ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਉੱਚ ਅਧਿਕਾਰੀ ਕੀਤੇ ਤਲਬ
ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਸੰਗਰੂਰ ਦੇ ਉੱਚ ਅਧਿਕਾਰੀ ਕੀਤੇ ਤਲਬ
Publish Date: Thu, 19 Mar 2026 05:15 PM (IST)
Updated Date: Fri, 20 Mar 2026 04:07 AM (IST)

ਮਾਮਲਾ ਉੱਭਾਵਾਲ ਰੋਡ ਉੱਪਰ ਬਣੇ ਪਲੰਥਾਂ ’ਤੇ ਕਣਕ ਸਟੋਰ ਨਾ ਕਰਨ ਦਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸੰਗਰੂਰ ਦੇ ਉੱਭਾਵਾਲ ਰੋਡ ਉੱਪਰ ਅਨਾਜ ਨੂੰ ਸਟੋਰ ਕਰਨ ਲਈ ਓਪਨ ਪਲੰਥ ਬਣੇ ਹੋਏ ਹਨ, ਇਨ੍ਹਾਂ ਪਲੰਥਾਂ ਉੱਪਰ ਪੀੜਤ ਧਿਰ ਸੰਜੇ ਗਰਗ ਬਾਸੀ ਸੰਗਰੂਰ ਨੇ ਅਨਾਜ ਨੂੰ ਸਟੋਰ ਕਰਨ ਲਈ ਐਗਰੀਮੈਂਟ ਕੀਤਾ ਹੋਇਆ ਹੈ। ਪੀੜਤ ਧਿਰ ਵੱਲੋਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਗਈਆਂ ਹਨ ਤੇ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਵੱਲੋਂ ਇਸ ਨੂੰ ਅਨਾਜ ਸਟੋਰ ਕਰਨ ਲਈ ਮਾਣਤਾ ਦਿੱਤੀ ਸੀ ਪਰ ਕੁਝ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਸੰਜੇ ਗਰਗ ਵੱਲੋਂ ਵਾਰ-ਵਾਰ ਅਧਿਕਾਰੀਆਂ ਨੂੰ ਉਸ ਦੇ ਹੋ ਰਹੇ ਆਰਥਿਕ, ਮਾਨਸਿਕ ਨੁਕਸਾਨ ਬਾਰੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਦੱਸਿਆ ਪਰ ਅਧਿਕਾਰੀਆਂ ਨੇ ਪੀੜਤ ਧਿਰ ਦੀ ਕੋਈ ਗੱਲ ਨਹੀਂ ਸੁਣੀ। ਇਸ ’ਤੇ ਪੀੜਤ ਧਿਰ ਨੇ ਅਦਾਲਤ ਦਾ ਰੁੱਖ ਕੀਤਾ। ਇਸ ’ਚ ਅਦਾਲਤ ਨੇ ਪੀੜਤ ਧਿਰ ਦੇ ਹੱਕ ’ਚ ਫੈਸਲਾ ਸੁਣਾਉਂਦਿਆਂ ਉਸ ਵੇਲੇ ਦੇ ਅਧਿਕਾਰੀਆਂ ਨੂੰ ਤੁਰੰਤ ਅਨਾਜ ਸਟੋਰ ਕਰਨ ਦੇ ਹੁਕਮ ਦਿੱਤੇ ਪਰ ਅਧਿਕਾਰੀਆਂ ਨੇ ਮਾਣਯੋਗ ਅਦਾਲਤ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਇਸ ਨੂੰ ਅਣਗੌਲਿਆ ਕਰ ਦਿੱਤਾ। ਇਸ ਨਾਲ ਪੀੜਤ ਧਿਰ ਦਾ ਵੱਡਾ ਆਰਥਿਕ ਨੁਕਸਾਨ ਹੋਇਆ। ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵੱਲੋਂ ਸੰਗਰੂਰ ਵਿਖੇ ਉੱਭਾਵਾਲ ਰੋਡ ’ਤੇ ਬਣੇ ਪਲਿੰਥ ਉੱਪਰ ਅਨਾਜ ਨਾ ਲੱਗਣ ਕਾਰਨ ਅਤੇ 11 ਅਗਸਤ 2020 ਨੂੰ ਹਾਈਕੋਰਟ ਵੱਲੋਂ ਦਿੱਤੇ ਗਏ ਆਦੇਸ਼ਾਂ ਦੀ ਉਲੰਘਣਾ ਕਰਨ ਤੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਉਸ ਵੇਲੇ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੰਜੇ ਗਰਗ ਦੇ ਨਾਲ ਸਹਿਮਤ ਹੁੰਦਿਆਂ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ’ਚ ਜਿਤੇਂਦਰ ਜੋਰਵਾਲ ਡਿਪਟੀ ਕਮਿਸ਼ਨਰ ਕਮ ਜਿਲਾ ਮੈਜਿਸਟ੍ਰੇਟ, ਸੰਗਰੂਰ, ਵਿਕਾਸ ਗਰਗ ਉਪ ਚੇਅਰਮੈਨ ਪਨਗ੍ਰੇਨ ਪੰਜਾਬ, ਪੁਨੀਤ ਗੋਇਲ ਮੈਨੇਜਿੰਗ ਡਾਇਰੈਕਟਰ ਪਨਗ੍ਰੇਨ, ਪੰਜਾਬ, ਗੁਰਪ੍ਰੀਤ ਸਿੰਘ ਕੰਗ ਜ਼ਿਲਾ ਮੈਨੇਜਰ ਪਨਗ੍ਰੇਨ, ਸੰਗਰੂਰ, ਬੀ ਸ੍ਰੀਨਿਵਾਸਨ ਜਨਰਲ ਮੈਨੇਜਰ ਐਫ.ਸੀ.ਆਈ. ਪੰਜਾਬ, ਸਚਿਨ ਕਟਾਰੀਆ ਡਵੀਜ਼ਨਲ ਮੈਨੇਜਰ ਐਫ.ਸੀ.ਆਈ. ਸੰਗਰੂਰ, ਸੁਰਿੰਦਰ ਪਾਲ ਸਿੰਘ ਪੰਨੂ ਤਹਿਸੀਲਦਾਰ ਕਮ ਡਿਊਟੀ ਮੈਜਿਸਟਰੇਟ ਸੰਗਰੂਰ, ਮਨੋਜ ਗੋਰਸੀ ਡੀ.ਐੱਸ.ਪੀ. ਸੰਗਰੂਰ, ਗੁਰਮੇਲ ਸਿੰਘ ਐਸ.ਐੱਚ.ਓ. ਥਾਣਾ ਸਿਟੀ 1 ਸੰਗਰੂਰ ਅੱਗੇ ਪੰਜਾਬ ਹਰਿਆਣਾ ਹਾਈ ਕੋਰਟ ਇਸ ਮਾਮਲੇ ’ਚ ਕੀ ਐਕਸ਼ਨ ਲੈਂਦਾ ਹੈ ਇਹ ਅਦਾਲਤੀ ਕਾਰਵਾਈ ਤਰੀਕ ਉਪਰੰਤ ਹੀ ਪਤਾ ਚੱਲੇਗਾ।