ਰੁੱਖ ਪੁੱਟਣ ਸਬੰਧੀ ਵਾਤਾਵਰਨ ਪ੍ਰੇਮੀਆਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ’ਚ ਪਾਈ ਰਿੱਟ
ਨਗਰ ਸੁਧਾਰ ਟਰੱਸਟ ਬਰਨਾਲਾ ਵੱਲੋਂ ਰੁੱਖ ਪੁੱਟਣ ਸਬੰਧੀ ਵਾਤਾਵਰਨ ਪ੍ਰੇਮੀਆਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ’ਚ ਪਾਈ ਰਿੱਟ
Publish Date: Tue, 17 Feb 2026 04:33 PM (IST)
Updated Date: Wed, 18 Feb 2026 04:03 AM (IST)

ਜ਼ਿਲ੍ਹਾ ਬਰਨਾਲਾ ’ਚ ਹੋ ਰਹੀ ਹੈ ਹਾਈਕੋਰਟ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ-ਕਾਹਨੇਕੇ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਨਗਰ ਸੁਧਾਰ ਟਰੱਸਟ ਬਰਨਾਲਾ ਦੀ 25 ਏਕੜ ਸਕੀਮ ਤਹਿਤ ਜਗ੍ਹਾਂ ’ਚੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਸੈਂਕੜੇ ਹਰੇ ਭਰੇ 50 ਸਾਲ ਪੁਰਾਣੇ ਰੁੱਖ ਪੁੱਟਣ ਵਾਲੇ ਵਿਅਕਤੀਆਂ ਤੇ ਟਰੱਸਟ ਦੇ ਪ੍ਰਬੰਧਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਜ਼ਿਲ੍ਹਾ ਬਰਨਾਲਾ ਦੇ ਵਾਤਾਵਰਨ ਪ੍ਰੇਮੀਆਂ ਨੇ ਇਕੱਠੇ ਹੋ ਕੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਦੀ ਅਗਵਾਈ ’ਚ ਭਾਰਤ ਦੀ ਅਦਾਲਤ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਵਿਖੇ ਪਟੀਸ਼ਨ ਪਾ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਘਟਨਾ ਸਥਾਨ ’ਤੇ ਆਪਣੇ ਸਾਥੀਆਂ ਸਮੇਤ ਜਾਣਕਾਰੀ ਦਿੰਦੇ ਹੋਏ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਦੱਸਿਆ ਪੰਜਾਬ ’ਚ ਵਣ ਏਰੀਆ 3.67 ਫੀਸਦੀ ਜੋ ਰਾਜਸਥਾਨ 4.87 ਤੋਂ ਵੀ ਘੱਟ ਚੁਕਿਆ ਹੈ। ਜੋ ਕਿ ਬਹੁੱਤ ਹੀ ਚਿੰਤਾ ਦਾ ਵਿਸ਼ਾ ਹੈ। ਇਸ ਕਰਕੇ ਪੰਜਾਬ ਦੇ ਵਾਤਾਵਰਨ ਦੇ ਹਾਲਾਤਾਂ ਤੇ ਚਿੰਤਾ ਜਾਹਰ ਕਰਦਿਆਂ ਤੇ ਪੰਜਾਬ ਦੇ ਅਧਿਕਾਰੀਆਂ ਵੱਲੋਂ ਰੁੱਖਾਂ ਦੀ ਸੰਭਾਲ ਕਰਨ ’ਚ ਅਸਮਰੱਥਾ ਸਾਹਮਣੇ ਆਉਣ ਕਰਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਦੇ ਡਬਲ ਬੈਚ ਨੇ 25 