਚਣ ਦੇ ਆਦੀ ਹਨ, ਜੋ ਅੱਜ ਵੀ ਆਪਣੀ ਕਾਰ ’ਤੇ ਸਵਾਰ ਹੋ ਕੇ ਮਾਤਾ ਦਾਤੀ ਵਾਲੇ ਕੱਚਾ ਰਾਸਤਾ ਤਪਾ ’ਤੇ ਦੇਖੇ ਗਏ ਹਨ। ਜਿਸ ’ਤੇ ਪੁਲਿਸ ਨੇ ਤੁਰੰਤ ਹਰਕਤ ’ਚ ਆਉਂਦਿਆਂ ਦੋਸ਼ੀਆਨ ਉਕਤਾਨ ਨੂੰ ਕਾਰ ਸਣੇ ਕਾਬੂ ਕਰ ਕੇ ਉਨ੍ਹਾਂ ਕੋਲੋਂ 10.96 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਉਕਤ ਦੋਸ਼ੀਆਂਨ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਸਹਾਇਕ ਥਾਣੇਦਾਰ ਹਰਵਿੰਦਰ ਪਾਲ ਸਿੰਘ, ਹੌਲਦਾਰ ਇਕਬਾਲ ਸਿੰਘ, ਸੁਰਜੀਤ ਸਿੰਘ ਆਦਿ ਪੁਲਿਸ ਮੁਲਾਜ਼ਮ ਮੌਜੂਦ ਸਨ।