ਕੋਆਪਰੇਟਿਵ ਸੋਸਾਇਟੀ ਪੱਖੋਂ ਕਲਾਂ ਦੇ ਪ੍ਰਬੰਧਾਂ 'ਚੋਂ ਆਉਣ ਲੱਗੀ ਭ੍ਰਿਸ਼ਟਾਚਾਰ ਦੀ ਬੋਅ;
ਕੋਆਪਰੇਟਿਵ ਸੋਸਾਇਟੀ ਪੱਖੋਂ ਕਲਾਂ ਦੇ ਪ੍ਰਬੰਧਾਂ 'ਚੋਂ ਆਉਣ ਲੱਗੀ ਭ੍ਰਿਸ਼ਟਾਚਾਰ ਦੀ ਬੋਅ
Publish Date: Mon, 08 Jun 2026 07:09 PM (IST)
Updated Date: Tue, 09 Jun 2026 04:08 AM (IST)

ਸੰਦਾਂ ਦੇ ਕਿਰਾਏ ਦੀ ਨਹੀਂ ਦਿੱਤੀ ਜਾ ਰਹੀ ਕੋਈ ਰਸੀਦ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਹਿਕਾਰੀ ਸਭਾਵਾਂ (ਕੋਆਪਰੇਟਿਵ ਸੋਸਾਇਟੀਆਂ) ਜੋ ਕਿ ਕਿਸਾਨਾਂ ਦੀ ਸਹੂਲਤ ਤੇ ਖੇਤੀਬਾੜੀ ਨੂੰ ਹੁਲਾਰਾ ਦੇਣ ਲਈ ਬਣਾਈਆਂ ਗਈਆਂ ਹਨ, ਹੁਣ ਖੁਦ ਵਿਵਾਦਾਂ ਦੇ ਘੇਰੇ ਚ ਆਉਂਦੀਆਂ ਦਿਖਾਈ ਦੇ ਰਹੀਆਂ ਹਨ। ਤਾਜ਼ਾ ਮਾਮਲਾ ਦਾ ਕੋਆਪਰੇਟਿਵ ਸੋਸਾਇਟੀ ਪੱਖੋਂ ਕਲਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਪ੍ਰਬੰਧਕੀ ਨਿਜ਼ਾਮ ਵਿੱਚੋਂ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਦੀ ਬੋਅ ਆਉਣ ਲੱਗੀ ਹੈ। ਸੁਸਾਇਟੀ ਦੇ ਖੁਦ ਮੈਂਬਰਾਂ ਤੇ ਸਥਾਨਕ ਲੋਕਾਂ ਵੱਲੋਂ ਪ੍ਰਬੰਧਕਾਂ ਤੇ ਵਿੱਤੀ ਗੜਬੜੀਆਂ ਦੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ। ਕਿਸਾਨਾਂ ਤੇ ਸੁਸਾਇਟੀ ਮੈਂਬਰਾਂ ਨੇ ਸਹਿਕਾਰੀ ਵਿਭਾਗ ਦੇ ਆਲਾ ਅਧਿਕਾਰੀਆਂ ਅਤੇ ਪ੍ਰਸ਼ਾਸਨ ਸਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਕਿ ਇਹ ਵਿਭਾਗ ਖੁਦ ਮੁੱਖ ਮੰਤਰੀ ਕੋਲ ਹਨ, ਤੇ ਉਹ ਭਰਿਸ਼ਟਾਚਾਰ ਦੇ ਸਖਤ ਖਿਲਾਫ ਹਨ। ਪਿੰਡ ਪੱਖੋ ਕਲਾਂ ਦੇ ਇਸ ਸੁਸਾਇਟੀ ਨਾਲ ਜੁੜੇ ਕਿਸਾਨਾਂ ਨੇ ਜਾਂਚ ਦੀ ਮੰਗ ਕੀਤੀ ਤਾਂ ਜੋ ਰੋਜ਼ਾਨਾ ਹੋਣ ਵਾਲੀ ਨਗਦ ਉਗਰਾਹੀ ਦਾ ਸੱਚ ਸਾਹਮਣੇ ਆ ਸਕੇ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। --ਖੇਤੀਬਾੜੀ ਸੰਦਾਂ ਦੇ ਕਿਰਾਏ ਚ ਵੱਡੀ ਹੇਰਾਫੇਰੀ ਦੇ ਮੀਤ ਪ੍ਰਧਾਨ ਤੇ ਮੈਂਬਰ ਨੇ ਲਗਾਏ ਦੋਸ਼ ਕਈ ਦਿਨਾਂ ਤੋਂ ਦਾ ਕੋਅਪਰੇਟਿਵ ਸੋਸਾਇਟੀ ਪੱਖੋਂ ਕਲਾਂ ਦੇ ਸੋਸਾਇਟੀ ਮੈਂਬਰ ਤੇ ਸੈਕਟਰੀ ਵਿਚਕਾਰ ਚੱਲ ਰਹੇ ਮੱਤਭੇਦ ਠੱਲਣ ਦਾ ਨਾਮ ਨਹੀਂ ਲੈ ਰਹੇ, ਸੋਮਵਾਰ ਬਾਅਦ ਦੁਪਹਿਰ ਇਸੇ ਸੁਸਾਇਟੀ ਦੇ ਮੀਤ ਪ੍ਰਧਾਨ ਜਸਵੀਰ ਸਿੰਘ ਤੇ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਜਿਲ੍ਹੇਦਾਰ ਸਣੇ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਦੇ ਨਿੱਜੀ ਸਹਾਇਕ ਕਿਸਾਨ ਆਗੂ ਗੁਰਪ੍ਰੀਤ ਸਿੰਘ ਗੋਪਾ ਦੇ ਦੱਸਣ ਅਨੁਸਾਰ ਸੁਸਾਇਟੀ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਦੇ ਸੰਦ ਰੋਜ਼ਾਨਾ ਕਿਰਾਏ ਤੇ ਦਿੱਤੇ ਜਾਂਦੇ ਹਨ। ਨਿਯਮਾਂ ਮੁਤਾਬਕ ਇਸ ਕਿਰਾਏ ਦੀ ਬਕਾਇਦਾ ਰਸੀਦ ਕੱਟਣੀ ਲਾਜ਼ਮੀ ਹੁੰਦੀ ਹੈ। ਪਰ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਤੇ ਸੈਕਟਰੀ ਜਸਵਿੰਦਰ ਕੌਰ ਤੇ ਦੋਸ਼ ਲਗਾਉਂਦਿਆਂ ਉਹਨਾਂ ਕਿਹਾ ਕਿ ਇਨ੍ਹਾਂ ਖੇਤੀਬਾੜੀ ਦੇ ਸੰਦਾਂ ਦੇ ਰੋਜ਼ਾਨਾ ਵਸੂਲੇ ਜਾ ਰਹੇ ਨਗਦ ਕਿਰਾਏ ਦੀ ਕੋਈ ਵੀ ਸਰਕਾਰੀ ਜਾਂ ਗੈਰ ਸਰਕਾਰੀ ਰਸੀਦ ਕਿਸਾਨਾਂ ਨੂੰ ਨਹੀਂ ਦਿੱਤੀ ਜਾ ਰਹੀ। ਇਸ ਕਾਰਨ ਲੱਖਾਂ ਰੁਪਏ ਦੇ ਨਗਦ ਲੈਣ-ਦੇਣ ਦਾ ਕੋਈ ਬੀ ਰਿਕਾਰਡ ਸੁਸਾਇਟੀ ਦੇ ਰਿਕਾਰਡ ਨਾ ਹੋਣ ਕਾਰਨ ਵੱਡੇ ਘੁਟਾਲੇ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। : ਖੁਦ ਮੀਤ ਪ੍ਰਧਾਨ ਤੇ ਮੈਂਬਰ ਨੇ ਖੋਲ੍ਹੇ ਪ੍ਰਬੰਧਕਾਂ ਦੇ ਪੋਲ ਇਸ ਮਾਮਲੇ ਚ ਸਭ ਤੋਂ ਹੈਰਾਨੀਜਨਕ ਮੋੜ ਉਦੋਂ ਆਇਆ ਜਦੋਂ ਸੁਸਾਇਟੀ ਦੇ ਖੁਦ ਮੀਤ ਪ੍ਰਧਾਨ ਜਸਵੀਰ ਸਿੰਘ ਤੇ ਮੈਂਬਰ ਗੁਰਪ੍ਰੀਤ ਸਿੰਘ ਜਿਲ੍ਹੇਦਾਰ ਨੇ ਪ੍ਰਬੰਧਕੀ ਢਾਂਚੇ ਤੇ ਸਵਾਲ ਖੜ੍ਹੇ ਕਰ ਦਿੱਤੇ। ਮੀਤ ਪ੍ਰਧਾਨ ਨੇ ਪ੍ਰਸ਼ਾਸਨ ਤੇ ਮੀਡੀਆ ਸਾਹਮਣੇ ਦੋਸ਼ ਲਗਾਉਂਦਿਆਂ ਕਿਹਾ ਕਿ ਮੈਂ ਖੁਦ ਸੁਸਾਇਟੀ ਤੋਂ ਖੇਤੀਬਾੜੀ ਸੰਦ ਕਿਰਾਏ ਤੇ ਲਏ ਸਨ, ਜਿਸ ਦੇ ਬਦਲੇ ਮੈਂ 5,000 ਰੁਪਏ ਨਗਦ ਕਿਰਾਇਆ ਅਦਾ ਕੀਤਾ। ਪਰ ਵਾਰ-ਵਾਰ ਮੰਗਣ ਦੇ ਬਾਵਜੂਦ ਮੈਨੂੰ ਇਸ ਦੀ ਕੋਈ ਰਸੀਦ ਨਹੀਂ ਦਿੱਤੀ ਗਈ। ਜਦੋਂ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਹੀ ਅਜਿਹਾ ਵਤੀਰਾ ਕੀਤਾ ਜਾ ਰਿਹਾ ਹੈ, ਤਾਂ ਆਮ ਇਸ ਸੁਸਾਇਟੀ ਨਾਲ ਜੁੜੇ 1740 ਕਿਸਾਨਾਂ ਦੀ ਸਥਿਤੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। --ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆਏ ਸੈਕਟਰੀ ਅਤੇ ਪ੍ਰਧਾਨ ਜਦੋਂ ਇਸ ਪੂਰੇ ਘਪਲੇ ਸਬੰਧੀ ਸੁਸਾਇਟੀ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਦਾ ਰਵੱਈਆ ਗੈਰ-ਜ਼ਿੰਮੇਵਾਰਾਨਾ ਰਿਹਾ। ਸੁਸਾਇਟੀ ਦੀ ਸੈਕਟਰੀ ਜਸਵਿੰਦਰ ਕੌਰ ਨਾਲ ਜਦੋਂ ਇਸ ਵਿੱਤੀ ਗੜਬੜੀ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਪੱਲਾ ਝਾੜਦਿਆਂ ਕਿਹਾ ਕਿ, ਇਸ ਬਾਰੇ ਤੁਸੀਂ ਪ੍ਰਧਾਨ ਜੀ ਨਾਲ ਗੱਲ ਕਰੋ, ਮੈਨੂੰ ਇਸ ਸਬੰਧੀ ਕੁਝ ਨਹੀਂ ਪਤਾ। ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠੇ ਅਧਿਕਾਰੀ ਵੱਲੋਂ ਅਜਿਹਾ ਜਵਾਬ ਮਿਲਣਾ ਕਈ ਸ਼ੰਕੇ ਪੈਦਾ ਕਰਦਾ ਹੈ। ਜਦੋਂ ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਵਤੀਰਾ ਹੋਰ ਵੀ ਅਜੀਬ ਰਿਹਾ। ਉਨ੍ਹਾਂ ਨੇ ਫੋਨ ਚੁੱਕਣ ਉਪਰੰਤ ਸਿਰਫ਼ ਹੈਲੋ ਹੈਲੋ ਹੈਲੋ... ਕਰਕੇ ਨੈੱਟਵਰਕ ਪ੍ਰਾਬਲਮ ਦਾ ਬਹਾਨਾ ਬਣਾਉਂਦੇ ਹੋਏ ਫੋਨ ਕੱਟ ਦਿੱਤਾ। ਇਸ ਤੋਂ ਬਾਅਦ ਜਦੋਂ ਦੋ-ਤਿੰਨ ਹੋਰ ਵੱਖ-ਵੱਖ ਨੰਬਰਾਂ ਤੋਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਬ ਹੀ ਨਹੀਂ ਸਮਝਿਆ, ਜੋ ਕਿ ਉਨ੍ਹਾਂ ਦੇ ਪੱਖ ਨੂੰ ਸ਼ੱਕ ਦੇ ਘੇਰੇ ਚ ਖੜ੍ਹਾ ਕਰਦਾ ਹੈ। --ਕੋਈ ਵੀ ਮੈਂਬਰ ਤੋਂ ਲੈ ਸਕਦਾ ਹੈ ਮਤੇ ਦੀ ਕਾਪੀ: ਏ.ਆਰ. ਇਸ ਪੂਰੇ ਵਿਵਾਦ ਸਬੰਧੀ ਜਦੋਂ ਸਬੰਧਿਤ ਏ.ਆਰ. ਰੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਸੁਸਾਇਟੀ ਦੇ ਕੰਮਕਾਜ ਚ ਪਾਰਦਰਸ਼ਤਾ ਹੋਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਆਮ ਨਾਗਰਿਕ ਆਰ.ਟੀ.ਆਈ. (RTI) ਰਾਹੀਂ ਜਾਂ ਸੁਸਾਇਟੀ ਦਾ ਕੋਈ ਵੀ ਮੈਂਬਰ ਸਿੱਧੇ ਤੌਰ ਤੇ ਸੋਸਾਇਟੀ ਦੇ ਮਤੇ ਦੀ ਕਾਪੀ ਲੈ ਸਕਦਾ ਹੈ।