ਦਸੰਬਰ 2025 ਨੂੰ ਇਕ ਜਨਹਿੱਤ ਪਟੀਸ਼ਨ ’ਚ ਹੁਕਮ ਪਾਸ ਕਰਦਿਆਂ ਪੰਜਾਬ ਭਰ ’ਚ ਹਰੇ ਭਰੇ ਹਰ ਇਕ ਉਮਰ ਤੇ ਹਰ ਇਕ ਕਿਸਮ ਦੇ ਰੁੱਖ ਬਿਨਾ ਹਾਈਕੋਰਟ ਦੀ ਮਨਜ਼ੂਰੀ ਤੋਂ ਕੱਟਣ ’ਤੇ ਪੂਰਨ ਪਾਬੰਦੀ ਲਗਾਈ ਸੀ। ਮਾਨਯੋਗ ਹਾਈਕੋਰਟ ਨੇ 3 ਦਸੰਬਰ 2021 ਨੂੰ ਜਨਹਿਤ ਪਟੀਸ਼ਨ ਨੰਬਰ 201 ਆਫ 2021 ’ਚ ਮਿਤੀ 3 ਦਸੰਬਰ 2021 ਨੂੰ ਪੰਜਾਬ ਸਰਕਾਰ ਤੇ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਸਨ ਕਿ ਪੰਜਾਬ ਦੀਆਂ ਸਾਰੀਆਂ ਸਾਂਝੀਆਂ ਥਾਂਵਾਂ, ਸ਼ਾਮਲਾਤ ਜ਼ਮੀਨਾਂ, ਸੜਕਾਂ, ਪੰਚਾਇਤੀ ਰਸਤੇ ਤੇ ਪਹੀਆਂ, ਸਕੂਲ, ਕਾਲਜ, ਗਰਾਊਂਡ, ਸਰਕਾਰੀ ਦਫ਼ਤਰਾਂ ਤੇ ਸਾਰੀਆਂ ਸਰਕਾਰੀ ਸੰਮਤੀਆਂ ’ਚ ਖੜ੍ਹੇ ਸਾਰੇ ਰੁੱਖਾਂ ’ਤੇ ਨੰਬਰ ਲਗਾ ਕੇ ਵਿਸ਼ੇਸ਼ ਰਿਕਾਰਡ ਤਿਆਰ ਕਰ ਕੇ ਰੱਖਿਆ ਜਾਵੇ। ਜ਼ਿਲ੍ਹਾ ਬਰਨਾਲਾ ’ਚ ਕਿਸੇ ਵੀ ਸਰਕਾਰੀ ਸੰਮਤੀਆਂ ’ਚ ਖੜ੍ਹੇ ਰੁੱਖਾਂ ’ਤੇ ਨੰਬਰ ਲਗਾ ਕੇ ਰਿਕਾਰਡ ਤਿਆਰ ਨਹੀਂ ਕੀਤਾ ਗਿਆ ਹੈ। ਜ਼ਿਲ੍ਹਾ ਬਰਨਾਲਾ ’ਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਗੈਰ ਕਾਨੂੰਨੀ 50 ਸਾਲ ਪੁਰਾਣੇ ਹਰੇ ਭਰੇ ਰੁੱਖਾਂ ਦੀ ਨਾਜਾਇਜ਼ ਕਟਾਈ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਪ੍ਰਬੰਧਕਾਂ ਨੇ ਬਿਨਾ ਕਿਸੇ ਮਨਜ਼ੂਰੀ ਦੇ ਗੈਰ ਕਾਨੂੰਨੀ 25 ਏਕੜ ਸਕੀਮ ਵਾਲੀ ਜਗ੍ਹਾ ’ਚੋਂ ਕਰੀਬ 140 ਹਰੇ ਭਰੇ ਸਰਕਾਰੀ 50 ਸਾਲ ਪੁਰਾਣੇ ਰੁੱਖ ਪੁੱਟ ਦਿੱਤੇ ਹਨ। ਬਲਾਕ ਸ਼ਹਿਣਾ ਦੇ ਪਿੰਡ ਬਦਰਾ ਦੀਆਂ ਸੜਕਾਂ ਤੋਂ ਸਰਕਾਰੀ ਸੈਂਕੜੇ ਰੁੱਖ ਗੈਰ ਕਾਨੂੰਨੀ ਪੁੱਟੇ ਗਏ ਹਨ। ਬਲਾਕ ਮਹਿਲ ਕਲਾਂ ਦੇ ਪਿੰਡ ਬਖ਼ਤਗੜ੍ਹ ਦੀ ਪੰਚਾਇਤੀ ਜ਼ਮੀਨ ’ਚੋਂ 20 ਹਰੇ ਭਰੇ ਰੁੱਖ ਗੈਰ ਕਾਨੂੰਨੀ ਪੁੱਟੇ ਗਏ, ਪਿੰਡ ਧਨੇਰ ਦੀ ਸਰਕਾਰੀ ਜ਼ਮੀਨ ’ਚੋਂ ਕਰੀਬ 40 ਹਰੇ ਭਰੇ ਰੁੱਖ ਗੈਰ ਕਾਨੂੰਨੀ ਪੁੱਟੇ ਗਏ ਹਨ। ਪੁੱਡਾ ਮਾਰਕੀਟ ਬਰਨਾਲਾ ’ਚੋਂ 100 ਸਾਲ ਪੁਰਾਣਾ ਨਿੰਮ ਦਾ ਰੁੱਖ ਗੈਰ ਕਾਨੂੰਨੀ ਵੱਢਿਆ ਗਿਆ ਹੈ। ਸਾਰੀਆਂ ਘਟਨਾਵਾਂ ਸਬੰਧੀ ਦਰਖ਼ਾਸਤਾਂ ਦੇਣ ਦੇ ਬਾਵਜੂਦ ਜ਼ਿਲ੍ਹੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਸਰਕਾਰੀ ਰੁੱਖ ਪੁੱਟਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂਨੀ ਕਾਰਵਾਈ ਨਹੀਂ ਕੀਤੀ ਹੈ। ਨਗਰ ਸੁਧਾਰ ਟਰੱਸਟ ਬਰਨਾਲਾ ਦੇ ਪ੍ਰਬੰਧਕਾਂ ਨੇ 27 ਸਤੰਬਰ 2021 ਨੂੰ ਵੀ ਹਰੇ ਭਰੇ ਰੁੱਖਾਂ ਨੂੰ ਗੈਰ ਕਾਨੂੰਨੀ ਵੱਢਿਆ ਸੀ। ਜਿਸ ਕਰਕੇ ਜ਼ਿਲੇ ਦੇ ਵਾਤਾਵਰਨ ਪ੍ਰੇਮੀਆਂ ਨੇ ਇਕੱਠੇ ਹੋ ਕੇ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਵਿਖੇ ਵਿਸ਼ੇਸ਼ ਪਟੀਸਨ ਪਾ ਕੇ ਗੈਰ ਕਾਨੂੰਨੀ ਰੁੱਖ ਵੱਢਣ ਵਾਲੇ ਸਾਰੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਕੱਤਰ ਹੋਏ ਸਮੂਹ ਵਾਤਾਵਰਨ ਪ੍ਰੇਮੀਆਂ ਨੇ ਡੀਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਨਗਰ ਸੁਧਾਰ ਟਰੱਸਟ ਬਰਨਾਲਾ, ਪੁੱਡਾ ਮਾਰਕੀਟ ਬਰਨਾਲਾ, ਪਿੰਡ ਧਨੇਰ, ਬਖ਼ਤਗੜ੍ਹ, ਬਦਰਾ ਵਿਖੇ ਗੈਰ ਕਾਨੂੰਨੀ ਰੁੱਖ ਪੁੱਟਣ ਵਾਲੇ ਸਾਰੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪੰਚ ਦਵਿੰਦਰ ਸਿੰਘ ਬਖਤਗੜ੍ਹ, ਨੀਲਾ ਸਿੰਘ ਬਖਤਗੜ੍ਹ, ਤਰਨਜੀਤ ਸਿੰਘ ਦੁਗਲ, ਸਾਬਕਾ ਸਰਪੰਚ ਭੁਪਿੰਦਰ ਸਿੰਘ ਧਨੇਰ, ਕੁਲਬੀਰ ਸਿੰਘ, ਕੁਲਦੀਪ ਸਿੰਘ, ਰਾਜੂ ਧੌਲਾ, ਸਾਹਿਬ ਸੰਧੂ ਭਦੌੜ ਹਰਿਆਵਲ ਲਹਿਰ ਭਦੌੜ, ਅਵਤਾਰ ਸਿੰਘ ਚੀਮਾ, ਬਲਵੀਰ ਸਿੰਘ ਧਾਲੀਵਾਲ ਚੀਮਾ, ਬੂਟਾ ਸਿੰਘ ਜਵੰਦਾ ਪਿੰਡੀ, ਆਕਾਸ਼ਦੀਪ ਸਿੰਘ ਭਦੌੜ ਤੋਂ ਇਲਾਵਾ ਵਾਤਾਵਰਨ ਪ੍ਰੇਮੀ ਹਾਜ਼ਰ ਸਨ। ::ਬਾਕਸ ਨਿਊਜ:: 100 ਸਾਲ ਪੁਰਾਣੇ ਨਿੰਮ ਦੇ ਰੁੱਖ ਨੂੰ ਵੱਢਣ ਵਾਲੇ ਠੇਕੇਦਾਰ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ -ਦਸੰਬਰ ਮਹੀਨੇ ਪੁੱਡਾ ਮਾਰਕੀਟ ਬਰਨਾਲਾ ਵਿਖੇ ਕਰੀਬ 100 ਸਾਲ ਪੁਰਾਣੇ ਨਿੰਮ ਦੇ ਰੁੱਖ ਨੂੰ ਗੈਰ ਕਾਨੂੰਨੀ ਵੱਢਣ ਵਾਲੇ ਠੇਕੇਦਾਰ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਪੁੱਡਾ ਦੇ ਅਧਿਕਾਰੀ ਐਕਸੀਅਨ ਤੇ ਐਸ.ਡੀ.ਓ ਨੇ ਪੁਲਿਸ ਨੂੰ ਪੱਤਰ ਲਿਖ ਕੇ ਦੋਸੀਆਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸੰਪਰਕ ਕਰਨ ’ਤੇ ਪੁੱਡਾ ਦੇ ਐਕਸੀਅਨ ਸੰਦੀਪ ਸ਼ਰਮਾ ਨੇ ਕਿਹਾ ਕਿ ਇਸ ਸਬੰਧੀ ਜਾਣਕਾਰੀ ਐਸ.ਡੀ.ਓ ਦੇਣਗੇ। ਐਸ.ਡੀ.ਓ ਪੁੱਡਾ ਸੰਦੀਪ ਸ਼ਰਮਾ ਨੇ ਕਿਹਾ ਕਿ ਪੁੱਡਾ ਮਾਰਕੀਟ ਨਜਦੀਕ ਅਲਾਲ ਸਿਟੀ ਬਰਨਾਲਾ ’ਚੋਂ ਦਸੰਬਰ ਮਹੀਨੇ ਗੈਰ ਕਾਨੂੰਨੀ ਬਿਨਾ ਕਿਸੇ ਮਨਜ਼ੂਰੀ ਦੇ ਨਿੰਮ ਦਾ ਹਰਿਆ ਭਰਿਆ ਰੁੱਖ ਵੱਢਣ ਵਾਲੇ ਠੇਕੇਦਾਰ ਖਿਲਾਫ਼ ਬਣਦੀ ਪੁਲਿਸ ਕਾਰਵਾਈ ਕਰਨ ਲਈ ਬਰਨਾਲਾ ਪੁਲਿਸ ਅਧਿਕਾਰੀਆਂ ਨੂੰ ਪੱਤਰ ਲਿਖਿਆ ਗਿਆ ਹੈ। ਦੋਸੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲੇ ਦੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਕਿਹਾ ਕਿ ਸਬੰਧਿਤ ਵਿਭਾਗ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਦੋ ਮਹੀਨੇ ਬੀਤਣ ਦੇ ਬਾਵਜੂਦ ਕਿਸੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਿਰਫ਼ ਕਾਗਜੀ ਪੱਤਰ ਲਿਖ ਕੇ ਖਾਨਾਪੂਰਤੀ ਕੀਤੀ ਜਾਂਦੀ ਹੈ। ਜੇਕਰ ਇਸ ਨਿੰਮ ਨੂੰ ਵੱਢਣ ਦੇ ਖਿਲਾਫ਼ ਜ਼ਿਲੇ ਦੇ ਵਾਤਾਵਰਨ ਪ੍ਰੇਮੀ ਰੋਸ਼ ਪ੍ਰਦਰਸ਼ਨ ਨਾ ਕਰਦੇ ਤਾਂ ਕਿਸੇ ਖਿਲਾਫ਼ ਕੋਈ ਕਾਰਵਾਈ ਲਈ ਪੱਤਰ ਨਹੀਂ ਲਿਖਿਆ ਜਾਣਾ ਸੀ। ਜਦੋ ਕਿਤੇ ਰੁੱਖਾਂ ਨੂੰ ਵੱਢਣ ਨੂੰ ਲੈ ਕੇ ਜ਼ਿਲੇ ਵਾਤਾਵਰਨ ਪ੍ਰੇਮੀਆਂ ਵਲੋਂ ਰੋਸ ਦਾ ਪ੍ਰਗਟਾਵਾ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਜ਼ਿਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਿਰਫ਼ ਪੱਤਰ ਲਿਖ ਕੇ ਖਾਨਾਪੂਰਤੀ ਕੀਤੀ ਜਾਂਦੀ ਹੈ, ਤੁਰੰਤ ਕਿਸੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਡੀਸੀ ਬਰਨਾਲਾ ਤੋਂ ਮੰਗ ਕੀਤੀ ਕਿ ਪੁੱਡਾ ਮਾਰਕੀਟ ’ਚੋਂ ਪੁਰਾਣਾ ਨਿੰਮ ਦਾ ਰੁੱਖ ਇਕੱਲੇ ਠੇਕੇਦਾਰ ਨੇ ਨਹੀਂ ਵੱਢਿਆ ਹੈ। ਇਸ ਵਿਚ ਹੋਰ ਵੀ ਵਿਅਕਤੀਆਂ ਦੀ ਸਮੂਲੀਅਤ ਹੈ। ਨਿੰਮ ਵੱਢਣ ਵਾਲੇ ਸਾਰੇ ਦੋਸੀਆਂ ਸਮੇਤ ਟਰੈਕਟਰ ਟਰਾਲੀ ਦੇ ਖਿਲਾਫ਼ ਤੁਰੰਤ ਮੁਕੱਦਮਾ ਦਰਜ ਕਰਕ ਦੋਸੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।